ਜਲੰਧਰ (ਧਵਨ)—ਦਹਿਸ਼ਤਗਰਦੀ ਨਾਲ ਨਜਿੱਠਣ ਲਈ ਪੰਜਾਬ ਪੁਲਸ ਨੇ ਹੁਣ ਇਕ ਨਵੀਂ ਰਣਨੀਤੀ ਬਣਾਈ ਹੈ, ਜਿਸ ਨੂੰ ਦੇਖਦਿਆਂ ਇੰਟੈਲੀਜੈਂਸ ਵਿਭਾਗ ਦਾ ਪੁਨਰਗਠਨ ਪੰਜਾਬ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਸ ਦੇ ਮੁਖੀ ਦਿਨਕਰ ਗੁਪਤਾ ਦਰਮਿਆਨ ਹੋਈ ਮੀਟਿੰਗ 'ਚ ਲਿਆ ਗਿਆ ਹੈ, ਜਿਸ ਮਗਰੋਂ ਹੁਣ ਇੰਟੈਲੀਜੈਂਸ ਵਿੰਗ 'ਚ ਇਕ ਅੱਡ ਅੰਦਰੂਨੀ ਸੁਰੱਖਿਆ ਵਿੰਗ ਕਾਇਮ ਕੀਤਾ ਗਿਆ ਹੈ, ਜਿਹੜਾ ਦਹਿਸ਼ਤਗਰਦੀ 'ਤੇ ਪੂਰੀ ਤਰ੍ਹਾਂ ਨਜ਼ਰ ਰੱਖੇਗਾ। ਇੰਟੈਲੀਜੈਂਸ ਵਿੰਗ ਦਾ ਪੁਨਰਗਠਨ ਕਰਦੇ ਸਮੇਂ ਅੰਦਰੂਨੀ ਸੁਰੱਖਿਆ ਵਿੰਗ ਦੀ ਕਮਾਨ ਵਧੀਕ ਪੁਲਸ ਮਹਾ ਨਿਰਦੇਸ਼ਕ ਆਰ.ਐੱਨ.ਢੋਕੇ ਨੂੰ ਸਰਕਾਰ ਵੱਲੋਂ ਸੌਂਪੀ ਗਈ ਹੈ।
ਉੱਚ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇੰਟੈਲੀਜੈਂਸ ਵਿਭਾਗ ਨੂੰ ਹੁਣ ਤਿੰਨ ਹਿੱਸਿਆਂ 'ਚ ਮੁੱਖ ਰੂਪ 'ਚ ਵੰਡ ਦਿੱਤਾ ਗਿਆ ਹੈ, ਜਿਸ ਤਹਿਤ ਕਾਊਂਟਰ ਇੰਟੈਲੀਜੈਂਸ ਇਕਾਈ , ਫਾਈਨੈਂਸ਼ੀਅਲ ਇੰਟੈਲੀਜੈਂਸ ਇਕਾਈ ਅਤੇ ਆਰਗੇਨਾਈਜ਼ਡ ਕਰਾਈਮ ਕੰਟਰੋਲ ਇਕਾਈ ਕਾਇਮ ਕੀਤੇ ਸਨ। ਇਨ੍ਹਾਂ ਤਿੰਨਾਂ ਇਕਾਈਆਂ ਦੀ ਕਮਾਨ ਏ.ਡੀ.ਜੀ.ਪੀ. (ਅੰਦਰੂਨੀ ਸੁਰੱਖਿਆ) ਵੱਲੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਵਿੰਗਾਂ ਦੀ ਦੇਖਭਾਲ ਆਈ.ਜੀ.ਰੈਂਕ ਦੇ ਪੁਲਸ ਅਧਿਕਾਰੀ ਵੱਲੋਂ ਕੀਤੀ ਜਾਂਦੀ ਸੀ। ਪੰਜਾਬ ਕਿਉਂਕਿ ਸਰਹੱਦੀ ਰਾਜ ਹੈ, ਇਸ ਲਈ ਦਹਿਸ਼ਤਗਰਦੀ ਨੂੰ ਉਭਾਰਨ ਦੀਆਂ ਕੋਸ਼ਿਸ਼ਾਂ ਕਦੇ-ਕਦਾਈਂ ਪਾਕਿਸਤਾਨ ਦੀ ਸ਼ਹਿ 'ਤੇ ਹੁੰਦੀਆਂ ਰਹਿੰਦੀਆਂ ਹਨ। ਪ੍ਰਾਪਤ ਸੂਚਨਾਵਾਂ ਦੇ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਨੂੰ ਕਿਹਾ ਸੀ ਕਿ ਦਹਿਸ਼ਤਗਰਦੀ ਦੀ ਵੰਗਾਰ ਨਾਲ ਨਿਬੜਣ ਲਈ ਅੰਦਰੂਨੀ ਸੁਰੱਖਿਆ ਵਿੰਗ ਕਾਇਮ ਕੀਤਾ ਜਾਵੇ, ਜਿਸ ਦੀ ਕਮਾਨ ਪ੍ਰਭਾਵਸ਼ਾਲੀ ਪੁਲਸ ਅਫਸਰ ਦੇ ਹਵਾਲੇ ਕੀਤੀ ਜਾਵੇ। ਜੰਮੂ-ਕਸ਼ਮੀਰ 'ਚ ਕੇਂਦਰ ਸਰਕਾਰ ਵੱਲੋਂ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਵਲੋਂ ਖਤਰਾ ਹੋਰ ਵਧ ਚੁੱਕਾ ਹੈ ਅਤੇ ਪੰਜਾਬ ਦੀ ਸਰਹੱਦ ਜੰਮੂ-ਕਸ਼ਮੀਰ ਨਾਲ ਲੱਗਦੀ ਹੈ, ਇਸ ਲਈ ਪਾਕਿਸਤਾਨ ਆਉਣ ਵਾਲੇ ਦਿਨਾਂ 'ਚ ਭਾਰਤ ਦੇ ਖ਼ਿਲਾਫ਼ ਆਪਣੀਆਂ ਸਰਗਰਮੀਆਂ ਤੇਜ਼ ਕਰ ਸਕਦਾ ਹੈ, ਜਿਸ ਨੂੰ ਦੇਖਦਿਆਂ ਪੰਜਾਬ ਪੁਲਸ ਨੂੰ ਹੋਰ ਚੁਸਤ-ਦਰੁਸਤ ਬਣਾਉਣ ਦੀ ਲੋੜ ਹੈ।
ਪੰਜਾਬ ਸਰਕਾਰ ਪਹਿਲਾਂ ਹੀ ਪੁਲਸ 'ਚ ਸੁਧਾਰਾਂ ਨੂੰ ਲਾਗੂ ਕਰਨ ਦੇ ਟੀਚੇ ਨਾਲ ਪੁਲਸ ਗਵਰਨੈਂਸ ਰਿਫਾਰਮਜ਼ ਦਾ ਏ.ਡੀ.ਜੀ.ਪੀ. ਕੁਲਦੀਪ ਸਿੰਘ ਦੀ ਅਗਵਾਈ 'ਚ ਕਾਇਮ ਕਰ ਚੁੱਕੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਇਰਾਦੇ ਜੰਮੂ-ਕਸ਼ਮੀਰ ਅਤੇ ਪੰਜਾਬ ਨੂੰ ਲੈ ਕੇ ਨੇਕ ਨਹੀਂ ਹਨ। ਖਾਲਿਸਤਾਨੀ ਅਨਸਰ ਵੀ ਵਿਦੇਸ਼ਾਂ 'ਚ ਬੈਠ ਕੇ ਪੰਜਾਬ ਦੇ ਖ਼ਿਲਾਫ਼ ਰਣਨੀਤੀ ਬਣਾਉਂਦੇ ਰਹਿੰਦੇ ਹਨ। ਪਿਛਲੇ ਪੰਜ ਸਾਲਾਂ 'ਚ ਪੰਜਾਬ 'ਚ ਟਾਰਗੇਟ ਕਿਲਿੰਗਜ਼ ਹੋਈਆਂ ਹਨ, ਜਿਸ ਦੀ ਪੜਤਾਲ ਕਰ ਕੇ ਪੁਲਸ ਨੇ ਇਹ ਪਤਾ ਲਾਇਆ ਸੀ ਕਿ ਟਾਰਗੈੱਟ ਕਿਲਿੰਗਜ਼ ਕਰਨ ਵਾਲੇ ਗੈਂਗਸਟਰਜ਼ ਨੂੰ ਦਹਿਸ਼ਤਗਰਦਾਂ ਨੇ ਆਪਣੇ ਨਾਲ ਰਲਾਇਆ ਹੋਇਆ ਹੈ। ਇਸ ਨੂੰ ਦੇਖਦੇ ਹੋਏ ਹੀ ਇੰਟੈਲੀਜੈਂਸ ਵਿੰਗ ਨੂੰ ਹੋਰ ਤੇਜ਼ ਕਰਨ ਦੀ ਰਣਨੀਤੀ ਦਾ ਕੰਮ ਚੱਲ ਰਿਹਾ ਹੈ। ਅੰਦਰੂਨੀ ਸੁਰੱਖਿਆ ਵਿੰਗ ਹੁਣ ਸਿੱਧੇ ਤੌਰ 'ਤੇ ਕੇਂਦਰੀ ਗ੍ਰਹਿ ਵਜ਼ਾਰਤ ਨਾਲ ਸਬੰਧ ਰੱਖੇਗਾ। ਦਹਿਸ਼ਤਗਰਦੀ ਨੂੰ ਲੈ ਕੇ ਇੰਟੈਲੀਜੈਂਸ ਨਾਲ ਸਬੰਧਤ ਸੂਚਨਾਵਾਂ ਦਾ ਲੈਣ-ਦੇਣ ਸਿੱਧਾ ਕੇਂਦਰੀ ਗ੍ਰਹਿ ਵਜ਼ਾਰਤ ਨਾਲ ਕੀਤਾ ਜਾਵੇਗਾ।
ਕਰਤਾਰਪੁਰ ਲਾਂਘੇ 'ਤੇ ਸਰਵਿਸ ਚਾਰਜ ਲਾਉਣ ਦੇ ਮੁੱਦੇ 'ਤੇ ਮੋਦੀ ਦਖਲ ਦੇਣ : ਕੈਪਟਨ
NEXT STORY