ਚੰਡੀਗੜ੍ਹ,(ਬਿਊਰੋ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਫਗਾਨਿਸਤਾਨ ਵਿਚ ਫਸੇ ਉਨ੍ਹਾਂ ਸਿੱਖਾਂ ਦੀ ਤੁਰੰਤ ਏਅਰਲਿਫਟਿੰਗ ਦਾ ਪ੍ਰਬੰਧ ਕਰਵਾਉਣ ਲਈ ਆਖਿਆ ਹੈ, ਜਿਹੜੇ ਭਾਰਤ ਵਾਪਸ ਆਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੂੰ ਲਿਖੀ ਇਕ ਚਿੱਠੀ ਵਿਚ ਬਾਦਲ ਨੇ ਬੇਨਤੀ ਕੀਤੀ ਹੈ ਕਿ ਕਾਬੁਲ ਵਿਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਪੰਜਾਬੀਆਂ ਖਾਸ ਕਰ ਕੇ ਸਿੱਖ ਆਗੂਆਂ ਨਾਲ ਇਸ ਸਬੰਧੀ ਤਾਲਮੇਲ ਬਣਾਉਣ ਲਈ ਆਖਿਆ ਜਾਵੇ। ਉਨ੍ਹਾਂ ਕਿਹਾ ਕਿ ਉੱਥੇ ਵੱਡੀ ਗਿਣਤੀ ਵਿਚ ਸਿੱਖ ਪਰਿਵਾਰ ਰਹਿੰਦੇ ਹਨ, ਜਿਹੜੇ ਜਲਦੀ ਤੋਂ ਜਲਦੀ ਉਸ ਦੇਸ਼ ਵਿਚੋਂ ਨਿਕਲਣਾ ਚਾਹੁੰਦੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਪਰਿਵਾਰਾਂ ਨੂੰ ਏਅਰਲਿਫਟਿੰਗ ਰਾਹੀਂ ਵਾਪਸ ਆਪਣੇ ਮੁਲਕ ਲਿਆਉਣ ਲਈ ਤੁਰੰਤ ਜਲਦੀ ਪ੍ਰਬੰਧ ਕਰਨ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਵਿਰੁੱਧ ਆਲਮੀ ਪੱਧਰ ਉੱਤੇ ਚੱਲ ਰਹੀ ਜੰਗ ਕਰ ਕੇ ਉਹ ਸਰਕਾਰ ਉੱਤੇ ਪਏ ਦਬਾਵਾਂ ਬਾਰੇ ਪੂਰੀ ਤਰ੍ਹਾਂ ਸੁਚੇਤ ਹਨ ਪਰ ਸਮੁੱਚਾ ਸ਼ਾਂਤੀ ਪਸੰਦ ਅਤੇ ਦੇਸ਼ ਭਗਤ ਸਿੱਖ ਭਾਈਚਾਰਾ ਤੁਹਾਡੇ ਵੱਲ ਨਜ਼ਰਾਂ ਲਾਈ ਬੈਠਾ ਹੈ ਕਿ ਜਿੱਥੇ ਵੀ ਸਿੱਖਾਂ ਨੂੰ ਕੋਈ ਸੰਭਾਵੀ ਖਤਰਾ ਹੈ, ਤੁਸੀਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕੋ। ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਅਫਗਾਨਿਸਤਾਨ ਦੇ ਸਿੱਖਾਂ ਦੀ ਸਗੋਂ ਉਨ੍ਹਾਂ ਸਾਰੇ ਸੰਵੇਦਵਸ਼ੀਲ ਮੁਲਕਾਂ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੰਤਰਾਸ਼ਟਰੀ ਪੱਧਰ ਉੱਤੇ ਸਿੱਧੀ ਕੂਟਨੀਤਕ ਪਹੁੰਚ ਕਰਨ, ਜਿਨ੍ਹਾਂ ਨੂੰ ਕਦੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਫਗਾਨਿਤਸਾਨ ਅਤੇ ਬਾਕੀ ਮੁਲਕਾਂ ਵਿਚ ਰਹਿੰਦੇ ਬਹੁਤ ਸਾਰੇ ਸਿੱਖਾਂ ਦੇ ਫੋਨ ਆਏ ਹਨ, ਜੋ ਕਿ ਆਪਣੀ ਸੁਰੱਖਿਆ ਵਾਸਤੇ ਸਰਕਾਰ ਵੱਲੋਂ ਤੇਜ਼ ਕੂਟਨੀਤਕ ਕਾਰਵਾਈ ਦੀ ਮੰਗ ਕਰ ਰਹੇ ਹਨ।
ਕੋਰੋਨਾ ਸ਼ੱਕੀ ਲੜਕੀਆਂ ਕਾਰਣ ਸਿਹਤ ਵਿਭਾਗ ਤੇ ਪ੍ਰਸ਼ਾਸਨ 'ਚ ਹੜਕੰਪ
NEXT STORY