ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਸਥਾਨਕ ਸਮਰਾਲਾ ਰੋਡ ’ਤੇ ਖੋਖਾ ਲਾ ਕੇ ਚਾਹ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਯੋਗੀ ਸਾਹਨੀ ਦੇ ਲੰਘੀ 20 ਜੂਨ ਨੂੰ ਬੇਰਹਿਮੀ ਨਾਲ ਹੋਏ ਕਤਲ ਦੀ ਗੁੱਥੀ ਮਾਛੀਵਾੜਾ ਪੁਲਸ ਨੇ ਸੁਲਝਾ ਲਈ ਹੈ ਤੇ ਇਸ ਕੇਸ ਵਿਚ ਮ੍ਰਿਤਕ ਦੇ ਸਾਥੀ ਧਰਮਿੰਦਰ ਦਾਸ ਧਾਰੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਤੋਂ ਕਤਲ ਲਈ ਵਰਤਿਆ ਗਿਆ ਦਾਤਰ ਵੀ ਬਰਾਮਦ ਕੀਤਾ।
ਅੱਜ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਐੱਸ. ਪੀ. ਡੀ. ਜਸਵੀਰ ਸਿੰਘ ਦੀ ਅਗਵਾਈ ਹੇਠ ਥਾਣਾ ਮੁਖੀ ਸੁਰਿੰਦਰਪਾਲ ਸਿੰਘ, ਸੀ. ਏ. ਇੰਚਾਰਜ ਬਲਜਿੰਦਰ ਸਿੰਘ ਦੀ ਟੀਮ ਨੇ ਸਖਤ ਮਿਹਨਤ ਕਰਦਿਆਂ ਕਾਤਲ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਧਰਮਿੰਦਰ ਦਾਸ ਉਰਫ਼ ਧਾਰੂ, ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਹੈ, ਯੋਗੀ ਸਾਹਨੀ ਦੇ ਖੋਖੇ ’ਤੇ ਅਕਸਰ ਚਾਹ ਤੇ ਬੀੜੀ-ਸਿਗਰੇਟ ਪੀਣ ਲਈ ਅਾਉਂਦਾ ਸੀ, ਜਿਸ ਕਾਰਨ ਦੋਵਾਂ ’ਚ ਜਾਣ-ਪਛਾਣ ਹੋ ਗਈ। ਯੋਗੀ ਸਾਹਨੀ ਨੇ ਧਰਮਿੰਦਰ ਦਾਸ ਤੋਂ ਮੋਬਾਇਲ ਲਈ ਸਿਮ ਕਾਰਡ ਲਿਅਾ, ਜਿਸ ਦੇ ਬਦਲੇ ਉਸਨੇ 500 ਰੁਪਏ ਉਧਾਰ ਲੈ ਲਏ। ਯੋਗੀ ਸਾਹਨੀ ਧਰਮਿੰਦਰ ਦਾਸ ਤੋਂ ਆਪਣੇ 500 ਰੁਪਏ ਵਾਪਸ ਮੰਗਣ ਲਗ ਪਿਆ, ਜਿਸ ਕਾਰਨ ਉਹ ਉਸਦੇ ਖੋਖੇ ’ਤੇ ਜਾਣਾ ਵੀ ਘਟ ਗਿਆ।
