ਤਰਨਤਾਰਨ(ਰਮਨ) : ਲੋਕ ਸਭਾ ਹਲਕਾ ਖਡੂਰ ਸਾਹਿਬ ਦੀਆਂ ਪਿਛਲੀਆਂ ਚੋਣਾਂ ਵਿਚ ਕੁਲ 17 ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ 'ਚੋਂ ਵੋਟ ਲੈਣ ਵਿਚ ਨੋਟਾ ਪੰਜਵੇਂ ਨੰਬਰ 'ਤੇ ਰਿਹਾ । ਜਦਕਿ 13 ਉਮੀਦਵਾਰ ਅਜਿਹੇ ਸਨ ਜੋ ਵੋਟ ਲੈਣ 'ਚ ਨੋਟਾ ਤੋਂ ਪਛੜਦੇ ਰਹੇ। ਇਨ੍ਹਾਂ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ । ਹਾਲਾਂਕਿ 13,990 ਵੋਟ ਲੈ ਕੇ ਸਾਬਕਾ ਐੱਮ. ਪੀ. ਸਿਮਰਨਜੀਤ ਸਿੰਘ ਮਾਨ ਵੀ ਆਪਣੀ ਜ਼ਮਾਨਤ ਬਚਾ ਨਹੀਂ ਸਕੇ। ਇਸ ਵਿਚ ਦੇਸ਼ ਦੀ ਮੁੱਖ ਪਾਰਟੀ ਬਸਪਾ ਵੀ ਸ਼ਾਮਲ ਹੈ।
ਅਕਾਲੀ ਦਲ ਨੂੰ ਮਿਲੀ ਸੀ ਲੀਡ
2014 ਦੀਆਂ ਲੋਕ ਸਭਾ ਚੋਣਾਂ 'ਚ ਰਣਜੀਤ ਸਿੰਘ ਬ੍ਰਹਮਪੁਰਾ ਜੋ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮੈਦਾਨ 'ਚ ਉਤਰੇ ਸਨ, ਨੂੰ ਸਾਰੇ 9 ਹਲਕਿਆਂ 'ਚ ਵਾਧਾ ਮਿਲਿਆ । ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਕੁਲ 4,67,332, ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੂੰ ਕੁਲ 3,66,763, ਆਮ ਆਦਮੀ ਪਾਰਟੀ ਦੇ ਭਾਈ ਬਲਦੀਪ ਸਿੰਘ ਨੂੰ ਕੁਲ 1,44,521, ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ ਨੂੰ 13,990 ਵੋਟ ਮਿਲੇ ਸਨ, ਜਦੋਂ ਕਿ ਆਜ਼ਾਦ ਉਮੀਦਵਾਰ ਗੁਰਨਾਮ ਸਿੰਘ ਨੂੰ 9307 ਤੇ ਬਸਪਾ ਦੇ ਸੁੱਚਾ ਸਿੰਘ ਮਾਨ 8491 ਵੋਟ ਲੈ ਕੇ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਸਨ। ਇਨ੍ਹਾਂ ਚੋਣਾਂ 'ਚ ਸਮਾਜਵਾਦੀ ਪਾਰਟੀ ਦੇ ਸਟੀਫਨ ਮਸੀਹ ਨੂੰ 4329, ਆਜ਼ਾਦ ਬਲਵਿੰਦਰ ਸਿੰਘ ਨੂੰ 3804, ਭੁਪਿੰਦਰ ਸਿੰਘ 3282, ਜਸਬੀਰ ਸਿੰਘ ਨੂੰ 3114, ਬਸਪਾ (ਅ) ਦੇ ਬਲਵੰਤ ਸਿੰਘ ਸੁਲਤਾਨਪੁਰੀ ਨੂੰ 2930, ਆਜ਼ਾਦ ਮਹਿੰਦਰ ਸਿੰਘ ਹਮੀਰਾ ਨੂੰ 1720, ਸੁਖਚੈਨ ਚੰਦ ਨੂੰ 1313, ਗੁਰਪਾਲ ਸਿੰਘ ਨੂੰ 1182, ਸੁਖਵੰਤ ਸਿੰਘ ਨੂੰ 1053, ਕੰਵਲਜੀਤ ਸਿੰਘ 962, ਸੁਖਦੇਵ ਸਿੰਘ ਚੌਹਾਨ ਨੂੰ 801 ਵੋਟ ਲੈ ਕੇ ਘਰ ਵਾਪਸ ਪਰਤਣਾ ਪਿਆ ਸੀ।
ਹਜ਼ਾਰਾਂ ਲੋਕਾਂ ਨੇ 'ਨੋਟਾ' ਰਾਹੀਂ ਉਮੀਦਵਾਰਾਂ ਨੂੰ ਨਕਾਰਿਆ ਸੀ
