ਗੜ੍ਹਦੀਵਾਲਾ, (ਜਤਿੰਦਰ)- ਪੰਜਾਬ ਵਿਚ ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਵਿਚ ਉਦੋਂ ਹੋਰ ਵਾਧਾ ਹੋ ਗਿਆ, ਜਦੋਂ ਅੱਜ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਮੱਲ੍ਹੀਆਂ-ਨੰਗਲ ਵਿਖੇ ਵੀ ਇਕ ਔਰਤ ਦੇ ਵਾਲ ਕੱਟੇ ਜਾਣ ਦੀ ਖ਼ਬਰ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਰੋਜ਼ਲੀਨ ਪਤਨੀ ਸੁਖਦੀਪ ਸਿੰਘ ਵਾਸੀ ਪਿੰਡ ਮੱਲ੍ਹੀਆਂ-ਨੰਗਲ ਅੱਜ ਸਵੇਰੇ ਘਰੋਂ ਬਾਹਰ ਖੇਤਾਂ ਨੂੰ ਗਈ ਤਾਂ ਉਥੇ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਗਈ। ਜਦੋਂ ਉਸ ਨੂੰ ਘਰ ਲਿਆਂਦਾ ਗਿਆ ਤਾਂ ਉਸ ਦੇ ਸਿਰ ਦੇ ਵਾਲਾਂ ਵਿਚੋਂ ਕੱਟੇ ਹੋਏ ਵਾਲਾਂ ਦਾ ਗੁੱਛਾ ਮਿਲਿਆ, ਜੋ ਕਿ ਔਰਤ ਦੇ ਹੀ ਸਨ। ਔਰਤ ਬੇਹੋਸ਼ੀ ਦੀ ਹਾਲਤ ਵਿਚ ਸੀ। ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਉਸ ਦੇ ਪਤੀ ਸੁਖਦੀਪ ਸਿੰਘ ਨੇ ਘਟਨਾ ਸਬੰਧੀ ਗੜ੍ਹਦੀਵਾਲਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਰਿਆਣਾ, (ਰੱਤੀ, ਆਨੰਦ)- ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਵਾਰਦਾਤਾਂ 'ਚ ਅੱਜ ਉਦੋਂ ਹੋਰ ਵਾਧਾ ਹੋ ਗਿਆ, ਜਦੋਂ ਕਸਬਾ ਹਰਿਆਣਾ ਦੇ ਮੁਹੱਲਾ ਤੇਲੀਆਂ ਵਿਖੇ ਇਕ 30 ਸਾਲਾ ਔਰਤ ਦੇ ਵਾਲ ਦਿਨ-ਦਿਹਾੜੇ ਹੀ ਕੱਟੇ ਗਏ। ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਵੀਨ ਕੌਰ, ਜੋ ਅੱਜ ਦੁਪਹਿਰ ਸਮੇਂ ਆਪਣੇ ਪਰਿਵਾਰ ਸਮੇਤ ਘਰ ਵਿਚ ਸੀ ਅਤੇ ਕੱਪੜਿਆਂ ਦੀ ਸਿਲਾਈ ਕਰ ਰਹੀ ਸੀ। ਕਰੀਬ 12 ਵਜੇ ਦੁਪਹਿਰੇ ਕਿਸੇ ਨੇ ਗੇਟ ਖੜਕਾਇਆ। ਜਦੋਂ ਉਸ ਨੇ ਗੇਟ ਖੋਲ੍ਹਿਆ ਤਾਂ ਬਾਹਰ ਕੋਈ ਨਜ਼ਰ ਨਹੀਂ ਆਇਆ ਅਤੇ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਗਈ। ਪ੍ਰਵੀਨ ਕੌਰ ਦੇ ਡਿੱਗਣ ਦੀ ਆਵਾਜ਼ ਸੁਣ ਕੇ ਘਰ ਦੇ ਮੈਂਬਰ ਆਏ ਅਤੇ ਦੇਖਿਆ ਕਿ ਉਹ ਬੇਹੋਸ਼ੀ ਦੀ ਹਾਲਤ 'ਚ ਸੀ ਅਤੇ ਉਸ ਦੇ ਨੇੜੇ ਕੁਝ ਵਾਲ ਪਏ ਸਨ। ਬਾਅਦ 'ਚ ਉਸ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਗਈ ਹੈ।
ਮਾਹਿਲਪੁਰ/ਕੋਟ ਫਤੂਹੀ, (ਜਸਵੀਰ, ਬਹਾਦਰ ਖਾਨ)- ਬਲਾਕ ਮਾਹਿਲਪੁਰ ਦੇ ਪਿੰਡ ਰੂਪੋਵਾਲ ਵਿਖੇ ਇਕ ਔਰਤ ਦੇ ਵਾਲ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਛੱਤਰ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਰੂਪੋਵਾਲ ਨੇ ਦੱਸਿਆ ਕਿ ਉਸ ਦੀ ਨੂੰਹ ਪੁਸ਼ਪਾ ਰਾਣੀ ਪਤਨੀ ਨਰਿੰਦਰ ਸਿੰਘ ਸਵੇਰੇ ਆਪਣੇ ਪਤੀ ਨਰਿੰਦਰ ਸਿੰਘ ਨਾਲ ਗਾਂ ਚੋਣ ਗਈ ਸੀ ਅਤੇ ਜਦੋਂ ਉਹ ਵਾਪਸ ਘਰ ਆਈ ਤਾਂ ਉਸ ਦਾ ਸਿਰ ਕਾਫੀ ਭਾਰਾ-ਭਾਰਾ ਹੋ ਗਿਆ ਅਤੇ ਸਿਰ ਵਿਚ ਦਰਦ ਹੋਣ ਲੱਗਾ। ਜਦੋਂ ਉਸ ਨੇ ਸਿਰ 'ਤੇ ਹੱਥ ਫੇਰਿਆ ਤਾਂ ਉਸ ਦੇ ਕੱਟੇ ਹੋਏ ਵਾਲ ਉਸ ਦੇ ਹੱਥ ਵਿਚ ਆ ਗਏ ਅਤੇ ਉਹ ਘਬਰਾ ਕੇ ਬੇਹੋਸ਼ ਹੋ ਗਈ। ਉਸ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ।
ਇਸ ਦੀ ਸੂਚਨਾ ਪਿੰਡ ਵਾਸੀਆਂ ਨੇ 100 ਨੰਬਰ 'ਤੇ ਡਾਇਲ ਕਰ ਕੇ ਪੁਲਸ ਨੂੰ ਦਿੱਤੀ। ਇਸ ਤੋਂ ਤੁਰੰਤ ਬਾਅਦ ਥਾਣਾ ਚੱਬੇਵਾਲ ਦੀ ਪੁਲਸ ਨੇ ਪਹੁੰਚ ਕੇ ਪੁਸ਼ਪਾ ਰਾਣੀ ਦੇ ਪਰਿਵਾਰਿਕ ਮੈਂਬਰਾਂ ਕੋਲੋਂ ਇਸ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਕੱਟੇ ਹੋਏ ਵਾਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਰਹੱਸਮਈ ਹਾਲਤ 'ਚ ਕੱਟੇ ਵਾਲਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਪੁਸ਼ਪਾ ਰਾਣੀ ਦੇ ਵਾਲ ਕਿਸ ਤਰ੍ਹਾਂ ਕੱਟੇ ਗਏ ਹਨ। ਇਸ ਘਟਨਾ ਨਾਲ ਸਾਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਗੜ੍ਹਸ਼ੰਕਰ, (ਬੈਜ ਨਾਥ, ਪਾਠਕ, ਸ਼ੋਰੀ)- ਗੜ੍ਹਸ਼ੰਕਰ ਤੋਂ ਥੋੜ੍ਹੀ ਦੂਰ ਹੁਸ਼ਿਆਰਪੁਰ-ਗੜ੍ਹਸ਼ੰਕਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਸਲੇਮਪੁਰ ਵਿਖੇ ਇਕ 23-24 ਸਾਲਾ ਵਿਆਹੁਤਾ ਦੀ ਗੁੱਤ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਕੌਰ ਉਰਫ ਮਮਤਾ ਪਤਨੀ ਵਿਜੈ ਕੁਮਾਰ ਸਵੇਰੇ ਮੰਦਰ ਜਾਣ ਉਪਰੰਤ ਕਰੀਬ 7 ਵਜੇ ਜਦੋਂ ਚਾਹ ਬਣਾਉਣ ਲਈ ਰਸੋਈ ਵਿਚ ਗਈ ਤਾਂ ਇਹ ਘਟਨਾ ਵਾਪਰ ਗਈ।
ਮਮਤਾ ਦੀ ਸੱਸ ਗੁਲਸ਼ਨ ਦੇਵੀ ਨੇ ਦੱਸਿਆ ਕਿ ਉਹ ਵੀ ਮੰਦਰ ਗਈ ਹੋਈ ਸੀ ਤੇ ਮਮਤਾ ਦੀ ਨਣਾਨ ਗੁੱਗੂ ਬੱਚਿਆਂ ਨੂੰ ਸਕੂਲ ਦੀ ਬੱਸ 'ਚ ਚੜ੍ਹਾਉਣ ਗਈ ਸੀ। ਇਸ ਦੌਰਾਨ ਜਦੋਂ ਉਹ ਘਰ ਆਈਆਂ ਤਾਂ ਦੇਖਿਆ ਕਿ ਮਮਤਾ ਰਸੋਈ 'ਚ ਬੇਹੋਸ਼ੀ ਦੀ ਹਾਲਤ 'ਚ ਸੀ ਅਤੇ ਉਸ ਦੀ ਗੁੱਤ ਕੱਟੀ ਹੋਈ ਸੀ। ਉਨ੍ਹਾਂ ਮਮਤਾ ਨੂੰ ਪਿੰਡ ਦੇ ਡਾਕਟਰ ਕੋਲੋਂ ਦਵਾਈ ਦਿਵਾਈ ਅਤੇ ਪੁਲਸ ਨੂੰ ਵੀ ਸੂਚਿਤ ਕੀਤਾ।
ਸੂਚਨਾ ਮਿਲਣ 'ਤੇ ਥਾਣਾ ਮੁਖੀ ਮਾਹਿਲਪੁਰ ਬਲਵਿੰਦਰਪਾਲ ਤੇ ਚੌਕੀ ਇੰਚਾਰਜ ਸੈਲਾ ਖੁਰਦ ਸੋਹਣ ਲਾਲ ਮੌਕੇ 'ਤੇ ਪਹੁੰਚ ਗਏ। ਸੰਪਰਕ ਕਰਨ 'ਤੇ ਚੌਕੀ ਇੰਚਾਰਜ ਸੋਹਣ ਲਾਲ ਨੇ ਦੱਸਿਆ ਕਿ ਇਸ ਘਟਨਾ ਸਮੇਂ ਮਮਤਾ ਘਰ 'ਚ ਇਕੱਲੀ ਸੀ ਤੇ ਘਰ ਵੀ ਸੰਘਣੀ ਆਬਾਦੀ 'ਚ ਹੈ ਅਤੇ ਕੁੰਡੇ ਲੱਗੇ ਹੋਏ ਸਨ ਅਤੇ ਘਰ ਵਿਚ ਬਾਹਰੋਂ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮਾਮਲਾ ਸੰਜੀਦਾ ਹੈ ਤੇ ਪੁਲਸ ਜਾਂਚ ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਮਤਾ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਇਸ ਘਟਨਾ ਦੀ ਖ਼ਬਰ ਪਿੰਡ 'ਚ ਅੱਗ ਵਾਂਗ ਫੈਲ ਗਈ।
ਬਿਜਲੀ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ
NEXT STORY