ਰੂਪਨਗਰ (ਸੱਜਣ ਸੈਣੀ)— ਕਰਜ਼ਾ ਮੁਆਫੀ ਨੂੰ ਲੈ ਕੇ ਕੈਪਟਨ ਸਰਕਾਰ ਸਿਰਫ ਡਰਾਮੇਬਾਜ਼ੀ ਕਰ ਰਹੀ ਹੈ ਅਤੇ ਸਰਕਾਰੀ ਪੈਸੇ ਸਮੇਤ ਮਸ਼ੀਨਰੀ ਦੀ ਬਰਬਾਦੀ ਕਰ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੀਤਾ। ਦਰਅਸਲ 'ਪੰਜਾਬੀ ਏਕਤਾ ਪਾਰਟੀ' ਬਣਾਉਣ ਤੋਂ ਬਾਅਦ ਹੁਣ ਸੁਖਪਾਲ ਸਿੰਘ ਖਹਿਰਾ ਆਪਣੀ ਨਵੀਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਮੀਟਿੰਗਾਂ ਕਰਕੇ ਵਰਕਰਾਂ ਨੂੰ ਪਾਰਟੀ ਦੇ ਏਜੰਡਿਆਂ ਸਬੰਧੀ ਜਾਣੂ ਕਰਵਾ ਰਹੇ ਹਨ। ਇਸੇ ਤਹਿਤ ਬੀਤੇ ਦਿਨ ਸੁਖਪਾਲ ਖਹਿਰਾ ਵੱਲੋਂ ਰੂਪਨਗਰ ਦੇ ਸਾਲਾਪੁਰ ਵਿਖੇ ਇਕ ਪੈਲੇਸ 'ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਵਰਕਰਾਂ ਦੇ ਕਈ ਤਿੱਖੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਉਨ੍ਹਾਂ•ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਰਜ਼ਾ ਮੁਆਫੀ ਨੂੰ ਲੈ ਕੇ ਕੈਪਟਨ ਸਰਕਾਰ ਡਰਾਮੇਬਾਜ਼ੀ ਕਰ ਰਹੀ ਹੈ। ਉਲਟਾ ਇੰਨਾ ਵੱਡਾ ਸਮਾਗਮ ਕਰਕੇ ਸਰਕਾਰੀ ਪੈਸੇ ਅਤੇ ਮਸ਼ੀਨਰੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੇਜ਼ਮੀਨੇ ਲੋਕਾਂ ਦਾ ਥੋੜ੍ਹਾ-ਥੋੜ੍ਹਾ ਕਰਜ਼ਾ ਵੀ ਮਾਫ ਕੀਤਾ ਜਾਵੇ।

ਇਸ ਤੋਂ ਇਲਾਵਾ ਖਹਿਰਾ ਨੇ ਕਿਹਾ ਕਿ ਉਹ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਮਹਾਂ ਗਠਬੰਧਨ ਕਰ ਰਹੇ ਹਨ, ਜਿਸ 'ਚ ਬਸਪਾ ਅਤੇ ਟਕਸਾਲੀ ਅਕਾਲੀਆਂ ਸਮੇਤ ਲੋਕ ਇਨਸਾਫ ਪਾਰਟੀ ਆਦਿ ਪਾਰਟੀਆਂ ਇਸ ਮਹਾਂ ਗਠਜੋੜ 'ਚ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਧੜਾ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੈ ਅਤੇ ਕਾਂਗਰਸ ਸਮੇਤ ਹੋਰ ਕਈ ਰਵਾਇਤੀ ਪਾਰਟੀਆਂ ਦੇ ਲੀਡਰ ਵੀ ਉਨ੍ਹਾਂ ਦੇ ਨਾਲ ਸ਼ਾਮਲ ਹੋ ਰਹੇ ਹਨ। ਇਕ ਸਵਾਲ ਦੇ ਜਵਾਬ 'ਚ ਖਹਿਰਾ ਨੇ ਕਿਹਾ ਕਿ ਜੇ ਭਗਵੰਤ ਮਾਨ ਕੇਜਰੀਵਾਲ ਦੀ ਮੁਆਫੀ ਨਾਲ ਸਹਿਮਤ ਹਨ ਤਾਂ ਇਹ ਸ਼ਰੇਆਮ ਕਹੇ ਕਿ ਬਿਕਰਮਜੀਤ ਮਜੀਠੀਆ ਸਾਡਾ ਸਰਦਾਰ ਹੈ, ਅਸੀਂ ਉਸ ਕੋਲੋਂ ਮੁਆਫੀ ਮੰਗਦੇ ਹਾਂ। ਅਸੀਂ ਮੁੜ ਕੇ ਨਸ਼ਿਆਂ ਖਿਲਾਫ ਨਹੀਂ ਬੋਲਾਂਗੇ ਅਤੇ ਪ੍ਰਧਾਨਗੀ ਲੈਣ ਲਈ ਮੈਂ ਤਿਆਰ ਹਾਂ।
ਇਸ ਤੋਂ ਇਲਾਵਾ ਖਹਿਰਾ ਨੇ ਕਿਹਾ ਕਿ ਹਾਲੇ ਤੱਕ ਮੈਨੂੰ ਵਿਧਾਨ ਸਭਾ ਤੋਂ ਕੋਈ ਨੋਟਿਸ ਹੀ ਨਹੀਂ ਆਇਆ ਹੈ ਜੇ ਭਲੁੱਥ ਵਿੱਚ ਜ਼ਿਮਨੀ ਚੋਣਾਂ ਹੋਈਆਂ ਤਾਂ ਮੈਂ ਜ਼ਰੂਰ ਲੜਾਂਗਾ। ਇਸ ਬੈਠਕ ਦੌਰਾਨ ਬਹੁਤ ਸਾਰੇ ਆਗੂ ਆਮ ਆਦਮੀ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਕੇ 'ਪੰਜਾਬੀ ਏਕਤਾ ਪਾਰਟੀ' 'ਚ ਸ਼ਾਮਲ ਹੋ ਗਏ। ਇਸ ਮੌਕੇ ਗੁਰਮੇਲ ਸਿੰਘ ਬਾੜਾ ਜ਼ਿਲਾ ਪ੍ਰਧਾਨ ਤੋਂ ਇਲਾਵਾ ਸਟੇਟ ਬਾਡੀ ਮੈਂਬਰ ਪਰਮਿੰਦਰ ਸਿੰਘ ਚਲਾਕੀ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ , ਯੂਥ ਆਗੂ ਕੁਲਵੰਤ ਸਿੰਘ ਸੈਣੀ, ਅਜਾਇਬ ਸਿੰਘ ਸਰਾੜੀ, ਜਸਪਾਲ ਸਿੰਘ ਮੀਆਂਪੁਰ, ਪਿਆਰਾ ਸਿੰਘ ਬੜੀ, ਦੀਦਾਰ ਸਿੰਘ ਰੋਪੜ, ਬਲਵੀਰ ਸਿੰਘ ਭੱਟੋਂ, ਮਾਸਟਰ ਸ਼ਿੰਗਾਰਾ ਸਿੰਘ ਬੈਂਸ, ਕੁਲਦੀਪ ਸਿੰੰਘ ਚੀਮਾ ਆਦਿ ਸਮੇਤ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ।
ਸੁਮੇਧ ਸੈਣੀ ਅਤੇ ਬਾਦਲਾਂ ਦਾ ਪਾਸਪੋਰਟ ਹੋਵੇ ਜ਼ਬਤ : ਭਗਵੰਤ ਮਾਨ (ਵੀਡੀਓ)
NEXT STORY