ਗੁਰਦਾਸਪੁਰ, (ਵਿਨੋਦ)- ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸਾਲ 2014 ਵਿਚ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਗੁਰਦਾਸਪੁਰ 'ਚ ਪੂਰੀ ਤਰ੍ਹਾਂ ਨਾਲ ਦਮ ਤੋੜ ਚੁੱਕੀ ਦਿਖਾਈ ਦੇ ਰਹੀ ਹੈ। ਨਗਰ ਕੌਂਸਲ ਗੁਰਦਾਸਪੁਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਵੀ ਇਸ ਮੁਹਿੰਮ 'ਤੇ ਲੱਖਾਂ ਰੁਪਏ ਖਰਚ ਕੀਤੇ ਅਤੇ ਹੱਥਾਂ 'ਚ ਝਾੜੂ ਤੇ ਹੋਰ ਸਾਮਾਨ ਫੜ ਕੇ ਫੋਟੋ ਵੀ ਖਿਚਵਾਈ ਸੀ ਅਤੇ ਸਕੂਲਾਂ ਤੇ ਹੋਰ ਸੰਸਥਾਵਾਂ 'ਚ ਜਾ ਕੇ ਲੋਕਾਂ ਨੂੰ ਇਸ ਸਬੰਧੀ ਸਹੁੰ ਵੀ ਚੁਕਾਈ ਸੀ। ਬੱਚਿਆਂ ਦੀਆਂ ਰੈਲੀਆਂ ਕੱਢੀਆਂ ਗਈਆਂ ਅਤੇ ਹੋਰਡਿੰਗਜ਼ ਵੀ ਲਾਏ ਗਏ ਪਰ ਸਮੇਂ ਨਾਲ ਇਹ ਮੁਹਿੰਮ ਹੁਣ ਹਵਾ ਹੋ ਚੁੱਕੀ ਲੱਗਦੀ ਹੈ।
ਕੀ ਸਥਿਤੀ ਹੈ ਹੁਣ ਗੁਰਦਾਸਪੁਰ 'ਚ ਸਵੱਛ ਭਾਰਤ ਮੁਹਿੰਮ ਦੀ
ਸਵੱਛ ਭਾਰਤ ਮੁਹਿੰਮ ਦੀ ਜ਼ਿੰਮੇਵਾਰੀ ਤਾਂ ਨਗਰ ਕੌਂਸਲ ਦੀ ਹੈ ਅਤੇ ਗੁਰਦਾਸਪੁਰ ਨਗਰ ਕੌਂਸਲ ਦੀ ਸਥਿਤੀ ਇਹ ਹੈ ਕਿ ਹੁਣ ਨਗਰ ਕੌਂਸਲ 'ਤੇ ਕਬਜ਼ਾ ਤਾਂ ਬੇਸ਼ੱਕ ਅਕਾਲੀ-ਭਾਜਪਾ ਦਾ ਹੈ ਪਰ ਵਿਧਾਇਕ ਕਾਂਗਰਸ ਦਾ ਹੋਣ ਕਾਰਨ ਨਗਰ ਕੌਂਸਲ ਰਾਜਨੀਤੀ ਦਾ ਅਖਾੜਾ ਬਣਿਆ ਹੋਇਆ ਹੈ। ਸਵੱਛ ਭਾਰਤ ਮੁਹਿੰਮ ਸਬੰਧੀ ਫਾਈਲਾਂ 'ਤੇ ਮਿੱਟੀ ਚੜ੍ਹੀ ਹੋਈ ਹੈ ਅਤੇ ਇਨ੍ਹਾਂ ਫਾਈਲਾਂ ਨੂੰ ਖੋਲ੍ਹੇ ਕਈ ਮਹੀਨੇ ਹੋ ਗਏ ਹਨ।
