ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਦਿਨਾਂ 'ਚ ਉਨ੍ਹਾਂ ਦੇ ਮੀਡੀਆ 'ਚ ਆਏ ਬਿਆਨਾਂ ਦੇ ਉਲਟ ਅੱਜ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਖਾਲਿਸਤਾਨੀ ਜਾਂ ਗੈਂਗਸਟਰ ਵੱਲੋਂ ਕੋਈ ਧਮਕੀ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਨੂੰ ਵਾਧੂ ਸੁਰੱਖਿਆ ਦੀ ਕੋਈ ਲੋੜ ਹੈ। ਜ਼ਿਕਰਯੋਗ ਹੈ ਕਿ ਰੰਧਾਵਾ ਦੇ ਮੀਡੀਆ 'ਚ ਛਪੇ ਬਿਆਨਾਂ 'ਤੇ ਬੀਤੇ ਦਿਨੀਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਰੰਧਾਵਾ ਨੂੰ ਹੋਰ ਸੁਰੱਖਿਆ ਮੰਗਣ ਤੋਂ ਪਹਿਲਾਂ ਆਪਣੀ ਕਾਰਜਸ਼ੈਲੀ 'ਤੇ ਝਾਤ ਮਾਰਨੀ ਚਾਹੀਦੀ ਹੈ। ਰੰਧਾਵਾ ਨੇ ਅੱਜ ਪੰਜਾਬ ਸਕੱਤਰੇਤ 'ਚ ਆਪਣੇ ਦਫ਼ਤਰ 'ਚ ਕੁੱਝ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਧਮਕੀ ਨਹੀਂ ਦਿੱਤੀ, ਸਗੋਂ ਸੋਸ਼ਲ ਮੀਡੀਆ ਵਿਚ ਹੀ ਅਜਿਹੀਆਂ ਗੱਲਾਂ ਆਈਆਂ ਪਰ ਉਹ ਸੋਸ਼ਲ ਮੀਡੀਆ 'ਤੇ ਵਿਸ਼ਵਾਸ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਉਨ੍ਹਾਂ ਨੂੰ ਸਿੱਧੀ ਧਮਕੀ ਦੇਵੇਗਾ ਤਾਂ ਦੇਖਾਂਗੇ। ਰੰਧਾਵਾ ਨੇ ਇਹ ਵੀ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲੇ ਵੀ ਨਹੀਂ। ਹੋਰ ਸੁਰੱਖਿਆ ਮੰਗੇ ਜਾਣ ਬਾਰੇ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਡੀ. ਜੀ. ਪੀ. ਨੂੰ ਜੇਲਾਂ ਵਿਚ ਗੈਂਗਸਟਰਾਂ ਦੇ ਖਤਰੇ ਦੇ ਮੱਦੇਨਜ਼ਰ ਆਮ ਕੈਦੀਆਂ ਦੀ ਸੁਰੱਖਿਆ ਲਈ ਹੋਰ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਸੀ। ਮਜੀਠੀਆ 'ਤੇ ਪਲਟਵਾਰ ਕਰਦਿਆਂ ਰੰਧਾਵਾ ਨੇ ਕਿਹਾ ਕਿ ਇਨ੍ਹਾਂ ਨੇ ਹੀ ਗੈਂਗਸਟਰ ਪਾਲੇ ਸਨ, ਜਿਨ੍ਹਾਂ ਵਿਚੋਂ ਕਾਫ਼ੀ ਇਸ ਸਮੇਂ ਜੇਲਾਂ ਵਿਚ ਬੰਦ ਹਨ। ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾਵਾਂ ਵੱਲੋਂ ਅੱਜ ਕੁੱਝ ਹੋਰ ਵਿਰੋਧੀ ਪਾਰਟੀਆਂ ਨੂੰ ਨਾਲ ਲੈ ਕੇ ਸਪੀਕਰ ਨੂੰ ਦਿੱਤੇ ਗਏ ਮੰਗ ਪੱਤਰ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਬੈਂਸ ਨੂੰ ਕੋਈ ਸ਼ਿਕਾਇਤ ਸੀ ਤਾਂ ਪਹਿਲਾਂ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਸੀ, ਕਾਰਵਾਈ ਨਾ ਹੁੰਦੀ ਤਾਂ ਸਾਨੂੰ ਦੱਸਦੇ ਪਰ ਉਸ ਨੇ ਸਮਰਥਕਾਂ ਸਮੇਤ ਜਬਰੀ ਮਿਲਕ ਪਲਾਂਟ ਦੇ ਦਫ਼ਤਰ 'ਚ ਦਾਖਲ ਹੋ ਕੇ ਗਲਤ ਕੰਮ ਕੀਤਾ ਹੈ।
ਛੋਟੇ ਹਾਥੀ ਦੀ ਮੋਟਰਸਾਈਕਲ ਨਾਲ ਟੱਕਰ, ਇਕ ਦੀ ਮੌਤ
NEXT STORY