ਚੰਡੀਗੜ੍ਹ-ਸਰਹੱਦ ਪਾਰੋਂ ਸੂਬੇ ਦੀ ਸੁਰੱਖਿਆ ਨੂੰ ਵਧਦੇ ਖਤਰੇ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਦੀਆਂ 25 ਕੰਪਨੀਆਂ ਅਤੇ ਬੀ. ਐੱਸ. ਐੱਫ. ਲਈ ਡਰੋਨ ਨੂੰ ਨਸ਼ਟ ਕਰਨ ਵਾਲੇ ਉਪਕਰਨ ਤੁਰੰਤ ਮੰਗੇ ਹਨ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਅਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਕਿਸਤਾਨ ਦੀ ਆਈ. ਐੱਸ. ਆਈ. ਦੀਆਂ ਵਧਦੀਆਂ ਸਰਗਰਮੀਆਂ ਨਾਲ ਸੂਬੇ ’ਚ ਹਾਲੀਆ ਸਮੇਂ ’ਚ ਹਥਿਆਰਾਂ, ਹੱਥਗੋਲਿਆਂ ਅਤੇ ਆਈ. ਈ. ਡੀਜ਼ ਦੀ ਵੱਡੀ ਪੱਧਰ ’ਤੇ ਘੁਸਪੈਠ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਅੱਜ ਸ਼ਾਮ ਅਮਿਤ ਸ਼ਾਹ ਨਾਲ ਬੈਠਕ ਕਰਦਿਆਂ ਦੱਸਿਆ ਕਿ ਸੁਰੱਖਿਆ ਦੀ ਸਥਿਤੀ ਬਹੁਤ ਭਿਆਨਕ ਹੈ, ਜਿਸ ਲਈ ਕੇਂਦਰ ਨੂੰ ਤੁਰੰਤ ਦਖਲ ਦੇਣ ਦੀ ਲੋੜ ਹੈ।
ਇਹ ਵੀ ਪੜ੍ਹੋ- ਕੰਟਰੋਲ ਟੁੱਟਣ ਕਾਰਨ ਖੇਤਾਂ ’ਚ ਡਿੱਗਿਆ ਡਰੋਨ, ਲੋਕਾਂ ’ਚ ਫ਼ੈਲੀ ਦਹਿਸ਼ਤ
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ, ਪਟਿਆਲਾ, ਬਠਿੰਡਾ, ਫਗਵਾੜਾ ਤੇ ਮੋਗਾ ਲਈ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਦੀ ਮੰਗ ਕਰਦਿਆਂ ਨਾਲ ਹੀ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ. ਲਈ ਡਰੋਨਾਂ ਨੂੰ ਨਸ਼ਟ ਕਰਨ ਵਾਲੇ ਉਪਕਰਨ ਮੰਗੇ। ਉਨ੍ਹਾਂ ਅਹਿਮ ਬੁਨਿਆਦੀ ਢਾਂਚੇ/ਥਾਵਾਂ ਅਤੇ ਜਨਤਕ ਮੀਟਿੰਗਾਂ/ਸਮਾਗਮਾਂ, ਜਿਨ੍ਹਾਂ ’ਚ ਵੱਡੇ ਖਤਰੇ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਸ਼ਮੂਲੀਅਤ ਕਰਦੇ ਹਨ, ਦੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦਿੱਤਾ। ਕੇਂਦਰੀ ਅਤੇ ਸੂਬਾਈ ਏਜੰਸੀਆਂ ਵੱਲੋਂ ਮਿਲੇ ਵੇਰਵਿਆਂ ਅਤੇ ਗ੍ਰਿਫਤਾਰ ਕੀਤੇ ਅੱਤਵਾਦੀਆਂ ਵੱਲੋਂ ਮਿਲੇ ਖੁਲਾਸਿਆਂ ਤੋਂ ਹੋਈ ਪੁਸ਼ਟੀ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰੇਲਾਂ, ਬੱਸਾਂ ਤੇ ਹਿੰਦੂ ਮੰਦਿਰਾਂ, ਪ੍ਰਮੁੱਖ ਕਿਸਾਨ ਆਗੂਆਂ (ਅਜਿਹੇ ਪੰਜ ਕਿਸਾਨ ਆਗੂਆਂ ਬਾਰੇ ਠੋਸ ਜਾਣਕਾਰੀ ਮਿਲੀ ਸੀ ਪਰ ਉਨ੍ਹਾਂ ਪੰਜਾਬ ਤੇ ਹਰਿਆਣਾ ਪੁਲਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਠੁਕਰਾ ਦਿੱਤੀ), ਪੰਜਾਬ ਨਾਲ ਸਬੰਧਤ ਆਰ. ਐੱਸ. ਐੱਸ. ਸ਼ਾਖਾਵਾਂ/ਦਫਤਰਾਂ, ਆਰ. ਐੱਸ. ਐੱਸ./ਭਾਜਪਾ/ਸ਼ਿਵ ਸੈਨਾ ਆਗੂਆਂ, ਡੇਰਿਆਂ, ਨਿਰੰਕਾਰੀ ਭਵਨਾਂ ਤੇ ਸਮਾਗਮਾਂ ਸਣੇ ਵਿਅਕਤੀ ਅਤੇ ਇਕੱਠਾਂ ਉੱਤੇ ਸੰਭਾਵਿਤ ਖਤਰਾ ਹੈ।
