ਚੰਡੀਗੜ੍ਹ (ਸੁਸ਼ੀਲ) - ਮਲੋਆ ਕਾਲੋਨੀ 'ਚ ਪਾਰਕ 'ਚ ਖੇਡ ਰਹੇ ਭੈਣ-ਭਰਾ ਨੂੰ ਕਾਂਗਰਸੀ ਆਗੂ ਜਤਿੰਦਰ ਯਾਦਵ ਨੇ ਵੀਰਵਾਰ ਨੂੰ ਗੱਡੀ ਪਾਰਕ 'ਚੋਂ ਕੱਢਦੇ ਸਮੇਂ ਅਗਲੇ ਟਾਇਰ ਹੇਠਾਂ ਕੁਚਲ ਦਿੱਤਾ। ਹਾਦਸੇ 'ਚ ਚਾਰ ਸਾਲਾ ਸਿਫਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ ਪੰਜ ਸਾਲਾ ਆਰਿਜ ਦੇ ਸਿਰ 'ਚ ਸੱਟ ਲੱਗਣ ਕਾਰਨ ਉਸ ਦਾ ਪੀ. ਜੀ. ਆਈ. 'ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਕਾਂਗਰਸੀ ਆਗੂ ਨੇ ਦੋਵੇਂ ਬੱਚਿਆਂ ਨੂੰ ਆਪਣੀ ਗੱਡੀ 'ਚ ਹਸਪਤਾਲ 'ਚ ਭਰਤੀ ਕਰਵਾਇਆ। ਬੱਚੀ ਦੀ ਮੌਤ ਤੋਂ ਬਾਅਦ ਲੋਕਾਂ ਨੇ ਮਲੋਆ ਥਾਣੇ ਦਾ ਘਿਰਾਓ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਥਿਤੀ ਵਿਗੜਦੀ ਵੇਖ ਕੇ ਡੀ. ਐੱਸ. ਪੀ. ਦੀਪਕ ਯਾਦਵ ਸਮੇਤ ਸਾਊਥ ਡਵੀਜ਼ਨ ਦੇ ਸਾਰੇ ਐੱਸ. ਐੱਚ. ਓ. ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ। ਲੋਕਾਂ ਨੇ ਦੋਸ਼ ਲਾਇਆ ਕਿ ਪਾਰਕ 'ਚ ਲੋਕ ਗੱਡੀਆਂ ਖੜ੍ਹੀਆਂ ਕਰਦੇ ਹਨ, ਜਿਸ ਕਾਰਨ ਬੱਚਿਆਂ ਨੂੰ ਖੇਡਣ ਲਈ ਥਾਂ ਨਹੀਂ ਮਿਲਦੀ। ਮਲੋਆ ਥਾਣਾ ਪੁਲਸ ਨੇ ਐੱਸ. ਯੂ. ਵੀ. ਗੱਡੀ ਨੂੰ ਜ਼ਬਤ ਕਰ ਕੇ ਕਾਰ ਚਾਲਕ ਕਾਂਗਰਸੀ ਆਗੂ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਤੇ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।
ਅਗਲੇ ਟਾਇਰ ਹੇਠਾਂ ਆਏ ਬੱਚੇ
ਘਟਨਾ ਵੀਰਵਾਰ ਸ਼ਾਮ ਕਰੀਬ ਚਾਰ ਵਜੇ ਦੀ ਹੈ। ਸਿਫਾ ਆਪਣੇ ਭਰਾ ਆਰਿਜ ਨਾਲ ਘਰ ਦੇ ਸਾਹਮਣੇ ਪਾਰਕ 'ਚ ਖੇਡ ਰਹੀ ਸੀ ਕਿ ਜਤਿੰਦਰ ਯਾਦਵ ਆਇਆ ਤੇ ਪਾਰਕ 'ਚ ਖੜ੍ਹੀ ਗੱਡੀ ਨੂੰ ਬਾਹਰ ਬਾਹਰ ਕੱਢਣ ਲੱਗਾ। ਗੱਡੀ ਬਾਹਰ ਕੱਢਣ ਸਮੇਂ ਦੋਵੇਂ ਬੱਚੇ ਡਰਾਈਵਰ ਸਾਈਡ ਵਾਲੇ ਟਾਇਰ ਹੇਠਾਂ ਆ ਗਏ। ਸਿਫਾ ਦੇ ਸਿਰ 'ਤੇ ਗੱਡੀ ਦਾ ਟਾਇਰ ਚੜ੍ਹ ਗਿਆ ਤੇ ਆਰਿਜ ਦੇ ਸਿਰ 'ਤੇ ਵੀ ਸੱਟ ਲੱਗੀ। ਪਾਰਕ 'ਚ ਮੌਜੂਦ ਲੋਕਾਂ ਨੇ ਰੌਲਾ ਪਾਇਆ ਤੇ ਗੱਡੀ ਚਾਲਕ ਨੂੰ ਹੇਠਾਂ ਉਤਾਰਿਆ। ਸਿਫਾ ਦੇ ਪਿਤਾ ਮੁਹੰਮਦ ਰਿਆਜ ਨੇ ਕਿਹਾ ਗੱਡੀ ਪਾਰਕ 'ਚ ਖੜ੍ਹੀ ਕਰਨ ਕਾਰਨ ਹੀ ਉਸ ਦੀ ਬੇਟੀ ਦੀ ਮੌਤ ਹੋਈ ਹੈ।
ਮਾਂ ਨੇ ਕਿਹਾ-ਬੱਚਿਆਂ ਨੂੰ ਸਾਹਮਣਿਓਂ ਮਾਰੀ ਟੱਕਰ
ਸਿਫਾ ਤੇ ਆਰਿਜ ਦੀ ਮਾਂ ਸਮੀਨਾ ਨੇ ਦੋਸ਼ ਲਾਇਆ ਕਿ ਜਤਿੰਦਰ ਯਾਦਵ ਨੇ ਬੱਚਿਆਂ ਨੂੰ ਸਾਹਮਣਿਓਂ ਟੱਕਰ ਮਾਰੀ ਹੈ। ਇਸੇ ਕਾਰਨ ਦੋਵੇਂ ਬੱਚੇ ਡਰਾਈਵਰ ਸਾਈਡ ਵਾਲੇ ਟਾਇਰ ਹੇਠਾਂ ਆ ਗਏ। ਮਲੋਆ ਥਾਣਾ ਪੁਲਸ ਨੇ ਗੱਡੀ ਜ਼ਬਤ ਕਰ ਕੇ ਕਾਰ ਚਾਲਕ ਜਤਿੰਦਰ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇੜੇ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਉਧਰ ਡੀ. ਐੱਸ. ਪੀ. ਦੀਪਕ ਯਾਦਵ ਨੇ ਦੱਸਿਆ ਕਿ ਬੱਚੀ ਦੀ ਮੌਤ ਦੇ ਮਾਮਲੇ 'ਚ ਜਤਿੰਦਰ ਯਾਦਵ ਖਿਲਾਫ ਲਾਪ੍ਰਵਾਹੀ ਤੇ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਾਰਕ 'ਚ ਗੱਡੀ ਖੜ੍ਹੀ ਕਰਨ 'ਤੇ ਲੋਕਾਂ ਨੇ ਕੀਤਾ ਥਾਣੇ ਦਾ ਘਿਰਾਓ
ਚਾਰ ਸਾਲ ਦੀ ਮਾਸੂਮ ਨੂੰ ਗੱਡੀ ਨਾਲ ਕੁਚਲਣ 'ਤੇ ਲੋਕਾਂ ਨੇ ਮਲੋਆ ਥਾਣੇ ਦਾ ਘਿਰਾਓ ਕੀਤਾ। ਲੋਕਾਂ ਨੇ ਦੋਸ਼ ਲਾਇਆ ਕਿ ਇਹ ਕਈ ਵਾਰ ਪੁਲਸ ਨੂੰ ਕਹਿ ਚੁੱਕੇ ਹਨ ਕਿ ਲੋਕ ਗੱਡੀਆਂ ਨੂੰ ਪਾਰਕ 'ਚ ਖੜ੍ਹਾ ਕਰਦੇ ਹਨ। ਗੱਡੀਆਂ ਖੜ੍ਹੀਆਂ ਕਰਨ ਲਈ ਲੋਕਾਂ ਨੇ ਪਾਰਕ ਦੀ ਲੋਹੇ ਦੀ ਗਰਿੱਲ ਵੀ ਤੋੜ ਦਿੱਤੀ ਹੈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹਾਦਸਾ ਹੋਣ ਤੋਂ ਬਾਅਦ ਲੋਕਾਂ ਨੇ ਥਾਣੇ ਦਾ ਘਿਰਾਓ ਕੀਤਾ।
ਰੇਲਵੇ ਪੁਲਸ 'ਤੇ ਜਬਰ-ਜ਼ਨਾਹ ਦਾ ਝੂਠਾ ਮਾਮਲਾ ਦਰਜ ਕਰਨ ਦਾ ਦੋਸ਼
NEXT STORY