ਤਲਵੰਡੀ ਸਾਬੋ(ਮੁਨੀਸ਼)— ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਤੇ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ਼ਨੀਵਾਰ ਨੂੰ ਤਲਵੰਡੀ ਸਾਬੋ ਵਿਖੇ ਵਰਕਰ ਮਿਲਣੀ ਨੂੰ ਸੰਬੋਧਨ ਦੌਰਾਨ ਕੈਪਟਨ ਸਰਕਾਰ ਨੂੰ ਖੁੱਲ੍ਹੇਆਮ ਚੁਣੌਤੀ ਦਿੰਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਬੇਅਦਬੀ ਕਾਂਡ ਦੇ ਨਾਂ 'ਤੇ ਗੁੰਮਰਾਹ ਕਰ ਕੇ ਸਿਰਫ ਵੋਟਾਂ ਬਟੋਰਨਾ ਚਾਹੁੰਦੀ ਹੈ। ਜੇਕਰ ਸਰਕਾਰ ਕੋਲ ਬੇਅਦਬੀ ਕਾਂਡ ਸਬੰਧੀ ਕੋਈ ਸਬੂਤ ਹੈ ਤਾਂ ਉਹ ਬਾਦਲ ਪਰਿਵਾਰ ਨੂੰ ਜੇਲ 'ਚ ਸੁੱਟਣ ਤੋਂ ਗੁਰੇਜ਼ ਕਿਉਂ ਕਰ ਰਹੀ ਹੈ।
ਸ਼ਨੀਵਾਰ ਨੂੰ ਨਗਰ ਦੇ ਚੱਠਾ ਪੈਲੇਸ 'ਚ ਪੁੱਜਣ 'ਤੇ ਬੀਬਾ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਸਵਾਗਤ ਕੀਤਾ। ਵਰਕਰਾਂ ਦੀ ਭਾਰੀ ਇਕੱਤਰਤਾ ਨੂੰ ਸੰਬੋਧਨ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਿੱਖ ਪੰਥ ਦੇ ਹਿੱਤਾਂ ਲਈ ਲੜਦਾ ਰਿਹਾ ਹੈ ਪਰ ਮੌਜੂਦਾ ਸਮੇਂ ਸਾਕਾ ਨੀਲਾ ਤਾਰਾ ਕਰਕੇ ਸਿੱਖਾਂ ਦੇ ਗੁਰਧਾਮ ਢਾਹੁਣ ਵਾਲੀ ਪਾਰਟੀ ਆਪਣੇ ਆਪ ਨੂੰ ਪੰਥ ਹਿਤੈਸ਼ੀ ਦਰਸਾ ਕੇ ਝੂਠੇ ਦੋਸ਼ਾਂ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ 'ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਣੀ ਨੂੰ ਦੋ ਸਾਲ ਹੋ ਚੁੱਕੇ ਹਨ ਤੇ ਅਜੇ ਤੱਕ ਬੇਅਦਬੀ ਕਾਂਡ ਦਾ ਇਕ ਵੀ ਅਜਿਹਾ ਸਬੂਤ ਸਰਕਾਰ ਪੇਸ਼ ਨਹੀਂ ਕਰ ਸਕੀ ਜੋ ਅਕਾਲੀ ਸਰਕਾਰ ਦੇ ਖਿਲਾਫ ਜਾਂਦਾ ਹੋਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਗਲਤ ਤਰੀਕੇ ਨਾਲ ਕੈਸ਼ ਕਰ ਕੇ ਸਰਕਾਰ ਚੋਣਾਂ ਜਿੱਤਣਾ ਚਾਹੁੰਦੀ ਹੈ। ਬੀਬਾ ਬਾਦਲ ਨੇ ਚੁਣੌਤੀ ਦਿੱਤੀ ਕਿ ਜੇਕਰ ਬੇਅਦਬੀ ਕਾਂਡ 'ਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਦਾ ਸਰਕਾਰ ਕੋਲ ਇਕ ਵੀ ਸਬੂਤ ਹੈ ਤਾਂ ਉਹ ਬਾਦਲ ਪਰਿਵਾਰ ਨੂੰ ਜੇਲ 'ਚ ਕਿਉਂ ਨਹੀਂ ਸੁੱਟਦੀ। ਉਨ੍ਹਾਂ ਕਿਹਾ ਕਿ ਪਹਿਲਾਂ ਨਸ਼ਿਆਂ ਦੇ ਨਾਂ 'ਤੇ ਸਾਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਗਈਆਂ। ਹਾਲਾਤ ਇਹ ਬਣੇ ਕਿ ਅਰਵਿੰਦ ਕੇਜਰੀਵਾਲ ਨੂੰ ਜਿੱਥੇ ਇਸ ਮਸਲੇ 'ਤੇ ਸਾਡੇ ਕੋਲੋਂ ਮੁਆਫੀ ਮੰਗਣੀ ਪਈ, ਉਥੇ ਸਰਕਾਰ ਬਣਨ ਤੋਂ ਪਹਿਲਾਂ ਜੇਲ 'ਚ ਸੁੱਟ ਦੇਣ ਦੀਆਂ ਧਮਕੀਆਂ ਦੇਣ ਵਾਲੇ ਹੁਣ ਸਰਕਾਰ ਬਣਨ 'ਤੇ ਵੀ ਸਾਡੇ ਖਿਲਾਫ ਇਸ ਲਈ ਕੁਝ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਦੇ ਦੋਸ਼ਾਂ 'ਚ ਕੋਈ ਸੱਚਾਈ ਹੀ ਨਹੀਂ ਸੀ। ਆਮ ਆਦਮੀ ਪਾਰਟੀ ਅਤੇ ਟਕਸਾਲੀ ਅਕਾਲੀ ਦਲ ਦੇ ਸਮਝੌਤੇ ਦੀਆਂ ਗੱਲਾਂ ਦੇ ਸਵਾਲ 'ਤੇ ਕੇਂਦਰੀ ਮੰਤਰੀ ਹਰਸਿਮਤਰ ਕੌਰ ਬਾਦਲ ਨੇ ਕਿਹਾ ਕਿ ਚੰਗੀ ਗੱਲ ਹੈ ਪਰ ਜ਼ੀਰੋ ਨਾਲ ਜਿੰਨੇ ਵੀ ਜ਼ੀਰੋ ਜੁੜ ਜਾਣ ਪਰ ਨਤੀਜਾ ਜ਼ੀਰੋ ਹੀ ਹੋਵੇਗਾ।
ਇਸ ਦੌਰਾਨ ਕੇਂਦਰੀ ਮੰਤਰੀ ਬੀਬਾ ਬਾਦਲ ਨੇ ਇਸ ਮੌਕੇ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਕੁਲ 1 ਕਰੋੜ 11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ। ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ ਸਾਬਕਾ ਮੰਤਰੀ ਪੰਜਾਬ, ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ, ਭਾਈ ਅਮਰੀਕ ਸਿੰਘ ਕੋਟਸ਼ਮੀਰ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਆਗੂ ਹਾਜ਼ਰ ਸਨ ।
ਸੂਬੇ ਨੂੰ 'ਬੈਸਟ ਪਰਫਾਰਮਿੰਗ ਸਟੇਟ ਇਨ ਸੈਨੀਟੇਸ਼ਨ' ਐਵਾਰਡ ਮਿਲਣ 'ਤੇ ਸਿੱਧੂ ਨੇ ਕੀਤੀ ਸ਼ਲਾਘਾ
NEXT STORY