ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਜ਼ਿੱਦੀ ਤੇ ਅੜੀਅਲ ਰਵੱਈਏ ਕਾਰਣ ਸਿਆਸੀ ਹਲਕਿਆਂ ਵਿਚ ਅੱਜਕਲ ਕਾਫੀ ਛਾਏ ਹੋਏ ਹਨ ਕਿਉਂਕਿ ਪੰਜਾਬ ਵਿਚ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਾਲ ਜ਼ਿਮਨੀ ਚੋਣ ਵਿਚ ਸਿਆਸੀ ਤੌਰ 'ਤੇ ਦੋ ਹੱਥ ਕਰਨੇ ਹੀ ਸਨ ਕਿਉਂਕਿ 2 ਹਲਕੇ ਦਾਖਾ ਤੇ ਜਲਾਲਾਬਾਦ ਵਿਚ ਕਾਂਗਰਸ ਨਾਲ ਅਕਾਲੀਆਂ ਦੀ ਸਿੱਧੀ ਟੱਕਰ ਹੋਣ ਜਾ ਰਹੀ ਹੈ ਪਰ ਸੁਖਬੀਰ ਬਾਦਲ ਨੇ ਹੁਣ ਤਾਂ ਆਪਣੀ ਗਠਜੋੜ ਭਾਈਵਾਲ ਭਾਜਪਾ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਖਿਲਾਫ ਵੀ ਝੰਡਾ ਚੁੱਕ ਲਿਆ ਹੈ।
ਹਰਿਆਣਾ ਵਿਚ ਬੈਠੇ ਚਾਚਾ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਨਾਲ ਗਠਜੋੜ ਕਰ ਕੇ 5 ਸੀਟਾਂ ਲੈ ਕੇ ਭਾਜਪਾ ਨੂੰ ਚਾਚੇ ਨਾਲ ਰਲ ਕੇ ਹਰਿਆਣੇ ਵਿਚ ਦਿਨੇ ਤਾਰੇ ਦਿਖਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਸਿਆਸੀ ਹਲਕਿਆਂ ਵਿਚ ਹੁਣ ਲੋਕ ਚਰਚਾ ਕਰਨ ਲੱਗ ਪਏ ਹਨ ਕਿ ਪੰਜਾਬ ਵਿਚ ਤਾਂ ਮੰਨਿਆ ਕਿ ਸੁਖਬੀਰ ਬਾਦਲ ਦਾ ਕੈਪਟਨ ਸਰਕਾਰ ਨਾਲ ਪੇਚਾ ਪੈਣਾ ਸੀ ਪਰ ਹਰਿਆਣੇ ਵਿਚ ਵੀ ਆਪਣੇ ਸਾਥੀਆਂ ਨੂੰ ਘੇਰਨ ਤੁਰ ਪਏ। ਪੰਜਾਬ ਦੀਆਂ 2 ਜ਼ਿਮਨੀ ਚੋਣਾਂ ਤੇ ਹਰਿਆਣਾ ਦੀਆਂ 5 ਸੀਟਾਂ 'ਤੇ ਹੁਣ ਸੁਖਬੀਰ ਬਾਦਲ ਜਿੱਤ ਲਈ ਸਿਰ ਤੋਂ ਲੈ ਕੇ ਪੈਰਾਂ ਤੱਕ ਜ਼ੋਰ ਲਾਉਣ ਦੀਆਂ ਕੋਸ਼ਿਸ਼ਾਂ ਕਰਨਗੇ।
ਸਿਆਸੀ ਮਾਹਿਰਾਂ ਅਨੁਸਾਰ ਸੁਖਬੀਰ ਬਾਦਲ ਦਾ ਹੁਣ ਧਿਆਨ ਹਰਿਆਣਾ ਵੱਲ ਹੋਵੇਗਾ ਕਿਉਂਕਿ ਉਹ ਜਾਣਦੇ ਹਨ ਕਿ ਪੰਜਾਬ ਵਿਚ 2022 ਵਿਚ ਕਾਂਗਰਸ ਨਾਲ ਦਸਤਪੰਜਾ ਪਵੇਗਾ ਪਰ ਹਰਿਆਣੇ ਵਿਚ ਹੁਣ ਨਵੀਂ ਸਰਕਾਰ ਬਣਨ ਜਾ ਰਹੀ ਹੈ। ਇਸ ਲਈ ਆਪਣੀ ਸਰਕਾਰ ਬਣਾਉਣ ਬਣਾਉਣ ਦਾ ਤਵਾਜਨ ਉਨ੍ਹਾਂ ਅਤੇ ਚੌਟਾਲੇ ਦੇ ਹੱਥ ਹੋਵੇਗਾ।
ਮੀਂਹ ਕਾਰਨ ਇਕ ਹਫਤੇ ਲਈ ਰੁਕਿਆ ਕਰਤਾਰਪੁਰ ਲਾਂਘੇ ਦਾ ਇਹ ਕੰਮ
NEXT STORY