ਜਲੰਧਰ (ਖੁਰਾਣਾ)- ਇਕ ਪਾਸੇ ਇਨੀਂ ਦਿਨੀਂ ਜਿਥੇ ਕਾਂਗਰਸੀ ਕੌਂਸਲਰਾਂ ਤੇ ਨਿਗਮ ਦੇ ਅਧਿਕਾਰੀਆਂ ਵਿਰੁੱਧ 36 ਦਾ ਆਂਕੜਾ ਚੱਲ ਰਿਹਾ ਹੈ, ਉਥੇ ਅੱਜ ਨਾਜਾਇਜ਼ ਨਿਰਮਾਣ ਰੋਕਣ ਗਈ ਨਿਗਮ ਟੀਮ ਅਤੇ ਸਾਬਕਾ ਮੇਅਰ ਸੁਰੇਸ਼ ਸਹਿਗਲ ਦੇ ਵਿਚਕਾਰ ਹੱਥੋਪਾਈ ਤੱਕ ਹੋਣ ਦੀ ਸੂਚਨਾ ਮਿਲੀ ਹੈ। ਨਿਗਮ ਅਧਿਕਾਰੀਆਂ ਨੇ ਸਾਬਕਾ ਮੇਅਰ ’ਤੇ ਧੱਕਾ-ਮੁੱਕੀ ਦਾ ਦੋਸ਼ ਲਾਉਂਦੇ ਹੋਏ ਪੁਲਸ ਵਿਚ ਸ਼ਿਕਾਇਤ ਦਿੱਤੀ ਹੈ। ਦੂਜੇ ਪਾਸੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਨਿਗਮ ਅਧਿਕਾਰੀਆਂ ’ਤੇ ਧੱਕੇਸ਼ਾਹੀ ਅਤੇ ਰਿਸ਼ਵਤ ਮੰਗਣ ਦੇ ਦੋਸ਼ ਲਾਉਂਦੇ ਹੋਏ ਨਿਗਮ ਨੂੰ ਭ੍ਰਿਸ਼ਟਾਚਾਰ ਦਾ ਅੱਡਾ ਦੱਸਿਆ ਹੈ।
ਨਿਗਮ ਦੇ ਇੰਸਪੈਕਟਰ ਦਿਨੇਸ਼ ਜੋਸ਼ੀ ਨੇ ਦੱਸਿਆ ਕਿ ਫਗਵਾੜਾ ਗੇਟ ਸਥਿਤ ਮੋਬਾਇਲ ਹਾਊਸ ਦੇ ਪਿੱਛੇ ਵਾਲੀ ਗਲੀ ਵਿਚ ਕਬਜ਼ੇ ਅਤੇ ਨਾਜਾਇਜ਼ ਨਿਰਮਾਣ ਬਾਰੇ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਕਾਰਨ ਨਿਗਮ ਵਿਚ ਕਾਗਜ਼ਾਤਾਂ ਦੀ ਜਾਂਚ ਚੱਲ ਰਹੀ ਹੈ। ਇਸ ਦੌਰਾਨ ਸ਼ਿਕਾਇਤ ਆ ਰਹੀ ਸੀ ਕਿ ਨਾਜਾਇਜ਼ ਨਿਰਮਾਣ ਰਾਤ ਦੇ ਸਮੇਂ ਹੋ ਰਿਹਾ ਹੈ, ਜਿਸ ਨੂੰ ਰੁਕਵਾਇਆ ਜਾਵੇ।
ਜੋਸ਼ੀ ਨੇ ਦੱਸਿਆ ਕਿ ਉਹ ਏਰੀਆ ਦੇ ਡ੍ਰਾਫਟਮੈਨ ਸੰਜੀਵ ਕੁਮਾਰ ਨੂੰ ਨਾਲ ਲੈ ਕੇ ਸ਼ਿਕਾਇਤ ਦੀ ਜਾਂਚ ਕਰਨ ਪਹੁੰਚੇ ਤਾਂ ਉਥੇ ਨਿਰਮਾਣ ਕੰਮ ਚੱਲ ਰਿਹਾ ਸੀ, ਜਦੋਂ ਉਸ ਨੂੰ ਬੰਦ ਕਰਨ ਨੂੰ ਕਿਹਾ ਗਿਆ ਤਾਂ ਬਿਲਡਿੰਗ ਮਾਲਕ ਨੇ ਬਹਿਸ ਸ਼ੁਰੂ ਕਰਦੇ ਹੋਏ ਫੋਨ ਕਰ ਕੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਮੌਕੇ ’ਤੇ ਬੁਲਾ ਲਿਆ। ਨਿਗਮ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਸਾਬਕਾ ਮੇਅਰ ਸਹਿਗਲ ਨੇ ਆਉਂਦੇ ਹੀ ਗੁੱਸੇ ਵਿਚ ਨਿਗਮ ਟੀਮ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ ਅਤੇ ਮੂੰਹ ’ਤੇ ਮੁੱਕੇ ਮਾਰੇ। ਨਿਗਮ ਟੀਮ ਨੇ ਝਗੜਾ ਵਧਦਾ ਦੇਖ ਕੇ ਨਿਗਮ ਕਮਿਸ਼ਨਰ, ਜੁਆਇੰਟ ਕਮਿਸ਼ਨਰ ਤੇ ਏ. ਟੀ. ਪੀ. ਲਖਬੀਰ ਸਿੰਘ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਬਿਲਡਿੰਗ ਇੰਸਪੈਕਟਰ ਰੁਪਿੰਦਰ ਸਿੰਘ ਟਿਵਾਣਾ ਅਤੇ ਹੈੱਡ ਡਰਾਫਟਮੈਨ ਵਿਕਾਸ ਦੂਆ ਨੂੰ ਮੌਕੇ ’ਤੇ ਭੇਜਿਆ। ਨਿਗਮ ਟੀਮ ਨੇ ਵਾਪਸ ਆ ਕੇ ਸਾਰੀ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੂਰੀ ਘਟਨਾ ਲੜੀ ’ਤੇ ਵਿਚਾਰ ਕਰਨ ਲਈ ਸੋਮਵਾਰ ਨੂੰ ਅੈਮਰਜੈਂਸੀ ਬੈਠਕ ਕਾਲ ਕਰ ਲਈ ਹੈ, ਜਿਸ ਵਿਚ ਅਗਲਾ ਫੈਸਲਾ ਲਿਆ ਜਾਵੇਗਾ।
ਭਗੌੜਾ ਐਲਾਨਿਆ ਮੁਲਜ਼ਮ ਕਾਬੂ
NEXT STORY