ਗੁਰਦਾਸਪੁਰ ਸ਼ਹਿਰ 'ਚ ਕੁਝ ਸੜਕਾਂ 'ਤੇ ਨਗਰ ਕੌਂਸਲ ਨੇ ਡੰਪ ਬਣਾ ਰੱਖੇ ਹਨ ਪਰ ਸਭ ਤੋਂ ਜ਼ਿਆਦਾ ਖਰਾਬ ਸਥਿਤੀ ਲਾਇਬ੍ਰੇਰੀ ਰੋਡ, ਗੀਤਾ ਭਵਨ ਰੋਡ, ਜੇਲ ਰੋਡ, ਸੀਤਾ ਰਾਮ ਪੈਟਰੋਲ ਪੰਪ ਦੇ ਕੋਲ ਅਤੇ ਪਿੰਡ ਮਾਨਕੌਰ ਦੀ ਹੈ। ਲਾਇਬ੍ਰੇਰੀ ਰੋਡ ਜਿਸ ਸਥਾਨ 'ਤੇ ਕੂੜਾ ਡੰਪ ਬਣਾਇਆ ਹੋਇਆ ਹੈ, ਦੇ ਪਿਛੇ ਪੁਰਾਣਾ ਸਰਕਾਰੀ ਹਸਪਤਾਲ ਹੈ, ਇਕ ਪਾਸੇ ਬੈਂਕ ਆਫ ਇੰਡੀਆ ਤੇ ਦੂਜੇ ਪਾਸੇ ਲੇਬਰ ਸ਼ੈੱਡ ਹੈ, ਜਦਕਿ ਸਾਹਮਣੇ ਸ਼ਕਰਗੜ੍ਹ ਡੀ. ਏ. ਵੀ. ਸਕੂਲ ਅਤੇ ਮਹਾਜਨ ਭਵਨ ਹੈ। ਮਹਾਜਨ ਭਵਨ ਵਿਚ ਹਰ ਰੋਜ਼ ਕੋਈ ਨਾ ਕੋਈ ਸਮਾਗਮ ਹੁੰਦਾ ਹੈ ਪਰ ਇਸ ਦੇ ਬਾਵਜੂਦ ਸਥਿਤੀ ਬਹੁਤ ਖਰਾਬ ਹੈ। ਇਹੀ ਹਾਲਾਤ ਜੇਲ ਰੋਡ, ਗੀਤਾ ਭਵਨ ਰੋਡ ਤੇ ਸੀਮਾ ਰਾਮ ਪੈਟਰੋਲ ਪੰਪ ਦੇ ਕੋਲ ਹਨ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਈ. ਓ. ਭੁਪਿੰਦਰ ਸਿੰਘ
ਇਸ ਸਮੱਸਿਆ ਸਬੰਧੀ ਜਦ ਨਗਰ ਕੌਂਸਲ ਦੇ ਈ. ਓ. ਭੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ ਐਤਵਾਰ ਤੇ ਸੋਮਵਾਰ ਨੂੰ ਆਉਂਦੀ ਹੈ। ਐਤਵਾਰ ਨੂੰ ਛੁੱਟੀ ਹੋਣ ਕਾਰਨ ਸੋਮਵਾਰ ਨੂੰ ਡੰਪਾਂ 'ਤੇ ਕੂੜਾ ਜ਼ਿਆਦਾ ਇਕੱਠਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਨਗਰ ਕੌਂਸਲ ਵਿਚ ਸੈਨੇਟਰੀ ਇੰਸਪੈਕਟਰਾਂ ਦੇ ਦੋਵੇਂ ਅਹੁਦੇ ਖਾਲੀ ਹਨ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਵੇਰੇ ਜਲਦੀ ਤੋਂ ਜਲਦੀ ਸਾਰੇ ਡੰਪਾਂ ਤੋਂ ਕੂੜਾ ਚੁੱਕ ਲਿਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦਾ ਪ੍ਰਯੋਗ ਪੂਰੀ ਤਰ੍ਹਾਂ ਨਾਲ ਬੰਦ ਕਰਨ।
ਮੁੱਖ ਮੰਤਰੀ ਨੇ 3 ਮੈਡੀਕਲ ਡਿਵੈੱਲਪਮੈਂਟ ਸੈਂਟਰਾਂ ਦੀ ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ
NEXT STORY