ਚੰਡੀਗੜ੍ਹ, (ਰਾਜਿੰਦਰ)- ਸੈਕਟਰ-18 ਦੇ ਪਾਰਕ ਵਿਚ ਖੇਡ ਰਹੇ ਡੇਢ ਸਾਲਾ ਮਾਸੂਮ ਆਯੂਸ਼ ਨੂੰ ਕੁਝ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਸੈਕਟਰ-19 ਥਾਣਾ ਪੁਲਸ ਨੇ ਆਯੂਸ਼ ਦੀ ਲਾਸ਼ ਨੂੰ ਸੈਕਟਰ-16 ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਉਥੇ ਹੀ ਇਸ ਗੱਲ ਦੀ ਸੂਚਨਾ ਮਿਲਦਿਆਂ ਹੀ ਹਰਕਤ ਵਿਚ ਆਈ ਨਗਰ ਨਿਗਮ ਦੀ ਟੀਮ ਨੇ ਸੈਕਟਰ-18 ਪਾਰਕ 'ਚੋਂ ਕੁੱਤਿਆਂ ਨੂੰ ਚੁੱਕ ਲਿਆ ਹੈ । ਆਯੂਸ਼ ਦੀ ਕਮਰ ਦੇ ਹੇਠਲੇ ਹਿੱਸੇ, ਸਿਰ ਤੇ ਧੌਣ ਦੇ ਹੇਠਲੇ ਹਿੱਸੇ ਵਿਚ ਡੂੰਘੇ ਜ਼ਖਮ ਪਾਏ ਗਏ ਹਨ ।
ਜਾਣਕਾਰ ਕੋਲ ਛੱਡ ਕੇ ਕੰਮ 'ਤੇ ਚਲੀ ਗਈ ਮਾਂ
ਆਯੂਸ਼ ਦੀ ਮਾਂ ਮਮਤਾ ਨੇ ਦੱਸਿਆ ਕਿ ਉਹ ਸੈਕਟਰ-38 ਵਿਚ ਰਹਿੰਦੀ ਹੈ ਤੇ ਸੈਕਟਰ-18 ਦੇ ਘਰਾਂ ਵਿਚ ਕੰਮ ਕਰਦੀ ਹੈ । ਬੱਚਿਆਂ ਨੂੰ ਛੁੱਟੀਆਂ ਹੋਣ ਕਾਰਨ ਐਤਵਾਰ ਨੂੰ ਉਹ ਤਿੰਨਾਂ ਬੇਟਿਆਂ ਤੇ ਧੀ ਨੂੰ ਆਪਣੇ ਨਾਲ ਲੈ ਕੇ ਆਈ ਸੀ । ਉਹ ਕੰਮ ਕਰਨ ਲਈ ਚਲੀ ਗਈ ਤੇ ਬੱਚਿਆਂ ਨੂੰ ਪਾਰਕ ਦੇ ਕੋਲ ਚਾਹ ਦੀ ਦੁਕਾਨ ਲਾਉਣ ਵਾਲੀ ਆਪਣੀ ਜਾਣਕਾਰ ਦੇ ਕੋਲ ਛੱਡ ਦਿੱਤਾ । ਕੁਝ ਸਮੇਂ ਬਾਅਦ ਚਾਰੇ ਬੱਚੇ ਪਾਰਕ 'ਚ ਲੱਗੇ ਝੂਲਿਆਂ 'ਤੇ ਖੇਡਣ ਲੱਗੇ । ਇਸ ਦੌਰਾਨ ਅਚਾਨਕ ਪਾਰਕ ਵਿਚ ਤਿੰਨ-ਚਾਰ ਕੁੱਤੇ ਆ ਗਏ । ਕੁੱਤਿਆਂ ਨੂੰ ਵੇਖ ਕੇ ਆਯੂਸ਼ ਦੇ ਤਿੰਨੇ ਭੈਣ-ਭਰਾ ਡਰ ਕੇ ਝੂਲੇ 'ਤੇ ਚੜ੍ਹ ਗਏ । ਆਯੂਸ਼ ਛੋਟਾ ਹੋਣ ਕਾਰਨ ਝੂਲੇ ਦੇ ਹੇਠਾਂ ਹੀ ਰਹਿ ਗਿਆ । ਇਸ ਦੌਰਾਨ ਸਾਰੇ ਕੁੱਤੇ ਉਸ 'ਤੇ ਟੁੱਟ ਪਏ ਤੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ ।
