ਅੰਮ੍ਰਿਤਸਰ(ਪ੍ਰਵੀਨ ਪੁਰੀ)- ਗੁਰਦਾਸਪੁਰ ਲੋਕ ਸਭਾ ਹਲਕਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਸਮੇਂ ਮਾਝੇ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਤੋਂ ਇਲਾਵਾ ਕਈ ਸੀਨੀਅਰ ਕਾਂਗਰਸੀ ਆਗੂ ਵੀ ਹਾਜ਼ਰ ਸਨ ਅਤੇ ਉਹ ਗੁਰਦਾਸਪੁਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਪੂਰੇ ਉਤਸ਼ਾਹ 'ਚ ਨਜ਼ਰ ਆ ਰਹੇ ਸਨ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਲਈ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੀ ਜਿੱਤ ਨਾਲ ਨੀਂਹ ਪੱਥਰ ਰੱਖਿਆ ਜਾਵੇਗਾ। ਕੇਂਦਰੀ ਸੱਤਾ 'ਚ ਕਾਂਗਰਸ ਦੀ ਵਾਪਸੀ ਲਈ ਗੁਰਦਾਸਪੁਰ ਦੀ ਜ਼ਿਮਨੀ ਚੋਣ ਮੀਲ ਪੱਥਰ ਸਾਬਿਤ ਹੋਵੇਗੀ ਕਿਉਂਕਿ ਲੋਕ ਮਾਨਸਿਕ ਤੌਰ 'ਤੇ ਮੁੜ ਕਾਂਗਰਸ ਦੇ ਹੱਥਾਂ 'ਚ ਦੇਸ਼ ਨੂੰ ਦੇਣ ਲਈ ਮਨ ਬਣਾ ਚੁੱਕੇ ਹਨ। ਪਿਛਲੇ 3 ਸਾਲਾਂ 'ਚ ਦੇਸ਼ ਜਿਨ੍ਹਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਨੂੰ ਲੈ ਕੇ ਉਹ ਲੋਕਾਂ ਵਿਚ ਜਾਣਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਮੁੱਖ ਚੋਣ ਮੁੱਦਾ ਬਣਾਉਣਗੇ। ਸ਼੍ਰੀ ਜਾਖੜ ਨੇ ਪ੍ਰਤਾਪ ਬਾਜਵਾ ਦਾ ਨਾਂ ਲੈਂਦਿਆਂ ਕਿਹਾ ਕਿ ਹਰੇਕ ਨੂੰ ਟਿਕਟ ਮੰਗਣ ਦਾ ਹੱਕ ਹੈ ਪਰ ਫੈਸਲਾ ਸਾਰੇ ਹਾਲਾਤ ਨੂੰ ਸਾਹਮਣੇ ਰੱਖ ਕੇ ਕਾਂਗਰਸ ਹਾਈਕਮਾਂਡ ਵੱਲੋਂ ਹੀ ਸਾਰਿਆਂ ਦੀ ਸਹਿਮਤੀ ਨਾਲ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੂਰੀ ਕਾਂਗਰਸ ਇਸ ਸੀਟ ਦੀ ਜਿੱਤ ਲਈ ਕੱਲ ਤੋਂ ਬਾਅਦ ਗੁਰਦਾਸਪੁਰ 'ਚ ਡੇਰੇ ਲਾ ਦੇਵੇਗੀ। ਕੱਲ ਨਾਮਜ਼ਦਗੀ ਪੇਪਰ ਭਰਨ ਅਤੇ ਰੈਲੀ ਤੋਂ ਬਾਅਦ ਦੇਸ਼ ਦੇ ਮੁੱਦੇ ਲੈ ਕੇ ਉਹ ਲੋਕਾਂ 'ਚ ਜਾਣਾ ਸ਼ੁਰੂ ਕਰ ਦੇਣਗੇ। ਇਸ ਸਮੇਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਤਰਸੇਮ ਸਿੰਘ ਡੀ. ਸੀ., ਡਾ. ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਓਮ ਪ੍ਰਕਾਸ਼ ਸੋਨੀ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਮਿੰਦਰ ਸਿੰਘ ਡੈਨੀ, ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ, ਸ਼ਹਿਰੀ ਦੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਸੰਤੋਖ ਸਿੰਘ ਭਲਾਈਪੁਰ, ਧਰਮਵੀਰ ਅਗਨੀਹੋਤਰੀ, ਸੁਨੀਲ ਦੱਤੀ, ਦਿਨੇਸ਼ ਬੱਸੀ, ਭੁਪਿੰਦਰ ਰੰਧਾਵਾ ਆਦਿ ਮੌਜੂਦ ਸਨ।
ਚੋਰੀ ਦੇ ਲੈਪਟਾਪ ਸਮੇਤ 2 ਕਾਬੂ
NEXT STORY