ਇਹ ਵੀ ਪੜ੍ਹੋ- ਕੰਟਰੋਲ ਟੁੱਟਣ ਕਾਰਨ ਖੇਤਾਂ ’ਚ ਡਿੱਗਿਆ ਡਰੋਨ, ਲੋਕਾਂ ’ਚ ਫ਼ੈਲੀ ਦਹਿਸ਼ਤ
ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਪਾਕਿਸਤਾਨ ਦੀ ਆਈ. ਐੱਸ. ਆਈ. ਅਤੇ ਦੇਸ਼ ਵਿਚਲੀਆਂ ਹੋਰ ਤਾਕਤਾਂ ਵੱਲੋਂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਸੂਬੇ ’ਚ ਵੱਡੀ ਮਾਤਰਾ ’ਚ ਹਥਿਆਰ, ਹੱਥਗੋਲੇ, ਆਰ. ਡੀ. ਐਕਸ ਵਿਸਫੋਟਕ, ਡੈਟੋਨੇਟਰ, ਟਾਈਮਰ ਉਪਕਰਨ, ਅਤਿ-ਆਧੁਨਿਕ ਲੈਬਾਰਟਰੀ ਰਾਹੀਂ ਬਣਾਏ ਗਏ ਟਿਫਿਨ ਬੰਬ ਭੇਜੇ ਜਾਣ ਬਾਰੇ ਜਾਣੂ ਕਰਵਾਇਆ। ਉਨ੍ਹਾਂ ਅਮਿਤ ਸ਼ਾਹ ਨੂੰ ਅੱਗੇ ਦੱਸਿਆ ਕਿ ਪਿਛਲੇ 35 ਦਿਨਾਂ ’ਚ ਹਥਿਆਰ, ਹੱਥਗੋਲੇ, ਵਿਸਫੋਟਕ ਸਮੱਗਰੀ ਅਤੇ ਆਈ. ਈ. ਡੀਜ਼ ਬਣਾਉਣ ਲਈ ਵੱਖ-ਵੱਖ ਸਾਮਾਨ ਦੀਆਂ 17 ਸਪਲਾਈਆਂ ਭੇਜੇ ਜਾਣ ਦਾ ਪੰਜਾਬ ਪੁਲਸ ਅਤੇ ਕੇਂਦਰੀ ਏਜੰਸੀਆਂ ਨੂੰ ਪਤਾ ਲੱਗਾ ਹੈ, ਜਿਸ ਦਾ ਭਾਵ ਹੈ ਕਿ ਹਥਿਆਰਾਂ/ਹੱਥਗੋਲਿਆਂ/ਆਈ. ਈ. ਡੀਜ਼ ਦੀ ਖੇਪ ਜੁਲਾਈ ’ਚ ਹਰ ਦੂਜੇ ਦਿਨ ਪੰਜਾਬ ਆਧਾਰਿਤ ਦਹਿਸ਼ਤਗਰਦਾਂ ਨੂੰ ਭੇਜੀ ਗਈ ਸੀ ਅਤੇ ਇਹੀ ਰੁਝਾਨ ਅਗਸਤ ’ਚ ਵੀ ਜਾਰੀ ਰੱਖਿਆ ਗਿਆ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ’ਚ ਭਾਰਤ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਆਈ. ਐੱਸ. ਆਈ. ਅਤੇ ਪਾਕਿਸਤਾਨ ਆਧਾਰਿਤ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਵੱਲੋਂ ਵਿਕਸਿਤ ਕੀਤੀ ਗਈ ਵਿਸ਼ਾਲ ਸਮਰੱਥਾ ਅਤੇ ਮੁਹਾਰਤ ਦੇ ਨਤੀਜੇ ਵਜੋਂ ਪ੍ਰਭਾਵਹੀਣ ਹੋ ਗਈ ਹੈ, ਜਿਸ ਦੇ ਸਿੱਟੇ ਵਜੋਂ ਉਹ ਪੰਜਾਬ ਅੰਦਰ ਡਰੋਨ ਰਾਹੀਂ ਆਸਾਨੀ ਨਾਲ ਅੱਤਵਾਦੀ ਗਤੀਵਿਧੀਆਂ ਲਈ ਸਾਮਾਨ ਅਤੇ ਨਸ਼ੇ ਭੇਜ ਸਕਦੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੁੱਦਾ ਰਾਸ਼ਟਰੀ ਸੁਰੱਖਿਆ ਨੂੰ ਗੰਭੀਰ ਚਿੰਤਾ ਵਜੋਂ ਉੱਭਰਿਆ ਹੈ।
ਮੁੱਖ ਮੰਤਰੀ ਵੱਲੋਂ ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਰੱਦ ਕਰਨ ਤੇ ਲੰਮੇ ਸਮੇਂ ਤੋਂ ਚੱਲ ਰਹੀ ਖੜ੍ਹੋਤ ਖਤਮ ਕਰਨ 'ਤੇ ਜ਼ੋਰ
NEXT STORY