ਆਯੂਸ਼ ਦੇ ਤਿੰਨੇ ਭਰਾ-ਭੈਣ ਜੋ ਪੰਜ ਸਾਲ ਤੋਂ ਘੱਟ ਉਮਰ ਦੇ ਹਨ, ਉਹ ਮਦਦ ਲਈ ਰੌਲਾ ਪਾ ਕੇ ਕਿਸੇ ਨੂੰ ਸੱਦ ਵੀ ਨਹੀਂ ਸਕੇ। ਕੁੱਤੇ ਪੰਜ ਤੋਂ 10 ਮਿੰਟਾਂ ਤਕ ਆਯੂਸ਼ ਨੂੰ ਨੋਚਦੇ ਰਹੇ । ਆਸ-ਪਾਸ ਦੇ ਲੋਕਾਂ ਨੇ ਜਦੋਂ ਕੁੱਤਿਆਂ ਨੂੰ ਬੱਚੇ ਨੂੰ ਨੋਚਦੇ ਹੋਏ ਵੇਖਿਆ ਤਾਂ ਉਨ੍ਹਾਂ ਕੁੱਤਿਆਂ ਨੂੰ ਭਜਾ ਕੇ ਬੱਚਿਆਂ ਨੂੰ ਚੁੱਕ ਲਿਆ । ਬੁਰੀ ਤਰ੍ਹਾਂ ਲਹੂ-ਲੁਹਾਨ ਹਾਲਤ 'ਚ ਆਯੂਸ਼ ਨੂੰ ਲੈ ਕੇ ਲੋਕ ਸੈਕਟਰ-16 ਹਸਪਤਾਲ ਪੁੱਜੇ । ਇਥੇ ਡਾਕਟਰਾਂ ਨੇ ਕੁਝ ਸਮਾਂ ਉਸ ਦਾ ਇਲਾਜ ਕੀਤਾ ਪਰ ਇਲਾਜ ਦੌਰਾਨ ਹੀ ਉਸਨੇ ਦਮ ਤੋੜ ਦਿੱਤਾ ।
ਇਹ ਦੁਖਦ ਘਟਨਾ ਹੈ । ਨਿਗਮ ਕੋਲ ਕੋਈ ਮੁਆਵਜ਼ਾ ਦੇਣ ਦਾ ਪ੍ਰਬੰਧ ਨਹੀਂ ਹੈ । ਅਧਿਕਾਰੀਆਂ ਤੋਂ ਰਿਪੋਰਟ ਮੰਗੀ ਜਾਵੇਗੀ ਕਿ ਨਸਬੰਦੀ ਦੇ ਬਾਵਜੂਦ ਕੁੱਤਿਆਂ ਦੀ ਗਿਣਤੀ ਕੰਟਰੋਲ ਹੋ ਰਹੀ ਹੈ ਜਾਂ ਨਹੀਂ।
-ਦੇਵੇਸ਼ ਮੌਦਗਿਲ, ਮੇਅਰ, ਚੰਡੀਗੜ੍ਹ।
ਕੁੱਤਿਆਂ ਦੀ ਸਮੱਸਿਆ ਹੱਲ ਕਰਨ ਨੂੰ ਲੈ ਕੇ ਨਿਗਮ ਦੇ ਵੀ ਹੱਥ ਬੱਝੇ ਹਨ। ਕੇਵਲ ਕੁੱਤਿਆਂ ਦੀ ਨਸਬੰਦੀ ਕਰ ਸਕਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੀ ਪਹਿਲਾਂ ਵਾਲੀ ਜਗ੍ਹਾ 'ਤੇ ਹੀ ਛੱਡਣਾ ਹੁੰਦਾ ਹੈ । ਇਸ ਤੋਂ ਇਲਾਵਾ ਨਿਗਮ ਦੇ ਕੋਲ ਇਸ ਦੇ ਮੁਆਵਜ਼ੇ ਨੂੰ ਲੈ ਕੇ ਵੀ ਕੋਈ ਨਿਯਮ ਨਹੀਂ ਹੈ ।
-ਆਸ਼ਾ ਜਾਇਸਵਾਲ, ਸਾਬਕਾ ਮੇਅਰ ਤੇ ਏਰੀਆ ਕੌਂਸਲਰ।
ਘਰ 'ਚੋਂ ਸਭ ਤੋਂ ਛੋਟਾ ਸੀ ਆਯੂਸ਼
