ਤਲਵੰਡੀ ਸਾਬੋ (ਮੁਨੀਸ਼)-ਹਮੇਸ਼ਾ ਹੀ ਸੁਰਖੀਆਂ 'ਚ ਰਹਿਣ ਵਾਲੀ ਤਲਵੰਡੀ ਸਾਬੋ ਦੀ ਤਹਿਸੀਲ ਵਿਖੇ ਲੋਕਾਂ ਦੀਆਂ ਰਜਿਸਟਰੀਆਂ ਨਾ ਹੋਣ ਕਰ ਕੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਰਜਿਸਟਰੀਆਂ ਨੂੰ ਆਨਲਾਈਨ ਕਰ ਦਿੱਤਾ ਹੈ, ਜਿਸ ਨੂੰ ਕਰਵਾਉਣ ਲਈ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਸਾਬੋ ਵਿਖੇ ਪਿਛਲੇ ਕਈ ਦਿਨਾਂ ਤੋਂ ਲੋਕ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਹਨ। ਪਿਛਲੇ ਚਾਰ ਦਿਨਾਂ ਤੋਂ ਰਵਿੰਦਰ ਸਿੰਘ ਆਪਣੀ ਰਜਿਸਟਰੀ ਕਰਵਾਉਣ ਲਈ ਤਹਿਸੀਲ ਕੰਪਲੈਕਸ ਦੇ ਗੇੜੇ ਲਾ ਰਿਹਾ ਹੈ। ਰਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਕਿ ਅੱਜ ਕਈ ਦਿਨਾਂ ਬਾਅਦ ਨਾਇਬ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਸਨ ਪਰ ਉਹ ਵੀ ਆਪਣੇ ਚਹੇਤੇ ਲੋਕਾਂ ਦੀਆਂ ਰਜਿਸਟਰੀਆਂ ਕਰ ਰਹੇ ਹਨ ਤੇ ਬਾਕੀ ਲੋਕਾਂ ਨੂੰ ਦਫਤਰ ਤੋਂ ਵਾਪਸ ਭੇਜ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀ ਕਥਿਤ ਤੌਰ 'ਤੇ ਰਿਸ਼ਵਤ ਲੈਣ ਲਈ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ।
ਰਜਿਸਟਰੀ ਕਰਵਾਉਣ ਆਈ ਇਕ ਔਰਤ ਅੰਜੂ ਰਾਣੀ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਰਜਿਸਟਰੀ ਕਰਵਾਉਣ ਲਈ ਆ ਰਹੇ ਹਨ ਤੇ ਅੱਜ ਵੀ ਨਾਇਬ ਤਹਿਸੀਲਦਾਰ ਨੇ ਰਜਿਸਟਰੀ ਕਰਨ ਤੋਂ ਨਾਂਹ ਕਰ ਦਿੱਤੀ ਤੇ ਸੀਟ ਤੋਂ ਉਠ ਕੇ ਚਲੇ ਗਏ। ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਚਾਰ ਦਿਨਾਂ ਤੋਂ ਰਜਿਸਟਰੀ ਕਰਵਾਉਣ ਲਈ ਦਫਤਰ ਦੇ ਗੇੜੇ ਲਾ ਰਿਹਾ ਹੈ, ਕਦੇ ਦਫਤਰ ਤੋਂ ਤਹਿਸੀਲਦਾਰ ਉਠ ਜਾਂਦਾ ਹੈ ਤੇ ਕਦੇ ਸਿਸਟਮ ਖਰਾਬ ਹੋ ਜਾਂਦਾ ਹੈ। ਇਥੇ ਦੱਸਣਾ ਬਣਦਾ ਹੈ ਕਿ ਕਾਫੀ ਸਮੇਂ ਤੋਂ ਤਹਿਸੀਲ ਕੰਪਲੈਕਸ ਅੰਦਰ ਰਿਸ਼ਵਤ ਦਾ ਬੋਲਬਾਲਾ ਹੋਣ ਦੇ ਦੋਸ਼ ਲੱਗਦੇ ਆ ਰਹੇ ਹਨ ਤੇ ਕੁਝ ਸਮਾਂ ਪਹਿਲਾਂ ਨਾਇਬ ਤਹਿਸੀਲਦਾਰ ਦਾ ਰੀਡਰ ਵੀ ਕਥਿਤ ਤੌਰ 'ਤੇ ਰਿਸ਼ਵਤ ਲੈਣ ਦੇ ਦੋਸ਼ਾਂ 'ਚ ਵਿਜੀਲੈਸ ਵਿਭਾਗ ਨੇ ਰੰਗੇ ਹੱਥੀਂ ਕਾਬੂ ਕੀਤਾ ਸੀ।
ਇਸ ਮਾਮਲੇ ਸਬੰਧੀ ਨਾਇਬ ਤਹਿਸੀਲ ਪ੍ਰਕਾਸ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਕ ਦਿਨ ਵਿਚ 30 ਰਜਿਸਟਰੀਆਂ ਹੀ ਹੋ ਸਕਦੀਆਂ ਹਨ, ਜਿਸ ਕਰ ਕੇ ਉਨ੍ਹਾਂ ਨੇ 32 ਦੇ ਨੰਬਰ ਲਾ ਦਿੱਤੇ ਹਨ।
ਨੂਰਪੁਰਬੇਦੀ: ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚਾਚੇ-ਭਤੀਜੇ ਦੀ ਮੌਤ
NEXT STORY