ਮੋਹਾਲੀ (ਨਿਆਮੀਆਂ) - ਮੋਹਾਲੀ ਪ੍ਰੈੱਸ ਕਲੱਬ ਵਲੋਂ ਧੀਆਂ ਦੀ ਲੋਹੜੀ ਦਾ 9ਵਾਂ ਮੇਲਾ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਪ੍ਰੈੱਸ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਮੋਹਾਲੀ ਵਿਚ ਪ੍ਰੈੱਸ ਕਲੱਬ ਲਈ ਇਮਾਰਤ ਤਿਆਰ ਕਰ ਕੇ ਦੇਵੇਗੀ। ਇਥੇ ਇਕ ਰਿਜ਼ੋਰਟ ਵਿਚ ਕਰਵਾਏ ਗਏ ਇਸ ਮੇਲੇ ਵਿਚ ਕੈਬਨਿਟ ਮੰਤਰੀ ਨੇ ਪ੍ਰੈੱਸ ਕਲੱਬ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਪ੍ਰੈੱਸ ਕਲੱਬ ਦਾ ਕੈਲੰਡਰ ਤੇ ਸੋਵੀਨਾਰ ਰਿਲੀਜ਼ ਕੀਤਾ ਤੇ ਬਾਅਦ ਵਿਚ ਚੰਨੀ ਨੇ ਕਲਾਕਾਰਾਂ ਨੂੰ ਮੋਮੈਂਟ ਭੇਟ ਕੀਤੇ। ਮੇਲੇ ਵਿਚ ਵਿਸ਼ੇਸ ਤੌਰ 'ਤੇ ਸ਼ਿਰਕਤ ਕਰਕੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੋਹਾਲੀ ਪ੍ਰੈੱਸ ਕਲੱਬ ਵਲੋਂ ਧੀਆਂ ਦੀ ਲੋਹੜੀ ਮਨਾਉਣਾ ਵਧੀਆ ਕਦਮ ਹੈ ਤੇ ਸਮਾਜ ਨੂੰ ਸਹੀ ਸੇਧ ਦੇਣ ਵਾਲੀ ਗੱਲ ਹੈ। ਇਸ ਤੋਂ ਪਹਿਲਾਂ ਸਮਾਗਮ ਦਾ ਆਗਾਜ਼ ਮੋਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਨੇ ਲੋਹੜੀ ਬਾਲ ਕੇ ਕੀਤਾ।
ਮੋਹਾਲੀ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਵਿਚ ਕਰਵਾਏ ਇਸ ਮੇਲੇ 'ਚ ਲੋਕ ਗਾਇਕ ਹਰਜੀਤ ਹਰਮਨ, ਸਹਿਜ਼ਾਦਾ ਰਾਜ ਤੇ ਸਰਬ ਘੁਮਾਣ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਕਲੱਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਕਲਾਕਾਰਾਂ ਵਲੋਂ ਕੀਤੇ ਸਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਮਾੜੇ ਗੀਤਕਾਰਾਂ ਵਲੋਂ ਸੱਭਿਆਚਾਰ ਵਿਚ ਫੈਲਾਏ ਜਾ ਰਹੇ ਪ੍ਰਦੂਸ਼ਣ ਦੀ ਨਿਖੇਧੀ ਕੀਤੀ। ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਬੈਨੀਪਾਲ, ਸੁਰ ਸੰਗਮ ਸਟੂਡੀਓ ਦੇ ਮਾਲਕ ਜਰਨੈਲ ਘੁਮਾਣ, ਗੁਰਜੀਤ ਸਿੰਘ ਬਿੱਲਾ, ਅਰੁਣ ਨਾਭਾ ਤੇ ਮਨਜੀਤ ਟਿਵਾਣਾ ਆਦਿ ਮੈਂਬਰ ਹਾਜ਼ਰ ਸਨ।
ਕਰੰਟ ਲੱਗਣ ਨਾਲ ਵਿਅਕਤੀ ਝੁਲਸਿਆ
NEXT STORY