ਲੰਘੀ 20 ਜੂਨ ਨੂੰ ਧਰਮਿੰਦਰ ਦਾਸ ਧਾਰੂ ਮਾਛੀਵਾੜਾ ਸ਼ਹਿਰ ’ਚੋਂ ਤੇਜ਼ਧਾਰ ਦਾਤਰ, ਜੋ ਕਿ ਉਹ ਖੇਤੀਬਾੜੀ ਕੰਮਾਂ ਲਈ ਵਰਤਦਾ ਸੀ, ਨੂੰ ਠੀਕ ਕਰਵਾ ਕੇ ਵਾਪਸ ਆਪਣੇ ਘਰ ਨੂੰ ਗੜ੍ਹੀ ਪੁਲ ਦੇ ਨੇੜੇ ਜਾ ਰਿਹਾ ਸੀ ਕਿ ਰਸਤੇ ਵਿਚ ਸਮਰਾਲਾ ਰੋਡ ’ਤੇ ਚਾਹ ਦੇ ਖੋਖੇ ਨੇੜੇ ਬਣੇ ਕਮਰੇ ਦੀ ਛੱਤ ’ਤੇ ਯੋਗੀ ਸਾਹਨੀ ਸ਼ਰਾਬ ਪੀ ਰਿਹਾ ਸੀ ਤੇ ਉਸ ਨੇ ਧਰਮਿੰਦਰ ਦਾਸ ਨੂੰ ਅਾਵਾਜ਼ ਮਾਰ ਕੇ ਉਪਰ ਬੁਲਾ ਲਿਆ। ਫਿਰ ਦੋਵਾਂ ਨੇ ਸ਼ਰਾਬ ਪੀਤੀ ਅਤੇ ਇਸ ਦੌਰਾਨ ਯੋਗੀ ਨੇ ਆਪਣੇ 500 ਰੁਪਏ ਉਸ ਤੋਂ ਮੰਗੇ। ਨਸ਼ੇ ਵਿਚ ਯੋਗੀ ਸਾਹਨੀ ਨੇ ਆਪਣੇ ਸਾਥੀ ਧਰਮਿੰਦਰ ਦਾਸ ਦੀ ਡੰਡੇ ਨਾਲ ਕੁੱਟ-ਮਾਰ ਵੀ ਕਰਨੀ ਸ਼ੁਰੂ ਕਰ ਦਿੱਤੀ ਤੇ ਗੁੱਸੇ ਵਿਚ ਆਏ ਧਰਮਿੰਦਰ ਦਾਸ ਨੇ ਤੇਜ਼ਧਾਰ ਦਾਤਰ ਨਾਲ ਉਸਦੇ ਗਲੇ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਉਹ ਮੌਕੇ ’ਤੇ ਹੀ ਮਰ ਗਿਆ।
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਤੇ ਜਾਂਦੇ ਹੋਏ ਯੋਗੀ ਸਾਹਨੀ ਦਾ ਮੋਬਾਇਲ ਵੀ ਨਾਲ ਲੈ ਗਿਆ। ਪੁਲਸ ਨੂੰ ਪਹਿਲੇ ਦਿਨ ਤੋਂ ਧਰਮਿੰਦਰ ਦਾਸ ਉਰਫ਼ ਧਾਰੂ ’ਤੇ ਸ਼ੱਕ ਸੀ ਪਰ ਜਦੋਂ ਉਸਨੇ ਮ੍ਰਿਤਕ ਯੋਗੀ ਸਾਹਨੀ ਦਾ ਮੋਬਾਇਲ ਚਲਾਇਆ ਤਾਂ ਪੁਲਸ ਦਾ ਸ਼ੱਕ ਯਕੀਨ ’ਚ ਬਦਲ ਗਿਆ ਤੇ ਉਸਨੂੰ ਕਾਬੂ ਕਰ ਲਿਆ। ਕਥਿਤ ਦੋਸ਼ੀ ਨੇ ਜਿਥੇ ਇਸ ਕਤਲ ਨੂੰ ਮੰਨਿਆ, ਉਥੇ ਹੀ ਕਤਲ ਲਈ ਵਰਤਿਆ ਦਾਤਰ ਵੀ ਉਸ ਦੇ ਘਰੋਂ ਬਰਾਮਦ ਕਰ ਲਿਆ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਹਰਸਿਮਰਤ ਸਿੰਘ ਛੇਤਰਾ ਤੇ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ ਵੀ ਮੌਜੂਦ ਸਨ।
ਸੀਵਰੇਜ ਦਾ ਪਾਣੀ ਗਲੀਆਂ ’ਚ ਆਉਣ ਨਾਲ ਸ਼ਹਿਰ ਵਾਸੀਆਂ ’ਚ ਰੋਸ
NEXT STORY