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਪਿਛਲੀ ਚੋਣ ਵਿਚ ਕੁਲ 9 ਵਿਧਾਨ ਸਭਾ ਹਲਕਿਆਂ ਵਿਚ 5624 ਲੋਕਾਂ ਨੇ ਨੋਟਾ ਦਾ ਬਟਨ ਦਬਾ ਚੋਣ ਮੈਦਾਨ ਵਿਚ ਉਤਰੇ ਉਮੀਦਵਾਰਾਂ ਨੂੰ ਨਕਾਰ ਦਿੱਤਾ ਸੀ। ਹਾਲਾਂਕਿ ਇਸ ਚੋਣ 'ਚ 17 ਉਮੀਦਵਾਰਾਂ 'ਚੋਂ 13 ਉਮੀਦਵਾਰਾਂ ਨੂੰ ਨੋਟਾ ਤੋਂ ਘੱਟ ਵੋਟਾਂ 'ਤੇ ਸਬਰ ਕਰਨਾ ਪਿਆ ਸੀ। ਸਭ ਤੋਂ ਜ਼ਿਆਦਾ ਵਿਧਾਨ ਸਭਾ ਹਲਕਾ ਪੱਟੀ 'ਚ 824 ਨੋਟਾ ਦੇ ਬਟਨ ਦਬਾਏ ਗਏ ਸਨ। ਇਸ ਤਰ੍ਹਾਂ ਹਲਕਾ ਖੇਮਕਰਨ 'ਚ 750, ਜ਼ੀਰਾ 'ਚ 685, ਤਰਨਤਾਰਨ 'ਚ 660, ਜੰਡਿਆਲਾ ਗੁਰੂ 'ਚ 623, ਕਪੂਰਥਲਾ 'ਚ 622, ਖਡੂਰ ਸਾਹਿਬ 'ਚ 556, ਬਾਬਾ ਬਕਾਲਾ 'ਚ 491 ਅਤੇ ਸੁਲਤਾਨਪੁਰ ਲੋਧੀ 'ਚ 413 ਵੋਟ ਨੋਟਾ ਨੂੰ ਮਿਲੇ ਸਨ।
2014 'ਚ ਜ਼ੀਰਾ 'ਚ ਹੋਈ ਜ਼ਿਆਦਾ ਵੋਟਿੰਗ
ਸਾਲ 2014 'ਚ ਲੋਕ ਸਭਾ ਹਲਕੇ ਜ਼ੀਰਾ ਵਿਚ 72.75 ਫੀਸਦੀ ਵੋਟਿੰਗ ਹੋਈ ਸੀ ਜਦੋਂ ਕਿ ਜੰਡਿਆਲਾ ਗੁਰੂ 'ਚ 64.55 ਫੀਸਦੀ, ਤਰਨਤਾਰਨ 'ਚ 63.69 ਫੀਸਦੀ, ਖੇਮਕਰਨ 67.35 ਫੀਸਦੀ, ਪੱਟੀ 66.94 ਫੀਸਦੀ, ਖਡੂਰ ਸਾਹਿਬ 68.93 ਫੀਸਦੀ, ਬਾਬਾ ਬਕਾਲਾ 'ਚ 59.65 ਫੀਸਦੀ, ਸੁਲਤਾਨਪੁਰ ਲੋਧੀ 'ਚ 71.38 ਫੀਸਦੀ, ਕਪੂਰਥਲਾ 'ਚ 68.18 ਫੀਸਦੀ ਵੋਟਿੰਗ ਦਰਜ ਕੀਤੀ ਗਈ।
ਇਸ ਵਾਰ ਕੁਲ 1902 ਪੋਲਿੰਗ ਸਟੇਸ਼ਨਾਂ 'ਤੇ ਪੈਣਗੀਆਂ ਵੋਟਾਂ
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ 'ਚੋਂ ਸਭ ਤੋਂ ਜ਼ਿਆਦਾ ਪੋਲਿੰਗ ਸਟੇਸ਼ਨ ਖੇਮਕਰਨ ਹਲਕੇ 'ਚ ਬਣਾਏ ਗਏ ਹਨ। ਇੱਥੇ 231 ਪੋਲਿੰਗ ਸਟੇਸ਼ਨ ਹਨ ਜਦੋਂ ਕਿ ਬਾਬਾ ਬਕਾਲਾ ਹਲਕੇ 'ਚ 226 ਪੋਲਿੰਗ ਸਟੇਸ਼ਨ, ਖਡੂਰ ਸਾਹਿਬ 'ਚ 225, ਜ਼ੀਰਾ 'ਚ 223, ਪੱਟੀ 'ਚ 213, ਤਰਨਤਾਰਨ 'ਚ 209, ਜੰਡਿਆਲਾ 'ਚ 201, ਸੁਲਤਾਨਪੁਰ ਲੋਧੀ 'ਚ 190 ਅਤੇ ਸਭ ਤੋਂ ਘੱਟ ਕਪੂਰਥਲਾ 'ਚ 184 ਪੋਲਿੰਗ ਸਟੇਸ਼ਨ ਹਨ। ਜ਼ਿਲਾ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਥੇ ਅਧਿਕਾਰੀਆਂ ਨੂੰ ਨੌਜਵਾਨ ਵੋਟਰਾਂ ਪ੍ਰਤੀ ਪੂਰੀ ਮਿਹਨਤ ਨਾਲ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਮਹਿਲਾ ਵੋਟਰਾਂ ਨੂੰ ਵੀ ਵੋਟ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਚੋਣਾਂ ਨੂੰ ਲੈ ਕੇ ਨਾਗਰਿਕਾਂ ਦੀ ਸਹੂਲਤ ਲਈ ਮੋਬਾਇਲ ਐਪਲੀਕੇਸ਼ਨਾਂ ਦੀ ਸ਼ੁਰੂਆਤ
NEXT STORY