ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਸਦਕਾ ਨਿੱਤ ਦਿਨ ਅਸਮਾਨ ਛੂੰਹਦੀ ਮਹਿੰਗਾਈ ਦੇ ਮੁੱਦੇ ’ਤੇ ਐਨ.ਡੀ.ਏ. ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 10 ਮਹੀਨਿਆਂ ’ਚ ਐੱਲ.ਪੀ.ਜੀ. ਗੈਸ ਦੀ ਕੀਮਤ ਵਿਚ 300 ਰੁਪਏ ਦੇ ਵਾਧੇ ਨੇ ਆਮ ਲੋਕਾਂ ਦਾ ਲੱਕ ਹੀ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਵੀ ਉਸ ਸਮੇਂ ਦੌਰਾਨ ਕੀਤਾ ਹੈ ਜਦੋਂ ਕਾਲੇ ਖੇਤੀ ਕਾਨੂੰਨਾਂ ਨਾਲ ਕਿਸਾਨ ਸੰਕਟ ਵਿਚ ਹਨ ਅਤੇ ਕੋਵਿਡ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਝੰਬੀ ਅਰਥ ਵਿਵਸਥਾ ਨਾਲ ਹਰ ਵਰਗ ਆਰਥਿਕ ਦੁਸ਼ਵਾਰੀਆਂ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਇਹ ਵਾਧਾ ਹੋਰ ਵੀ ਮਾਰੂ ਹੈ ਕਿਉਂਕਿ ਇਸ ਨਾਲ ਦੇਸ਼ ਦੇ ਹਰ ਵਰਗ ਦਾ ਪਰਿਵਾਰ ਜੁੜਿਆ ਹੈ।
ਰੰਧਾਵਾ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਨਵੰਬਰ ਵਿਚ ਘਰੇਲੂ ਗੈਸ ਸਿਲੰਡਰ ਦੀ ਕੀਮਤ 600 ਰੁਪਏ ਦੇ ਕਰੀਬ ਸੀ ਜਿਸ ਵਿਚ ਕੇਂਦਰ ਸਰਕਾਰ ਲਗਾਤਾਰ ਵਾਧਾ ਕਰਦੀ ਹੋਈ ਹੁਣ 900 ਰੁਪਏ ’ਤੇ ਲੈ ਆਈ। ਉਨ੍ਹਾਂ ਕਿਹਾ ਕਿ ਐਨ. ਡੀ. ਏ. ਸਰਕਾਰ ਨੇ ਪਿਛਲੇ ਸੱਤ ਸਾਲਾਂ ਵਿਚ ਗੈਸ ਸਿਲੰਡਰ ਦੀ ਕੀਮਤ ਦੋਗੁਣੀ ਤੋਂ ਵੱਧ ਕਰ ਦਿੱਤੀ ਹੈ। ਮਈ 2014 ਵਿਚ ਇਹ ਕੀਮਤ 400 ਰੁਪਏ ਦੇ ਕਰੀਬ ਸੀ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਇਕੱਲਾ ਗੈਸ ਸਿਲੰਡਰ ਨਹੀਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੀ ਪਿਛਲੇ ਸੱਤ ਸਾਲਾਂ ਵਿਚ ਅਥਾਹ ਵਾਧਾ ਹੋਇਆ ਹੈ ਜਿਸ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ। ਰੰਧਾਵਾ ਨੇ ਕੇਂਦਰ ਸਰਕਾਰ ਦੇ ਮੰਤਰੀਆਂ ਉਤੇ ਚੁਟਕੀ ਲੈਂਦਿਆਂ ਆਖਿਆ ਕਿ ਯੂ. ਪੀ. ਏ. ਸਰਕਾਰ ਵੇਲੇ ਤੇਲ ਜਾਂ ਗੈਸ ਸਿਲੰਡਰ ਦੀ ਕੀਮਤ ਵਿਚ ਮਾਮੂਲੀ ਵਾਧੇ ਉਤੇ ਆਪੇ ਤੋਂ ਬਾਹਰ ਹੋਣ ਵਾਲੇ ਭਾਜਪਾ ਆਗੂ ਅੱਜ ਲੱਕ ਤੋੜ ਮਹਿੰਗਾਈ ਦੇ ਦੌਰ ਵਿਚ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਮਾੜੀਆਂ ਆਰਥਿਕ ਨੀਤੀਆਂ ਨਾਲ ਅੱਜ ਪੂਰਾ ਦੇਸ਼ ਐਨ.ਡੀ.ਏ. ਸਰਕਾਰ ਨੂੰ ਕੋਸ ਰਿਹਾ ਹੈ।
ਬਹਿਬਲਕਲਾਂ ਗੋਲੀਕਾਂਡ: ਸ਼ੈਸ਼ਨ ਕੋਰਟ ਫ਼ਰੀਦਕੋਟ ’ਚ 4 ਸਾਬਕਾ ਪੁਲਸ ਅਧਿਕਾਰੀਆਂ ਸਮੇਤ 6 ਹੋਏ ਹਾਜ਼ਰ ਅਗਲੀ ਸੁਣਵਾਈ 19 ਨੂੰ
NEXT STORY