ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਪਿੰਡ ਪਹੂਵਿੰਡ ਤੋਂ ਗੁਰਦੁਆਰਾ ਟਾਹਲਾ ਸਾਹਿਬ ਲਈ 8 ਫਰਵਰੀ ਨੂੰ ਨਗਰ ਕੀਰਤਨ ਦੌਰਾਨ ਇਕ ਟਰਾਲੀ 'ਚ ਹੋਏ ਧਮਾਕੇ ਨਾਲ ਮੌਕੇ 'ਤੇ ਹੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਜਦਕਿ ਹਸਪਤਾਲ 'ਚ ਜ਼ੇਰੇ ਇਲਾਜ ਦੋ ਹੋਰ ਨੌਜਵਾਨਾਂ ਦੀ ਬਾਅਦ 'ਚ ਮੌਤ ਹੋ ਚੁੱਕੀ ਹੈ। ਹਾਦਸੇ 'ਚ ਹੋਰ ਕਈ ਜ਼ਖਮੀ ਵੀ ਹੋ ਗਏ ਸਨ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਹਾਦਸੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਜਾਰੀ ਕੀਤੇ ਸਨ, ਜਿਸ ਦੇ ਜਲਦ ਮੁਕੰਮਲ ਹੋਣ ਤੋਂ ਬਾਅਦ ਕਈ ਲੋਕਾਂ 'ਤੇ ਗਾਜ ਡਿੱਗ ਸਕਦੀ ਹੈ।
ਇਸ ਹਾਦਸੇ ਦੀ ਜਾਂਚ ਕਰ ਰਹੇ ਐੱਸ. ਡੀ. ਐੱਮ. ਤਰਨਤਾਰਨ ਰਜਨੀਸ਼ ਅਰੋੜਾ ਵਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ, ਜਿਸ ਤੋਂ ਇਲਾਵਾ ਮ੍ਰਿਤਕਾਂ ਦੇ ਮਾਪਿਆਂ, ਗੁਰਦੁਆਰਾ ਸਾਹਿਬ ਦੇ ਮੈਨੇਜਰ, ਜ਼ਖ਼ਮੀਆਂ, ਮੌਕੇ 'ਤੇ ਮੌਜੂਦ ਗਵਾਹਾਂ, ਨਗਰ ਕੀਰਤਨ ਦਾ ਆਯੋਜਨ ਕਰਨ ਵਾਲੇ ਪ੍ਰਬੰਧਕਾਂ ਤੋਂ ਇਲਾਵਾ ਹੋਰ ਕਈਆਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ, ਜਿਸ ਤਹਿਤ ਹਾਦਸੇ ਦੀ ਕੀਤੀ ਜਾ ਰਹੀ ਜਾਂਚ ਕਰੀਬ 80 ਫੀਸਦੀ ਮੁਕੰੰਮਲ ਵੀ ਹੋ ਚੁੱਕੀ ਹੈ। ਪਰ ਇਕ ਕੇਸ 'ਚ ਥਾਣਾ ਭਿੱਖੀਵਿੰਡ ਦੇ ਮੁਖੀ ਦੇ ਬਿਆਨ ਦਰਜ ਕਰਨੇ ਹਾਲੇ ਬਾਕੀ ਹਨ। ਜਿਨ੍ਹਾਂ ਵਲੋਂ ਆਤਿਸ਼ਬਾਜ਼ੀ ਚਲਾਉਣ ਵਾਲੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਮੌਕੇ 'ਤੇ ਰੋਕਣ ਦੇ ਨਾਲ-ਨਾਲ ਧਮਾਕਾਖੇਜ਼ ਸਮੱਗਰੀ ਨਾਲ ਭਰੇ ਬੋਰੇ ਨੂੰ ਫੜ੍ਹਨ ਤੋਂ ਬਾਅਦ ਛੱਡਣ ਦੀ ਗੱਲ ਵੀ ਸਾਹਮਣੇ ਆਈ ਸੀ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਜਾਂਚ ਨੂੰ ਜਲਦ ਮੁਕੰਮਲ ਕਰਨ ਤੋਂ ਬਾਅਦ ਮੁਲਜ਼ਮ ਪਾਏ ਜਾਣ ਵਾਲੇ ਸਬੰਧਿਤ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ 'ਚ ਦੇਰੀ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਐੱਸ. ਪੀ. (ਡੀ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਹੋਏ ਧਮਾਕੇ ਸਬੰਧੀ ਜ਼ਿਲਾ ਪੁਲਸ ਅਤੇ ਫੋਰੈਂਸਿਕ ਲੈਬ ਆਪਣੇ ਤੌਰ 'ਤੇ ਵੱਖਰੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਾਂਚ 'ਚ ਮੁਲਜ਼ਮ ਪਾਏ ਜਾਣ ਵਾਲੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਬ ਡਵੀਜ਼ਨ ਤਰਨਤਾਰਨ ਦੇ ਮੈਜਿਸਟ੍ਰੇਟ ਰਜਨੀਸ਼ ਅਰੋੜਾ ਵਲੋਂ ਇਸ ਜਾਂਚ ਨੂੰ ਜਲਦ ਮੁਕੰਮਲ ਕਰ ਲਿਆ ਜਾਵੇਗਾ, ਜਿਸ ਨੂੰ ਨਿਰਪੱਖ ਢੰਗ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਰਿਪੋਰਟ ਨੂੰ ਸੀ. ਐੱਮ. ਹਾਊਸ ਭੇਜਣ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਕੋਰੋਨਾ ਵਾਇਰਸ ਦੀ ਦਹਿਸ਼ਤ - ਫਰੀਦਕੋਟ ਦੇ ਸਿਹਤ ਵਿਭਾਗ ਨੇ ਕੀਤੇ ਪੁਖਤਾ ਪ੍ਰਬੰਧ
NEXT STORY