ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ 'ਚ ਡੇਂਗੂ ਦੇ ਮਰੀਜ਼ਾਂ ਦੀ ਤਾਦਾਦ ਦਿਨ-ਬਾ-ਦਿਨ ਵਧਣੀ ਸ਼ੁਰੂ ਹੋ ਗਈ ਹੈ, ਜਿਸ ਕਾਰਣ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਡੇਂਗੂ ਦੇ 100 ਪੱਕੇ ਮਰੀਜ਼ਾਂ ਦੀ ਗਿਣਤੀ ਹੋ ਚੁੱਕੀ ਹੈ। ਪਰ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ 500 ਤੋਂ ਪਾਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਡੇਂਗੂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਪਿਛਲੇ ਸਾਲ ਤੋਂ ਵੱਧ ਵੇਖੀ ਜਾ ਰਹੀ ਹੈ, ਜਿਸ ਤੋਂ ਬਾਅਦ ਨਗਰ ਕੌਂਸਲ ਦੀ ਟੀਮ ਦੇ ਨਾਲ ਅੱਜ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਬੇਟੇ ਡਾ. ਸੰਦੀਪ ਅਗਨੀਹੋਤਰੀ ਨੇ ਆਪ ਸਕੂਟਰ ਚਲਾਉਂਦੇ ਹੋਏ ਸ਼ਹਿਰ ਵਾਸੀਆਂ ਨੂੰ ਡੇਂਗੂ ਮੱਛਰਾਂ ਤੋਂ ਬਚਾਉਣ ਲਈ ਫੌਗਿੰਗ ਕਰਵਾਉਣ 'ਚ ਅਹਿਮ ਰੋਲ ਅਦਾ ਕੀਤਾ।
ਮਰੀਜ਼ਾਂ ਦੀ ਗਿਣਤੀ 'ਚ ਹੋ ਰਿਹਾ ਵਾਧਾ
ਸਰਦੀਆਂ ਦੀ ਰੁੱਤ ਸ਼ੁਰੂ ਹੋਣ ਦੇ ਨਾਲ ਹੀ ਡੇਂਗੂ ਮੱਛਰ ਨੇ ਜਿੱਥੇ ਆਪਣਾ ਡੰਗ ਮਾਰਨਾ ਤੇਜ਼ ਕਰ ਦਿੱਤਾ ਹੈ ਉਥੇ ਇਸ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 100 ਦੇ ਨਜ਼ਦੀਕ ਪੁੱਜ ਗਈ ਹੈ। ਜਦ ਕਿ ਸ਼ੱਕੀ ਮਰੀਜ਼ਾਂ ਦੀ ਗਿਣਤੀ 300 ਤੋਂ ਪਾਰ ਹੋ ਚੁੱਕੀ ਹੈ। ਜ਼ਿਲੇ ਦੇ ਸਮੂਹ ਕਸਬਿਆਂ, ਮੁਹੱਲਿਆਂ ਆਦਿ ਵਿਖੇ ਡੇਂਗੂ ਮੱਛਰਾਂ ਨਾਲ ਕਈ ਲੋਕ ਸਿਵਲ ਹਸਪਤਾਲ ਤੱਕ ਨਹੀਂ ਪੁੱਜ ਰਹੇ ਹਨ ਜਿਨ੍ਹਾਂ ਦਾ ਪ੍ਰਾਈਵੇਟ ਹਸਪਤਾਲਾਂ ਅਤੇ ਕਲੀਨਿਕਾਂ 'ਚ ਇਲਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਮਰੀਜ਼ਾਂ ਦੀ ਗਿਣਤੀ ਨੂੰ ਜੇ ਸਰਕਾਰੀ ਗਿਣਤੀ ਨਾਲ ਜੋੜ ਕੇ ਵੇਖੀਏ ਤਾਂ ਇਸ ਦੀ ਗਿਣਤੀ 500 ਤੋਂ ਪਾਰ ਮੰਨੀ ਜਾ ਸਕਦੀ ਹੈ।
ਸ਼ਹਿਰ ਵਾਸੀਆਂ ਨੂੰ ਡੇਂਗੂ ਤੋਂ ਬਚਾਉਣਾ ਹੈ
ਇਸ ਡੇਂਗੂ ਦੇ ਮੱਛਰਾਂ ਦੀ ਦਿਨ-ਬਾ-ਦਿਨ ਵੱਧ ਰਹੀ ਗਿਣਤੀ ਨੂੰ ਵੇਖ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਬੇਟੇ ਡਾ. ਸੰਦੀਪ ਅਗਨੀਹੋਤਰੀ ਨੇ ਅੱਜ ਦੁਪਹਿਰ ਤੋਂ ਰਾਤ ਤੱਕ ਸਕੂਟਰ ਚਲਾਉਂਦੇ ਹੋਏ ਸਾਰੇ ਸ਼ਹਿਰ 'ਚ ਫੌਗਿੰਗ ਕਰਵਾਈ। ਇਹ ਫੌਗਿੰਗ ਖਾਲਸਾਪੁਰ ਰੋਡ, ਮਾਸਟਰ ਕਾਲੋਨੀ, ਜੰਡਿਆਲਾ ਰੋਡ, ਮੁਰਾਦਪੁਰਾ ਰੋਡ, ਸਰਹਾਲੀ ਰੋਡ, ਗਾਰਦ ਬਾਜ਼ਾਰ, ਚਾਰ ਖੰਭਾ ਚੌਕ, ਗਲੀ ਸੰਧੂ ਵਾਲੀ, ਮੁਹੱਲਾ ਨਾਨਕਸਰ, ਨੂਰਦੀ ਅੱਡਾ, ਮੁਹੱਲਾ ਟਾਂਕਸ਼ਤਰੀ, ਗਲੀ ਸਟੇਸ਼ਨ ਵਾਲੀ, ਮੁਹੱਲਾ ਲਾਲੀ ਸ਼ਾਹ, ਝਬਾਲ ਰੋਡ, ਚੰਦਰ ਕਾਲੋਨੀ ਤੋਂ ਇਲਾਵਾ ਹੋਰ ਮੁਹੱਲਿਆਂ 'ਚ ਵੀ ਫੌਗਿੰਗ ਕਰਵਾਈ ਗਈ। ਇਸ ਮੌਕੇ ਡਾ. ਸੰਦੀਪ ਅਗਨੀਹੋਤਰੀ ਨੇ ਦੱਸਿਆ ਕਿ ਇਹ ਫੌਗਿੰਗ ਕਰਵਾਉਣ ਦਾ ਮੁੱਖ ਕਾਰਣ ਸ਼ਹਿਰ ਵਾਸੀਆਂ ਨੂੰ ਡੇਂਗੂ ਤੋਂ ਬਚਾਉਣਾ ਹੈ, ਜਿਸ ਨਾਲ ਉਹ ਬੀਮਾਰ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਲੋਂ ਪਹਿਲਾਂ ਵੀ ਫੌਗਿੰਗ ਕਰਵਾਈ ਗਈ ਸੀ ਪਰ ਅੱਜ ਕਈ ਸ਼ੱਕੀ ਇਲਾਕਿਆਂ 'ਚ ਉਹ ਫੌਗਿੰਗ ਕਰਵਾਉਣ ਆਪ ਘਰੋਂ ਦੁਪਹਿਰ ਦੇ ਨਿਕਲੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਫੌਗਿੰਗ ਬੁੱਧਵਾਰ ਫਿਰ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ ਪਾਹਵਾ, ਬਾਊ ਬਸੰਤ ਲਾਲ, ਸੰਦੀਪ ਕੁਮਾਰ ਸੋਨੂੰ ਦੋਦੇ, ਰੀਤੀਕ ਅਰੋੜਾ, ਅਵਤਾਰ ਸਿੰਘ ਤਨੇਜਾ ਪ੍ਰਧਾਨ ਰਾਈਸ ਮਿਲਰਜ਼ ਐਸੋਸੀਏਸ਼ਨ, ਜੈਦੀਪ ਤਨੇਜਾ, ਪਵਨ ਅਗਨੀਹੋਤਰੀ ਆਦਿ ਕਾਂਗਰਸੀ ਵਰਕਰ ਵੀ ਹਾਜ਼ਰ ਸਨ।
ਇਸ ਤਰ੍ਹਾਂ ਪੈਦਾ ਹੁੰਦਾ ਡੇਂਗੂ ਮੱਛਰ
ਇਕ ਥਾਂ 'ਤੇ ਲਗਾਤਾਰ ਸੱਤ ਦਿਨ ਪਾਣੀ ਖੜ੍ਹਾ ਹੋਣ ਕਾਰਣ ਪਹਿਲਾਂ ਲਾਰਵਾ ਪੈਦਾ ਹੁੰਦਾ ਹੈ ਫਿਰ ਪਿਉਪਾ 'ਚ ਬਦਲਣ ਤੋਂ ਬਾਅਦ ਡੇਂਗੂ ਦਾ ਮੱਛਰ ਪੈਦਾ ਹੁੰਦਾ ਹੈ ਜੋ ਕਿਸੇ ਮਰੀਜ਼ ਦੀ ਜਾਨ ਵੀ ਲੈ ਸਕਦਾ ਹੈ।
ਬੱਚੇ ਵੀ ਹੋਣ ਲੱਗੇ ਬੀਮਾਰ