ਆਯੂਸ਼ ਘਰ 'ਚੋਂ ਸਭ ਤੋਂ ਛੋਟਾ ਸੀ । ਉਸ ਦੀ ਮੌਤ 'ਤੇ ਮਾਂ ਤੇ ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਸੀ । ਉਥੇ ਹੀ ਆਪਣੇ ਛੋਟੇ ਭਰਾ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਕੁੱਤਿਆਂ ਵਲੋਂ ਨੋਚਦੇ ਦੇਖਣ ਤੋਂ ਬਾਅਦ ਤਿੰਨਾਂ ਭਰਾ-ਭੈਣਾਂ ਵਿਚ ਦਹਿਸ਼ਤ ਬਣੀ ਹੋਈ ਹੈ ।
ਨਿਗਮ ਨੇ ਪਾਰਕ 'ਚੋਂ ਚੁੱਕੇ ਕੁੱਤੇ
ਨਗਰ ਨਿਗਮ ਨੇ ਇਸ ਘਟਨਾ ਤੋਂ ਬਾਅਦ ਹੀ ਇਲਾਕੇ ਵਿਚ ਟੀਮ ਨੂੰ ਭੇਜ ਦਿੱਤਾ ਤੇ ਪਾਰਕ ਵਿਚੋਂ ਕੁੱਤਿਆਂ ਨੂੰ ਚੁੱਕ ਲਿਆ । ਉਨ੍ਹਾਂ ਨੂੰ ਨਿਗਰਾਨੀ ਵਿਚ ਰੱਖਿਆ ਗਿਆ ਹੈ । ਇਸ ਸਬੰਧੀ ਅਧਿਕਾਰੀ ਐੱਮ. ਐੱਸ. ਕੰਬੋਜ ਨੇ ਦੱਸਿਆ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਉਹੀ ਕੁੱਤੇ ਹਨ ਜਾਂ ਨਹੀਂ, ਜਿਨ੍ਹਾਂ ਨੇ ਬੱਚੇ ਨੂੰ ਕੱਟਿਆ ਸੀ । ਉਹ ਕੋਸ਼ਿਸ਼ ਕਰ ਰਹੇ ਹਨ ਕਿ ਕੁੱਤਿਆਂ ਦੀ ਪਛਾਣ ਕੀਤੀ ਜਾ ਸਕੇ ।
ਡਾਗ ਬਾਈਟ ਦੇ ਕੇਸਾਂ 'ਚ ਲਗਾਤਾਰ ਹੋ ਰਿਹੈ ਵਾਧਾ
ਸ਼ਹਿਰ ਵਿਚ ਇਸ ਸਮੇਂ 1200 ਆਵਾਰਾ ਕੁੱਤੇ ਹਨ ਤੇ ਕੁੱਤਿਆਂ ਦੇ ਕੱਟਣ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਨਿਗਮ ਕੋਲ ਇਕੋ-ਇਕ ਬਦਲ ਇਨ੍ਹਾਂ ਦੀ ਨਸਬੰਦੀ ਕਰਨ ਦਾ ਹੈ । ਜਿਸ ਜਗ੍ਹਾ ਤੋਂ ਨਿਗਮ ਕੁੱਤਾ ਚੁੱਕਦਾ ਹੈ, ਉਸ ਨੂੰ ਠੀਕ ਉਸੇ ਜਗ੍ਹਾ 'ਤੇ ਵਾਪਸ ਛੱਡਣਾ ਹੁੰਦਾ ਹੈ । ਰਿਕਾਰਡ ਅਨੁਸਾਰ ਸ਼ਹਿਰ ਵਿਚ ਹਰ ਸਾਲ ਡਾਗ ਬਾਈਟ ਦੇ 1100 ਕੇਸ ਸਾਹਮਣੇ ਆਉਂਦੇ ਹਨ । ਨਿਗਮ ਦੇ ਸੈਕਟਰ-19 ਤੇ 38 ਡਿਸਪੈਂਸਰੀ ਵਿਚ ਐਂਟੀ ਰੈਬੀਜ਼ ਕਲੀਨਿਕ ਚੱਲ ਰਹੇ ਹਨ, ਇਨ੍ਹਾਂ 'ਚ ਰੋਜ਼ਾਨਾ 15 ਤੋਂ 20 ਕੇਸ ਆਵਾਰਾ ਕੁੱਤਿਆਂ ਦੇ ਕੱਟਣ ਦੇ ਆਉਂਦੇ ਹਨ ਤੇ ਇੰਨੇ ਹੀ ਕੇਸ ਪੇਡ ਡਾਗ ਦੇ ਵੀ ਹੋ ਜਾਂਦੇ ਹਨ ।
