ਬਟਾਲਾ, (ਬੇਰੀ)- ਡੀ. ਜੀ. ਐੱਸ. ਈ. ਪੰਜਾਬ ਚੰਡੀਗੜ੍ਹ ਵੱਲੋਂ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮਨਸੂਬੇ ਨਾਲ ਵਿੱਦਿਅਕ ਢਾਂਚੇ ਨੂੰ ਚੁਸਤ-ਦਰੁਸਤ ਕਰਨ ਲਈ ਸਰਕਾਰੀ ਸਕੂਲਾਂ 'ਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰਾਂ ਦੇ ਕੀਤੇ ਗਏ ਤਬਾਦਲਿਆਂ ਦੇ ਮੱਦੇਨਜ਼ਰ ਅੱਜ ਬਟਾਲਾ 'ਚ ਉਸ ਵੇਲੇ ਮਾਹੌਲ ਗਰਮਾ ਗਿਆ, ਜਦੋਂ ਡੀ. ਜੀ. ਐੱਸ. ਈ. ਵੱਲੋਂ ਆਏ ਹੁਕਮਾਂ 'ਤੇ ਬਟਾਲਾ ਦੇ ਇਕ ਸਰਕਾਰੀ ਸਕੂਲ ਵਿਚ ਆਪਣੀ ਡਿਊਟੀ ਜੁਆਇਨ ਕਰਨ ਗਈ ਮਹਿਲਾ ਸਿੱਖਿਆ ਪ੍ਰੋਵਾਈਡਰ ਨੂੰ ਡਿਊਟੀ ਜੁਆਇਨ ਕਰਨ ਦੇਣ ਦੀ ਬਜਾਏ ਸਕੂਲ ਵਿਚ ਲਗਾਤਾਰ 4 ਘੰਟੇ ਤੱਕ ਨਾਜਾਇਜ਼ ਬਿਠਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ।
ਇਹ ਹੈ ਮਾਮਲਾ
ਇਸ ਸਬੰਧੀ ਮਹਿਲਾ ਸਿੱਖਿਆ ਪ੍ਰੋਵਾਈਡਰ ਕੰਚਨਦੀਪ ਕੌਰ ਪਤਨੀ ਜਸਪਾਲ ਸਿੰਘ ਨੇ ਡੀ. ਜੀ. ਐੱਸ. ਈ. ਵੱਲੋਂ ਕੀਤੇ ਤਬਾਦਲਿਆਂ ਦੀ ਸੂਚੀ ਵਿਚ ਸ਼ਾਮਲ ਆਪਣਾ ਨਾਂ ਦਿਖਾਉਂਦਿਆਂ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਧੀਰੋਵਾਲ (ਕਲਾਨੌਰ) ਵਿਖੇ ਪਹਿਲਾਂ ਡਿਊਟੀ ਕਰਦੀ ਸੀ ਅਤੇ ਹੁਣ ਸਰਕਾਰ ਵੱਲੋਂ ਸਿੱਖਿਆ ਪ੍ਰੋਵਾਈਡਰਾਂ ਦੀਆਂ ਕੀਤੀਆਂ ਗਈਆਂ ਬਦਲੀਆਂ ਤਹਿਤ ਉਸਦੀ ਬਦਲੀ ਵੀ ਸਕੂਲ ਧੀਰੋਵਾਲ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਅਰਬਨ ਅਸਟੇਟ ਵਿਖੇ ਕੀਤੀ ਗਈ ਹੈ। ਕੰਚਨਦੀਪ ਕੌਰ ਨੇ ਅੱਗੇ ਦੱਸਿਆ ਕਿ ਆਪਣੇ ਬਦਲੀ ਦੇ ਸਰਕਾਰੀ ਆਦੇਸ਼ਾਂ ਨੂੰ ਲੈ ਕੇ ਉਹ ਸਰਕਾਰੀ ਪ੍ਰਾਇਮਰੀ ਸਕੂਲ ਅਰਬਨ ਅਸਟੇਟ ਵਿਖੇ ਜਦੋਂ ਡਿਊਟੀ ਜੁਆਇਨ ਕਰਨ ਲਈ ਪਹੁੰਚੀ ਤਾਂ ਉਥੇ ਡਿਊਟੀ 'ਤੇ ਤਾਇਨਾਤ ਅਧਿਆਪਕਾਂ ਨੇ ਉਸ ਨੂੰ ਇਹ ਕਹਿ ਕੇ ਡਿਊਟੀ ਜੁਆਇਨ ਨਹੀਂ ਕਰਨ ਦਿੱਤੀ ਕਿ ਇਥੇ ਪਹਿਲਾਂ ਹੀ ਅਧਿਆਪਕਾਂ ਦੀ ਗਿਣਤੀ ਬੱਚਿਆਂ ਮੁਤਾਬਕ ਪੂਰੀ ਹੈ, ਇਸ ਲਈ ਇਥੇ ਹੋਰ ਕਿਸੇ ਵੀ ਸਿੱਖਿਆ ਪ੍ਰੋਵਾਈਡਰ ਲਈ ਪੋਸਟ ਖਾਲੀ ਨਹੀਂ ਹੈ। ਮਹਿਲਾ ਸਿੱਖਿਆ ਪ੍ਰੋਵਾਈਡਰ ਕੰਚਨਦੀਪ ਕੌਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਇਹ ਸਾਰਾ ਮਾਮਲਾ ਬੀ. ਪੀ. ਈ. ਓ. ਬਟਾਲਾ ਰਜੀਵ ਕੰਵਲ ਸਿੰਘ ਦੇ ਧਿਆਨ ਹਿੱਤ ਲਿਆਂਦਾ, ਜਿਸ 'ਤੇ ਜਦੋਂ ਬੀ. ਪੀ. ਈ. ਓ. ਰਜੀਵ ਕੰਵਲ ਸਕੂਲ ਵਿਖੇ ਪਹੁੰਚੇ ਤਾਂ ਅਧਿਆਪਕਾਂ ਨੇ ਬੀ. ਪੀ. ਈ. ਓ. ਨੂੰ ਕਮਰੇ ਦੇ ਅੰਦਰ ਹੀ ਨਹੀਂ ਆਉਣ ਦਿੱਤਾ।
ਮਹਿਲਾ ਸਿੱਖਿਆ ਪ੍ਰੋਵਾਈਡਰ ਦੇ ਸਮਰਥਨ 'ਤੇ ਆਏ ਪਰਿਵਾਰਕ ਮੈਂਬਰ ਤੇ ਕਲਾਨੌਰ ਵਾਸੀ
ਮਹਿਲਾ ਸਿੱਖਿਆ ਪ੍ਰੋਵਾਈਡਰ ਕੰਚਨਦੀਪ ਕੌਰ ਨੂੰ ਡਿਊਟੀ ਜੁਆਇਨ ਨਾ ਕਰਨ ਦੇਣ ਬਾਰੇ ਜਦੋਂ ਕੰਚਨਦੀਪ ਦੇ ਪਰਿਵਾਰ ਵਾਲਿਆਂ ਨੂੰ ਪਤਾ ਚੱਲਿਆ ਤਾਂ ਪਰਿਵਾਰਕ ਮੈਂਬਰਾਂ ਨੇ ਕਲਾਨੌਰ ਵਾਸੀ ਜਿਨ੍ਹਾਂ 'ਚ ਕਾਮਰੇਡ ਜਗਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਮਾ. ਦਲਜੀਤ ਸਿੰਘ ਸਾਬਕਾ ਚੇਅਰਮੈਨ ਫਾਰਮੇਸੀ ਕੌਂਸਲ ਪੰਜਾਬ, ਜਥੇਦਾਰ ਬਲਵੰਤ ਸਿੰਘ ਜ਼ਿਲਾ ਮੀਤ ਪ੍ਰਧਾਨ ਗੁਰਦਾਸਪੁਰ, ਹਰਮਿੰਦਰ ਸਿੰਘ, ਰਮਨ ਕੁਮਾਰ, ਗੁਰਮੁੱਖ ਸਿੰਘ, ਸਾਜਨ ਕੁਮਾਰ, ਦਲਜਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ ਤੇ ਸੁਰਜੀਤ ਸਿੰਘ ਨੇ ਰੋਹ ਭਰੇ ਲਹਿਜੇ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਿੱਖਿਆ ਪ੍ਰੋਵਾਈਡਰ ਕੰਚਨਦੀਪ ਕੌਰ ਨੂੰ ਜੁਆਇਨ ਨਾ ਕਰਨ ਦਿੱਤਾ ਗਿਆ ਤਾਂ ਉਹ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਗੇ ਅਤੇ ਲੋੜ ਪੈਣ 'ਤੇ ਕੰਚਨਦੀਪ ਕੌਰ ਦੀ ਜੁਆਇਨਿੰਗ ਕਰਵਾਉਣ ਲਈ ਸੰਘਰਸ਼ ਨੂੰ ਵੱਡੇ ਪੱਧਰ 'ਤੇ ਵਿੱਢਿਆ ਜਾਵੇਗਾ।
ਅਧਿਆਪਕਾਂ ਦੇ ਹੱਕ 'ਚ ਨਿੱਤਰੀ ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਗੇਟ ਅੱਗੇ ਲਾਇਆ ਧਰਨਾ
ਸਰਕਾਰੀ ਪ੍ਰਾਇਮਰੀ ਸਕੂਲ ਅਰਬਨ ਅਸਟੇਟ ਵਿਖੇ ਤਾਇਨਾਤ ਆਪਣੇ ਸਾਥੀ ਅਧਿਆਪਕਾਂ ਦੇ ਹੱਕ ਵਿਚ ਨਿੱਤਰਦਿਆਂ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਮਹਿਲਾ ਸਿੱਖਿਆ ਪ੍ਰੋਵਾਈਡਰ ਕੰਚਨਦੀਪ ਕੌਰ ਦੇ ਉਕਤ ਸਕੂਲ ਵਿਚ ਕੀਤੇ ਤਬਾਦਲੇ ਨੂੰ ਨਾਜਾਇਜ਼ ਦੱਸਿਆ ਅਤੇ ਸਕੂਲ ਦੇ ਮੇਨ ਗੇਟ ਅੱਗੇ ਧਰਨਾ ਲਾਉਂਦਿਆਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੁਖਰਾਜ ਸਿੰਘ ਕਾਹਲੋਂ ਤੇ ਮੀਤ ਸਕੱਤਰ ਹਰਪ੍ਰੀਤ ਸਿੰਘ ਪਰਮਾਰ ਨੇ ਰੋਸ ਪ੍ਰਗਟਾਇਆ ਕਿ ਸਿੱਖਿਆ ਵਿਭਾਗ ਵੱਲੋਂ ਇਹ ਬਦਲੀਆਂ ਨਿਯਮਾਂ ਦੇ ਉਲਟ ਕੀਤੀਆਂ ਗਈਆਂ ਹਨ, ਜਿਸ 'ਚ ਮਹਿਲਾ ਸਿੱਖਿਆ ਪ੍ਰੋਵਾਈਡਰ ਕੰਚਨਦੀਪ ਕੌਰ ਦੀ ਬਦਲੀ ਵੀ ਸ਼ਾਮਲ ਹੈ ਅਤੇ ਇਹ ਬਦਲੀ ਸਿੱਖਿਆ ਬਲਾਕ ਬਟਾਲਾ-1 ਵਿਖੇ ਬੱਚਿਆਂ ਦੀ ਗਿਣਤੀ ਦੇ ਉਲਟ ਨਿਯਮਾਂ ਨੂੰ ਤੋੜ ਕੇ ਕੀਤੀ ਗਈ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਟਾਲਾ-1 ਵਿਚ ਕੀਤੀ ਗਈ ਬਦਲੀ ਨੂੰ ਜਥੇਬੰਦੀ ਲਾਗੂ ਨਹੀਂ ਹੋਣ ਦੇਵੇਗੀ।
ਇਸ ਮੌਕੇ ਧਰਨਾ ਦੇਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਰਵਿੰਦਰਪਾਲ ਸਿੰਘ, ਕੁਲਦੀਪ ਮਲਿਕ, ਪਰਮਜੀਤ ਸਿੰਘ ਖਾਰਾ, ਸਰਬਜੀਤ ਔਲਖ, ਜਸਪਾਲ ਸਿੰਘ ਕਾਹਲੋਂ, ਸੁਖਦੇਵ ਸਿੰਘ ਲਵਲੀ, ਅਵਤਾਰ ਸਿੰਘ, ਮੰਗਤ ਰਾਮ, ਤੇਜਿੰਦਰ ਬਾਠ, ਰਣਜੀਤ ਸਿੰਘ, ਜਤਿੰਦਰਪਾਲ ਸਿੰਘ, ਪ੍ਰਵੇਸ਼ ਕੁਮਾਰ, ਸੁਨੀਲ ਸਹਿਗਲ, ਹਰਪਿੰਦਰ ਸਿੰਘ, ਦਾਊਦ ਅਹਿਮਦ, ਬਲਜੀਤ ਸਿੰਘ, ਬਰਿੰਦਰ ਸਿੰਘ, ਕਰਨਵੀਰ, ਵਰਿੰਦਰ ਰਿਆੜ, ਰਛਪਾਲ ਉੱਦੋਕੇ, ਰਵਿੰਦਰ ਸਿੰਘ ਜੈਤੋਸਰਜਾ, ਰਜਿੰਦਰ ਸਿੰਘ ਸਦਾਰੰਗ, ਸਰਬਜੀਤ ਕੌਰ, ਰਵਨੀਤ ਕੌਰ, ਬਲਜਿੰਦਰ ਬੱਲ, ਦਿਲਪ੍ਰੀਤ ਕੌਰ, ਰਜਵੰਤ ਕੌਰ, ਹਰਪਿੰਦਰ ਕੌਰ, ਬਲਵਿੰਦਰ ਕੌਰ, ਰਜਿੰਦਰ ਕੌਰ, ਲਖਬੀਰ ਚੀਮਾਂ, ਸਰਬਜੀਤ ਸਿੰਘ ਹਰਸ਼ੀਆਂ ਆਦਿ ਮੌਜੂਦ ਸਨ।ਉਕਤ ਮਾਮਲੇ ਸਬੰਧੀ ਜਦੋਂ ਬੀ. ਪੀ. ਈ. ਓ ਬਲਾਕ ਬਟਾਲਾ-1 ਦੇ ਰਜੀਵ ਕਮਲ ਸਿੰਘ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਵਿਆਹੁਤਾ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਦੇ ਦੋਸ਼ 'ਚ 5 ਨਾਮਜ਼ਦ
NEXT STORY