ਮੋਹਾਲੀ, (ਜੱਸੀ)- ਕੌਮਾਂਤਰੀ ਏਅਰਪੋਰਟ ਨੇੜੇ ਸਥਿਤ ਮੋਹਾਲੀ ਦੇ ਏਅਰੋਸਿਟੀ ਤੇ ਆਈ.ਟੀ. ਸਿਟੀ ਦੇ ਵਸਨੀਕ ਮੀਂਹ ਸ਼ੁਰੂ ਹੁੰਦਿਆਂ ਹੀ ਬਿਜਲੀ ਦੀ ਖ਼ਰਾਬੀ ਆਰੰਭ ਹੋਣ ਤੋਂ ਬੇਹੱਦ ਪ੍ਰੇਸ਼ਾਨ ਹਨ। ਬਿਜਲੀ ਨਾ ਹੋਣ ਕਾਰਨ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।
ਏਅਰੋਸਿਟੀ ਦੀ ਜੀ ਬਲਾਕ ਦੇ ਰੈਜ਼ੀਡੈਂਟਸ ਵੈੱਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਆਈ.ਟੀ. ਖੇਤਰ ਦੇ ਵਸਨੀਕ ਮੇਵਾ ਸਿੰਘ ਗਿੱਲ ਤੇ ਕਈਂ ਹੋਰਨਾਂ ਨੇ ਗ਼ਮਾਡਾ ਤੋਂ ਮੰਗ ਕੀਤੀ ਹੈ ਕਿ ਇਸ ਖੇਤਰ ’ਚ ਨਵੇਂ ਸੈਕਟਰ ਵਿਕਸਿਤ ਕਰਨ ਤੋਂ ਪਹਿਲਾਂ ਪੁਰਾਣੇ ਖੇਤਰਾਂ ਦੇ ਵਸਨੀਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕੀਤੀ ਜਾਵੇ।
ਉਪਰੋਕਤ ਖੇਤਰਾਂ ਦੇ ਵਸਨੀਕਾਂ ਨੇ ਦੱਸਿਆ ਕਿ ਕੱਲ੍ਹ ਵੀ ਬਾਰਸ਼ ਪੈਣ ਤੋਂ ਬਾਅਦ ਬਿਜਲੀ ਬੰਦ ਹੋ ਗਈ ਸੀ, ਜਿਹੜੀ ਕਿ ਕਾਫ਼ੀ ਸਮੇਂ ਬਾਅਦ ਚਾਲੂ ਹੋਈ। ਇਸੇ ਤਰ੍ਹਾਂ ਐਤਵਾਰ ਸਵੇਰੇ ਚਾਰ ਵਜੇ ਤੋਂ ਬਿਜਲੀ ਬੰਦ ਹੋ ਕੇ ਦੁਪਹਿਰ ਤੱਕ ਚਾਲੂ ਨਹੀਂ ਹੋ ਸਕੀ। ਵਸਨੀਕਾਂ ਨੇ ਦੱਸਿਆ ਕਿ ਪਾਵਰਕਾਮ ਕੋਲ ਇਸ ਖੇਤਰ ’ਚ ਧਰਤੀ ਦੇ ਥੱਲੇ ਪਾਈਆਂ ਗਈਆਂ ਬਿਜਲੀ ਦੀਆਂ ਲਾਈਨਾਂ ਦੀ ਖ਼ਰਾਬੀ ਦੀ ਜਾਂਚ ਕਰਨ ਲਈ ਨਾ ਕੋਈ ਮਾਹਰ ਹੈ ਅਤੇ ਨਾ ਹੀ ਕੋਈ ਉਪਕਰਣ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਬੰਦ ਹੁੰਦਿਆਂ ਹੀ ਪਾਣੀ ਦੀ ਸਪਲਾਈ ਠੱਪ ਹੋ ਜਾਂਦੀ ਹੈ। ਲੋਕਾਂ ਦੇ ਘਰਾਂ ’ਚ ਰੱਖੇ ਇਨਵਰਟਰ ਵੀ ਜਵਾਬ ਦੇ ਜਾਂਦੇ ਹਨ ਅਤੇ ਲੋਕੀ ਗਰਮੀ ’ਚ ਹਾਲੋਂ ਬੇਹਾਲ ਹੁੰਦੇ ਰਹਿੰਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਪਿਛਲੇ ਕਈਂ ਵਰ੍ਹਿਆਂ ਤੋਂ ਬਿਜਲੀ ਦੀ ਖ਼ਰਾਬੀ ਦੀ ਸਮੱਸਿਆ ਨਾਲ ਜੂਝ ਰਹੇ ਏਅਰੋਸਿਟੀ ਅਤੇ ਆਈ.ਟੀ. ਸਿਟੀ ਦੀ ਬਿਜਲੀ ਸਪਲਾਈ ਵਿਚ ਤੁਰੰਤ ਸੁਧਾਰ ਕੀਤਾ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਲੋਕਾਂ ਨੇ ਸੰਘਰਸ਼ ਦੀ ਵੀ ਚਿਤਾਵਨੀ ਦਿੱਤੀ।
ਮੀਂਹ ਕਾਰਨ ਆਈ ਦਿੱਕਤ : ਐਕਸ਼ੀਅਨ
ਪਾਵਰਕਾਮ ਦੇ ਸਬੰਧਤ ਡਵੀਜ਼ਨ ਦੇ ਐਕਸ਼ੀਅਨ ਸ਼ਮਿੰਦਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਮੀਂਹ ਕਾਰਨ ਧਰਤੀ ਹੇਠਲੀਆਂ ਬਿਜਲੀ ਦੀਆਂ ਲਾਈਨਾਂ ’ਚ ਖ਼ਰਾਬੀ ਆ ਗਈ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਦੂਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖ਼ਰਾਬ ਲਾਈਨਾਂ ਦੀ ਥਾਂ ਨਵੀਆਂ ਤਾਰਾਂ ਜਲਦੀ ਹੀ ਪਾਈਆਂ ਜਾ ਰਹੀਆਂ ਹਨ ਤੇ ਏਅਰੋਸਿਟੀ ਦੇ ਬਲਾਕ ਜੀ ’ਚ ਪਾਵਰਕਾਮ ਵੱਲੋਂ ਇਕ ਨਵਾਂ ਗਰਿੱਡ ਵੀ ਜਲਦੀ ਹੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨਖ਼ੋਦ ਤਾਰਾਂ ਦੀ ਜਾਂਚ ਲਈ ਉਪਕਰਣ ਅਤੇ ਮਾਹਰ ਵੀ ਮੌਜੂਦ ਹਨ।
'ਘਰ ਦੀਆਂ ਬਾਕੀ ਔਰਤਾਂ ਨੂੰ ਵੀ...!', ਰੇਹੜੀ ਫੜ੍ਹੀ ਵਾਲੇ ਮਜ਼ਦੂਰ 'ਤੇ ਨੌਜਵਾਨਾਂ ਵੱਲੋਂ ਹਮਲਾ
NEXT STORY