ਸੁਲਤਾਨਪੁਰ ਲੋਧੀ (ਗੁਰਪ੍ਰੀਤ) - ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਧੁੱਸੀ ਬੰਨ੍ਹ ਨੂੰ ਮਜ਼ਬੂਤ ਅਤੇ ਚੌੜਾ ਕੀਤਾ ਜਾਵੇ ਤਾਂ ਜੋ ਹੜ੍ਹ ਵਰਗਾ ਦੁਖਾਂਤ ਮੁੜ ਨਾ ਵਾਪਰ ਸਕੇ। ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਸੰਤ ਸੀਚੇਵਾਲ ਨੇ 11 ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਕਰਨ ਅਤੇ ਬੰਨ ਬਣਾਉਣ ਲਈ ਪੰਜਾਬ ਭਰ ਤੋਂ ਆਏ ਲੋਕਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਕੁਦਰਤੀ ਆਫ਼ਤ ’ਚ ਪੰਜਾਬ ਦੇ ਲੋਕਾਂ ਵਲੋਂ ਦਿਖਾਈ ਗਈ ਇਕਜੁਟਤਾ ਵੱਡੀ ਮਿਸਾਲ ਬਣ ਗਈ ਹੈ । ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਇਸ ਨੂੰ ਮਿੱਟੀ ਪਾ ਕੇ ਉੱਚਾ ਅਤੇ ਚੌੜਾ ਕੀਤਾ ਜਾਵੇ ਤਾਂ ਜੋ ਭਵਿੱਖ ’ਚ ਅਜਿਹਾ ਦੁਖਾਂਤ ਮੁੜ ਨਾ ਵਾਪਰ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਸਮੇਂ ਧੁੱਸੀ ਬੰਨ ਖੱਚਰਾਂ ਅਤੇ ਊਠਾਂ ਦੀ ਮਦਦ ਨਾਲ ਬੰਨਿ੍ਆ ਗਿਆ ਸੀ, ਜਿਸ ਦੀ ਸੁਰੱਖਿਆ ਲਈ ਇਸ ‘ਤੇ ਪਹਿਰਾ ਵੀ ਦਿੱਤਾ ਜਾਂਦਾ ਸੀ।

ਹੁਣ ਜਦੋਂ ਪੰਜਾਬ ਨੇ ਤਰੱਕੀ ਕਰ ਲਈ ਹੈ ਅਤੇ ਬੰਨ੍ਹ ਬੰਨਣ ਲਈ ਵੱਡੀ ਮਸ਼ਨੀਰੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਨੂੰ ਲਗਾਤਾਰ ਸਾਫ਼ ਕਰਨ ਦੀ ਲੋੜ ਹੈ ਅਤੇ ਖ਼ਾਸ ਕਰਕੇ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਪਾਣੀ ਦੀ ਨਿਕਾਸੀ ਲਈ ਉਥੋਂ ਮਿੱਟੀ ਚੁੱਕਣੀ ਬਹੁਤ ਜਰੂਰੀ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੀਣ ਵਾਲਾ ਪਾਣੀ, ਸੁੱਕਾ ਦੁੱਧ, ਤੂੜੀ, ਪਸ਼ੂਆਂ ਲਈ ਹਰਾ ਚਾਰਾ ਤੇ ਹੋਰ ਲੋੜੀਦੀਆਂ ਵਸਤਾਂ ਪਹੁੰਚਾਉਣ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਟ੍ਰੈਕਟਰਾਂ ਟਰਾਲੀਆਂ ਵਾਲਿਆਂ ਦਾ ਵੀ ਧੰਨਵਾਦ ਕੀਤਾ, ਜਿਹੜੇ ਲਗਾਤਾਰ ਘੰਟਿਆਂ ਬੱਧੀ ਇੰਤਜ਼ਾਰ ਕਰਕੇ ਬੰਨ੍ਹ ਮਜ਼ਬੂਤ ਕਰਨ ਲਈ ਡਟੇ ਰਹੇ।
ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ਦੇ 18 ਥਾਵਾਂ ਤੋਂ ਧੁੱਸੀ ਬੰਨ੍ਹ ’ਚ ਪਾੜ ਪੈ ਗਏ ਸਨ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਪੀਲ ਸਦਕਾ ਜਿੱਥੇ ਪਰਵਾਸੀ ਪੰਜਾਬੀ ਹੜ੍ਹ ਪੀੜਤਾਂ ਦੀ ਆਰਥਿਕ ਮਦਦ ਕਰ ਰਹੇ ਹਨ, ਉਥੇ ਹੀ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਲੋਕ ਵੀ ਮਦਦ ਲਈ ਅੱਗੇ ਆ ਰਹੇ ਹਨ।
ਚੋਰ ਨੇ ਪੁਲਸ ਨੂੰ ਪਾਈਆਂ ਭਾਜੜਾਂ, ਵਰਦੀਆਂ ਲਾ ਕੇ ਫੜਨ ਲਈ ਭੱਜੇ ਕਰਮਚਾਰੀ
NEXT STORY