ਬਠਿੰਡਾ (ਵਿਜੇ ਵਰਮਾ) : ਸ਼ਹਿਰ ਦੇ ਜੋਗੀ ਨਗਰ ’ਚ ਬੁੱਧਵਾਰ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 21 ਸਾਲਾ ਨੌਜਵਾਨ ਨੇ ਆਪਣੇ ਘਰ ’ਚ ਫ਼ਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਤੋਂ ਕੁੱਝ ਸਮਾਂ ਪਹਿਲਾਂ ਨੌਜਵਾਨ ਨੇ ਘਰ ’ਚ ਜ਼ੋਰਦਾਰ ਹੰਗਾਮਾ ਕੀਤਾ ਅਤੇ ਛੱਤ ’ਤੇ ਜਾ ਕੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇਕ ਇੱਟ ਗੁਆਂਢ ’ਚ ਰਹਿਣ ਵਾਲੀ ਕੁੜੀ ਦੇ ਸਿਰ ’ਚ ਜਾ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਸ ਹੰਗਾਮੇ ਤੋਂ ਕੁੱਝ ਸਮੇਂ ਬਾਅਦ ਨੌਜਵਾਨ ਦੀ ਲਾਸ਼ ਘਰ ਦੀ ਉੱਪਰਲੀ ਮੰਜ਼ਿਲ ’ਤੇ ਬਣੇ ਕਮਰੇ ’ਚ ਫ਼ਾਹੇ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਦੀਪਾਂਸ਼ੂ ਪੁੱਤਰ ਮਹਿੰਦਰਪਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਾਂਸ਼ੂ ਨਸ਼ੇ ਦਾ ਆਦੀ ਸੀ ਅਤੇ ਉਸ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ। ਬੁੱਧਵਾਰ ਸ਼ਾਮ ਨੂੰ ਉਸ ਨੇ ਘਰ ’ਚ ਝਗੜਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਉਹ ਛੱਤ ’ਤੇ ਚਲਾ ਗਿਆ ਅਤੇ ਉਥੋਂ ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਅਚਾਨਕ ਇਕ ਇੱਟ ਗੁਆਂਢ ’ਚ ਰਹਿਣ ਵਾਲੀ ਕੁੜੀ ਦੇ ਸਿਰ ’ਚ ਲੱਗ ਗਈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਜ਼ਖਮੀ ਕੁੜੀ ਨੂੰ ਇਲਾਜ ਲਈ ਹਸਪਤਾਲ ਲੈ ਗਏ। ਰਾਤ ਨੂੰ ਜਦੋਂ ਪਰਿਵਾਰਕ ਮੈਂਬਰ ਉੱਪਰਲੇ ਕਮਰੇ ’ਚ ਪਹੁੰਚੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ। ਦੀਪਾਂਸ਼ੂ ਕਮਰੇ ’ਚ ਫ਼ਾਹੇ ਨਾਲ ਲਟਕ ਰਿਹਾ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਸ ਟੀਮ ਦੇ ਮੌਕੇ ’ਤੇ ਪਹੁੰਚਣ ਤੋਂ ਬਾਅਦ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਾਲੰਟੀਅਰ ਸੁਮਿਤ ਮਹੇਸ਼ਵਰੀ ਅਤੇ ਆਕਾਸ਼ ਗਰਗ ਵੀ ਮੌਕੇ ’ਤੇ ਪਹੁੰਚੇ।
ਪੁਲਸ ਦੀ ਮੁੱਢਲੀ ਕਾਰਵਾਈ ਤੋਂ ਬਾਅਦ ਵਾਲੰਟੀਅਰਾਂ ਨੇ ਲਾਸ਼ ਨੂੰ ਫ਼ਾਹੇ ਤੋਂ ਹੇਠਾਂ ਉਤਾਰਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਦੀਪਾਂਸ਼ੂ ਆਪਣੀ ਮਾਂ ਅਤੇ ਭੈਣ ਦਾ ਇਕਲੌਤਾ ਸਹਾਰਾ ਸੀ। ਸ਼ਾਮ ਨੂੰ ਹੋਏ ਹੰਗਾਮੇ ਤੋਂ ਬਾਅਦ ਰਾਤ ਨੂੰ ਉਸ ਵੱਲੋਂ ਚੁੱਕੇ ਗਏ ਇਸ ਖ਼ੁਦਕੁਸ਼ੀ ਦੇ ਕਦਮ ਨੇ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਖ਼ੁਦਕੁਸ਼ੀ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਨਾਭਾ 'ਚ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਡੇਰਾ ਬਿਆਸ ਮੁਖੀ, ਸੰਗਤ ਦਾ ਆਇਆ ਹੜ੍ਹ
NEXT STORY