ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਵੱਖ ਹੋਏ ਸੁਖਪਾਲ ਖਹਿਰਾ ਵਲੋਂ ਮੰਗਲਵਾਰ ਨੂੰ ਆਖਿਰ ਨਵੀਂ ਪਾਰਟੀ (ਪੰਜਾਬੀ ਏਕਤਾ ਪਾਰਟੀ) ਦਾ ਰਸਮੀ ਐਲਾਨ ਕਰ ਦਿੱਤਾ ਗਿਆ। ਨਵੀਂ ਪਾਰਟੀ ਦੇ ਐਲਾਨ ਮੌਕੇ ਖਹਿਰਾ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ। ਖਹਿਰਾ ਨੇ ਕਿਹਾ ਕਿ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਤਾਂ ਕੀਤੇ ਪਰ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ। ਨਾਲ ਹੀ ਖਹਿਰਾ ਨੇ ਸਾਫ ਕੀਤਾ ਕਿ ਉਹ ਜਿਹੜੇ ਵੀ ਵਾਅਦੇ ਕਰਨਗੇ ਜਾਂ ਚੋਣ ਮੈਨੀਫੈਸਟੋ ਵਿਚ ਜਿਹੜੇ ਐਲਾਨ ਕਰਨਗੇ ਜੇਕਰ ਉਹ ਪੂਰੇ ਨਾ ਕੀਤੇ ਗਏ ਤਾਂ ਉਨ੍ਹਾਂ ਦੀ ਪਾਰਟੀ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ ਅਤੇ ਇਸ ਬਾਰੇ ਉਹ ਖੁਦ ਚੋਣ ਕਮਿਸ਼ਨ ਅਤੇ ਰਾਸ਼ਟਰਪਤੀ ਨੂੰ ਲਿਖ ਕੇ ਦੇਣਗੇ।
ਖਹਿਰਾ ਦੇ ਵੱਡੇ ਐਲਾਨ
► ਲੋਕਪਾਲ ਲਿਆਂਦਾ ਜਾਵੇਗਾ, ਜਿਸ ਦੇ ਦਾਇਰੇ ਵਿਚ ਮੁੱਖ ਮੰਤਰੀ ਨੂੰ ਵੀ ਰੱਖਿਆ ਜਾਵੇਗਾ ਤਾਂ ਜੋ ਲੋੜ ਪੈਣ 'ਤੇ ਮੁੱਖ ਮੰਤਰੀ ਤੋਂ ਵੀ ਜਵਾਬਤਲਬੀ ਕੀਤੀ ਜਾ ਸਕੇ।
► ਜੇ ਕੋਈ ਭ੍ਰਿਸ਼ਟਾਚਾਰ ਵਿਚ ਲਿਪਤ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕੈਪੀਟਲ ਪੁਨਿਸ਼ਮੈਂਟ ਬਿੱਲ ਲਿਆਂਦਾ ਜਾਵੇਗਾ।
► ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ, ਉਨ੍ਹਾਂ ਦੀ ਪਹਿਲ ਹੋਵੇਗੀ ਅਤੇ ਜਦੋਂ ਤਕ ਦੋਸ਼ੀ ਜੇਲਾਂ 'ਚ ਨਹੀਂ ਜਾਂਦੇ ਉਦੋਂ ਤਕ ਚੁੱਪ ਨਹੀਂ ਬੈਠਿਆ ਜਾਵੇਗਾ।
► ਪੰਜਾਬ 'ਚੋਂ ਨਸ਼ੇ ਦੇ ਖਾਤਮੇ ਲਈ ਭਾਵੇਂ ਕੋਈ ਤਾਕਤਵਾਰ ਵਿਅਕਤੀ ਹੋਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
► ਸੰਥੈਟਿਕ ਨਸ਼ੇ ਦੀ ਖੇਤੀ ਜਿਸ ਦੀ ਮੰਗ ਡਾ. ਧਰਮਵੀਰ ਗਾਂਧੀ ਵੀ ਕਰ ਰਹੇ ਹਨ, ਨੂੰ ਪੰਜਾਬ ਵਿਚ ਲਾਗੂ ਕਰਨ ਦਾ ਯਤਨ ਕੀਤਾ ਜਾਵੇਗਾ।
► ਕਿਸਾਨਾਂ ਆਤਮ ਹੱਤਿਆ ਰੋਕਣ ਲਈ ਕਰਜ਼ ਮੁਆਫੀ ਦਾ ਢੁਕਵਾਂ ਹੱਲ ਲੱਭਿਆ ਜਾਵੇਗਾ।
► ਵੱਡੇ ਘਰਾਣਿਆਂ ਤੋਂ ਟ੍ਰਾਂਸਪੋਰਟ ਦਾ ਕਬਜ਼ਾ ਛੁਡਵਾਇਆ ਜਾਵੇਗਾ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦੇ ਅਧਾਰ 'ਤੇ ਰੁਜ਼ਗਾਰ ਦਿੱਤਾ ਜਾਵੇਗਾ।
► ਸਿਹਤ ਸਹੂਲਤਾਂ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ।
► ਸਰਕਾਰੀ ਸੰਸਥਾਨਾ ਦੀ ਹਾਲਤ ਸੁਧਾਰਣ ਲਈ ਰੈਗੂਲੇਟਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਹੜੀ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰੇਗੀ।
► ਉਦੋਂ ਤਕ ਵਿਧਾਇਕਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾਵੇਗੀ ਜਦੋਂ ਤਕ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕ ਦੇ ਪੈਸੇ ਨਹੀਂ ਮਿਲ ਜਾਂਦੇ।
► ਇਹ ਯਕੀਨੀ ਬਣਾਇਆ ਜਾਵੇਗਾ ਕਿ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲ ਸਕੇ।
► ਪਿੰਡਾਂ ਦੇ ਸਰਪੰਚਾਂ ਨੂੰ ਪੂਰੀ ਹੱਕ ਦਿੱਤਾ ਜਾਵੇਗਾ ਤਾਂ ਜੋ ਉਹ ਕਿਸੇ ਦੀ ਰੋਕ ਟੋਕ ਤੋਂ ਬਿਨਾਂ ਪਿੰਡ ਦਾ ਵਿਕਾਸ ਕਰ ਸਕਣ।
► ਐੱਨ. ਆਰ. ਆਈਜ਼. ਦੀ ਜਾਇਦਾਦ ਦੀ ਰਾਖੀ ਕੀਤੀ ਜਾਵੇਗੀ।
ਚੰਡੀਗੜ੍ਹ 'ਚ ਇਕ ਹਫਤੇ ਤੱਕ ਬਾਰਸ਼ ਦੀ ਸੰਭਾਵਨਾ ਨਹੀਂ!
NEXT STORY