ਹੁਸ਼ਿਆਰਪੁਰ, (ਘੁੰਮਣ)- ਪਿਛਲੇ ਦਿਨੀਂ ਮੁਹੱਲਾ ਬੇਗਮਪੁਰਾ ਵਾਸੀ ਸੇਵਾਮੁਕਤ ਸਟਾਫ ਨਰਸ ਮਨਜੀਤ ਕੌਰ ਵੱਲੋਂ ਇਕ ਗਰਭਵਤੀ ਔਰਤ ਦਾ ਜਣੇਪਾ ਉਸ ਦੇ ਘਰ ਵਿਚ ਕੀਤਾ ਗਿਆ ਸੀ। ਜਣੇਪੇ ਉਪੰਰਤ ਜਦੋਂ ਮਰੀਜ਼ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਪੀ. ਜੀ. ਆਈ. ਜਾਂਦੇ ਹੋਏ ਰਸਤੇ ਵਿਚ ਹੀ ਔਰਤ ਦੀ ਮੌਤ ਹੋ ਗਈ।
ਇਸ ਮੌਤ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣੂ ਸੂਦ ਵੱਲੋਂ ਤੁਰੰਤ ਸਖ਼ਤ ਨੋਟਿਸ ਲੈਂਦੇ ਹੋਏ ਟੀਮ ਦਾ ਗਠਨ ਕੀਤਾ ਗਿਆ। ਇਸ ਵਿਚ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ, ਜ਼ਿਲਾ ਟੀਕਾਕਰਨ ਅਧਿਕਾਰੀ ਡਾ. ਗੁਰਦੀਪ ਸਿੰਘ ਕਪੂਰ ਅਤੇ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਸ਼ਾਮਲ ਹੋਏ। ਉਨ੍ਹਾਂ ਵੱਲੋਂ ਬੁਟੀਕ ਦੀ ਆੜ 'ਚ ਚਲਾਏ ਗਏ ਦਵਾਖਾਨੇ 'ਤੇ ਛਾਪੇਮਾਰੀ ਕੀਤੀ ਗਈ।
ਇਸ ਮੌਕੇ ਡਾ. ਰਜਿੰਦਰ ਰਾਜ ਨੇ ਦੱਸਿਆ ਕਿ ਸੇਵਾਮੁਕਤ ਸਟਾਫ਼ ਨਰਸ ਮਨਜੀਤ ਕੌਰ ਵੱਲੋਂ ਮੰਨ ਲਿਆ ਗਿਆ ਹੈ ਕਿ ਉਸ ਨੇ ਗਰਭਵਤੀ ਔਰਤ ਦਾ ਜਣੇਪਾ ਕੀਤਾ ਹੈ। ਉਸ ਦੇ ਘਰੋਂ ਜਣੇਪੇ ਨਾਲ ਸੰਬੰਧਿਤ ਔਜ਼ਾਰ, ਬੱਚੇ ਦੀ ਧੜਕਨ ਸੁਣਨ ਵਾਲੀ ਮਸ਼ੀਨ ਅਤੇ ਹੋਰ ਲੋੜੀਂਦਾ ਸਾਮਾਨ ਬਰਾਮਦ ਹੋਇਆ ਹੈ। ਇਸ ਸਾਮਾਨ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਮਨਜੀਤ ਕੌਰ ਨਰਸ ਪਿਛਲੇ ਕੁਝ ਸਮੇਂ ਤੋਂ ਸੇਵਾਮੁਕਤ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਘਰ ਵਾਲਾ ਇਕ ਆਯੂਰਵੈਦਿਕ ਡਾਕਟਰ ਸੀ, ਜਿਸ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਗਈ। ਇਹ ਸਾਮਾਨ ਉਸੇ ਦਾ ਹੈ। ਕਾਨੂੰਨ ਮੁਤਾਬਕ ਨਾ ਤਾਂ ਕੋਈ ਆਯੂਰਵੈਦਿਕ ਡਾਕਟਰ ਅਤੇ ਨਾ ਹੀ ਇਹ ਨਰਸ ਆਪਣੇ ਘਰ ਵਿਚ ਕਿਸੇ ਦਾ ਜਣੇਪਾ ਕਰਨ ਦੀ ਹੱਕਦਾਰ ਹੈ।
ਇਸ ਮੌਕੇ ਡਰੱਗ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ 23 ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਇਸ ਦੇ ਘਰੋਂ ਬਰਾਮਦ ਹੋਈਆਂ ਹਨ। ਮਨਜੀਤ ਕੌਰ ਕੋਲ ਇਨ੍ਹਾਂ ਦਵਾਈਆਂ ਨੂੰ ਰੱਖਣ ਦਾ ਕੋਈ ਲਾਇਸੈਂਸ ਨਹੀਂ ਹੈ। ਇਸ ਕੋਲ ਗਰਭਪਾਤ ਨਾਲ ਸੰਬੰਧਿਤ ਕਿੱਟਾਂ ਅਤੇ ਦਵਾਈਆਂ ਵੀ ਬਰਾਮਦ ਹੋਈਆਂ ਹਨ। ਸਾਰੇ ਸਾਮਾਨ ਨੂੰ ਡਰੱਗ ਅਤੇ ਕਾਸਮੈਟਿਕ ਕਾਨੂੰਨ ਅਧੀਨ ਜ਼ਬਤ ਕਰ ਲਿਆ ਗਿਆ ਹੈ। ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣੂ ਸੂਦ ਵੱਲੋਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਗਰਭ ਦੌਰਾਨ ਸਮੂਹ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਸਰਕਾਰੀ ਹਸਪਤਾਲ ਅਤੇ ਸਿਹਤ ਕੇਂਦਰਾਂ ਵਿਚ ਤੁਰੰਤ ਕਰਵਾਈ ਜਾਵੇ ਤਾਂ ਜੋ ਗਰਭ ਦੌਰਾਨ ਮਹਿਲਾਵਾਂ ਦੀ ਲੋੜੀਂਦੀ ਜਾਂਚ ਅਤੇ ਇਲਾਜ ਸਮੇਂ ਸਿਰ ਕੀਤਾ ਜਾ ਸਕੇ। ਉਨ੍ਹਾਂ ਝੋਲਾਛਾਪ ਡਾਕਟਰਾਂ ਨੂੰ ਵੀ ਤਾੜਨਾ ਵੀ ਕੀਤੀ ਕਿ ਅਜਿਹਾ ਕੋਈ ਗੈਰ-ਕਾਨੂੰਨੀ ਕੰਮ ਨਾ ਕੀਤਾ ਜਾਵੇ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਹੁੰਦਾ ਹੋਵੇ।
ਨਾਜਾਇਜ਼ ਸ਼ਰਾਬ ਸਮੇਤ 1 ਕਾਬੂ
NEXT STORY