ਸਰਕਾਰੀ ਹਸਪਤਾਲ 'ਚ ਤਾਇਨਾਤ ਡਾ. ਨੀਰਜ ਲਤਾ ਨੇ ਦੱਸਿਆ ਕਿ ਡੇਂਗੂ ਦੇ ਸੀਜ਼ਨ ਦੌਰਾਨ ਜ਼ਿਆਦਾਤਰ ਲੋਕ ਘਬਰਾ ਕੇ ਉਨ੍ਹਾਂ ਕੋਲ ਬੱਚਿਆਂ ਦਾ ਇਲਾਜ ਕਰਵਾਉਣ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਸਾਫ-ਸੁਥਰੇ ਮਾਹੌਲ 'ਚ ਰੱਖੋ, ਉਨ੍ਹਾਂ ਲਈ ਮੱਛਰ ਭਜਾਉੂ ਕਰੀਮਾਂ ਦੀ ਵਰਤੋਂ ਜ਼ਰੂਰ ਕਰੋ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ ਕਰੀਬ 70 ਤੋਂ 80 ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਸਾਵਧਾਨੀ ਦੀ ਕਰੋ ਵਰਤੋਂ
ਜ਼ਿਲਾ ਐਪੀਡੀਮੋਲੋਜਿਸਟ ਅਫ਼ਸਰ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ, ਗਮਲਿਆਂ, ਹਵਾ ਵਾਲੇ ਕੂਲਰਾਂ, ਪਾਣੀ ਦੀ ਟੈਂਕੀ, ਟਾਇਰਾਂ, ਫਾਲਤੂ ਪਏ ਬਰਤਨਾਂ 'ਚ ਪਾਣੀ ਨਾ ਖੜ੍ਹਾ ਹੋਣ ਦੇਣ। ਉਨ੍ਹਾਂ ਕਿਹਾ ਕਿ ਜੇ ਕੋਈ ਮਰੀਜ਼ ਡੇਂਗੂ ਨਾਲ ਪੀੜਤ ਹੋ ਜਾਂਦਾ ਹੈ ਤਾਂ ਉਸ ਘਰ 'ਚ ਮੱਛਰ ਬਿੱਲਕੁਲ ਨਹੀਂ ਹੋਣਾ ਚਾਹੀਦਾ ਤਾਂ ਜੋ ਪੀੜਤ ਮਰੀਜ਼ ਨੂੰ ਡੰਗਣ ਤੋਂ ਬਾਅਦ ਕਿਸੇ ਹੋਰ ਤੰਦਰੁਸਤ ਵਿਅਕਤੀ ਨੂੰ ਕੱਟ ਕੇ ਇਨਫੈਕਟਡ ਨਾ ਕਰ ਦੇਵੇ। ਉਨ੍ਹਾਂ ਦੱਸਿਆ ਕਿ ਡੇਂਗੂ ਪੀੜਤ ਮਰੀਜ਼ ਨੂੰ ਦਿਨ 'ਚ ਘੱਟ ਤੋਂ ਘੱਟ 10 ਵੱਡੇ ਗਿਲਾਸ ਪਾਣੀ ਜਾਂ ਫਿਰ ਤਰਲ ਪਦਾਰਥ ਪੀਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਰਕਾਰੀ ਲੈਬਾਰਟਰੀ 'ਚ ਡੇਂਗੂ ਦੇ ਪੱਕੇ ਮਰੀਜ਼ਾਂ ਦੀ ਗਿਣਤੀ 85 ਤੋਂ ਪਾਰ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਸਰਕਾਰੀ ਇਲਾਜ ਅਨੁਸਾਰ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ।
ਸਿਹਤ ਵਿਭਾਗ ਵਲੋਂ ਕੀਤੇ ਗਏ ਹਨ ਉੱਚਿਤ ਪ੍ਰਬੰਧ
ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਲੋਕ ਆਪਣੇ ਸਰੀਰ ਨੂੰ ਕੱਪੜੇ ਨਾਲ ਢੱਕ ਕੇ ਰੱਖਣ, ਪਾਣੀ ਨੂੰ ਇਕ ਥਾਂ 'ਤੇ ਇਕੱਠਾ ਨਾ ਹੋਣ ਦੇਣ, ਬੁਖਾਰ ਆਦਿ ਹੋਣ 'ਤੇ ਸਰਕਾਰੀ ਹਸਪਤਾਲ 'ਚ ਮੌਜੂਦ ਡਾਕਟਰਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵਲੋਂ ਹਰ ਉੱਚਿਤ ਪ੍ਰਬੰਧ ਕੀਤੇ ਗਏ ਹਨ।
ਬਹਿਬਲ ਕਲਾਂ ਕਾਂਡ: ਸਾਬਕਾ ਐੱਸ.ਐੱਸ.ਪੀ. ਸ਼ਰਮਾ ਦੀਆਂ ਅਰਜ਼ੀਆਂ ਰੱਦ
NEXT STORY