ਸਥਾਨਕ ਲੋਕ ਵੀ ਪ੍ਰੇਸ਼ਾਨ
ਸੈਕਟਰ ਵਿਚ ਸਥਾਨਕ ਲੋਕ ਵੀ ਆਵਾਰਾ ਕੁੱਤਿਆਂ ਤੋਂ ਬੇਹੱਦ ਪ੍ਰੇਸ਼ਾਨ ਹਨ । ਸਥਾਨਕ ਨਿਵਾਸੀ ਅੰਕਿਤ ਸ਼ਰਮਾ ਨੇ ਦੱਸਿਆ ਕਿ ਸੈਕਟਰ ਵਿਚ ਕੁੱਤਿਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ ਪਰ ਨਿਗਮ ਇਸ ਸਮੱਸਿਆ ਨੂੰ ਖਤਮ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕਰ ਰਿਹਾ । ਕੁੱਤੇ ਮੋਟਰਸਾਈਕਲਾਂ ਤੇ ਕਾਰਾਂ ਦੇ ਪਿੱਛੇ ਭੱਜਦੇ ਰਹਿੰਦੇ ਹਨ, ਜਿਸ ਨਾਲ ਹਾਦਸੇ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ । ਜਸਵਿੰਦਰ ਸਿੰਘ ਨੇ ਕਿਹਾ ਕਿ ਆਲਮ ਇਹ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਡਰਦੇ ਹਨ ।
ਮਨੀਮਾਜਰਾ ਵਿਚ ਵੀ 6 ਸਾਲਾ ਬੱਚੀ ਨੂੰ ਨੋਚ ਲਿਆ ਸੀ
ਕੁੱਤੇ ਦੇ ਕੱਟਣ ਨਾਲ ਮਨੀਮਾਜਰਾ ਵਿਚ ਵੀ ਛੇ ਸਾਲ ਦੀ ਬੱਚੀ ਸਾਦਿਆ ਦੀ ਮੌਤ ਹੋ ਗਈ ਸੀ। ਕਾਫ਼ੀ ਦਿਨਾਂ ਤਕ ਇਲਾਜ ਤੋਂ ਬਾਅਦ ਬੱਚੀ ਨੇ ਪੀ. ਜੀ. ਆਈ. 'ਚ ਦਮ ਤੋੜ ਦਿੱਤਾ ਸੀ । ਇਸ ਕੇਸ ਤੋਂ ਬਾਅਦ ਹੀ ਨਿਗਮ ਨੇ ਸਾਰੀਆਂ ਡਿਸਪੈਂਸਰੀਆਂ ਵਿਚ ਡਾਗ ਬਾਈਟ ਦਾ ਇਲਾਜ ਮੁਫ਼ਤ ਫ੍ਰੀ ਕਰ ਦਿੱਤਾ ਸੀ ਪਰ ਹਾਲਤ ਇਹ ਹੈ ਕਿ ਨਿਗਮ ਦੀਆਂ ਦੋਵਾਂ ਡਿਸਪੈਂਸਰੀਆਂ 'ਚ ਡਾਗ ਵੈਕਸੀਨ ਉਪਲਬਧ ਹੀ ਨਹੀਂ ਹਨ, ਜਿਸ ਕਾਰਨ ਲੋਕਾਂ ਨੂੰ ਬਾਜ਼ਾਰ ਤੋਂ ਵੈਕਸੀਨ ਖਰੀਦਣੀ ਪੈਂਦੀ ਹੈ ।
ਹੱਲੋਮਾਜਰਾ 'ਚ ਪਤੀ-ਪਤਨੀ 'ਚ ਕੁੱਟ-ਮਾਰ, ਔਰਤ ਨੇ ਪਾੜੇ ਕੱਪੜੇ
NEXT STORY