ਚੰਡੀਗੜ੍ਹ (ਪਾਲ) : ਜੀ. ਐੱਮ. ਸੀ. ਐੱਚ. ਦੇ ਪੁਰਾਣੇ ਅਤੇ ਸਭ ਤੋਂ ਮਹੱਤਵਪੂਰਨ ਪ੍ਰਾਜੈਕਟਾਂ ’ਚੋਂ ਇਕ ਟਰਾਮਾ ਸੈਂਟਰ ਦਾ ਕੰਮ ਪੂਰਾ ਹੋਣ ਵਾਲਾ ਹੈ। ਇਸ ’ਤੇ ਕੰਮ 2019 ’ਚ ਸ਼ੁਰੂ ਹੋਇਆ ਸੀ। ਕੋਵਿਡ ਕਾਰਨ ਪ੍ਰਾਜੈਕਟ ਸਮੇਂ ’ਤੇ ਪੂਰਾ ਨਹੀਂ ਹੋ ਸਕਿਆ। ਹਸਪਤਾਲ ਦੇ ਡਾਇਰੈਕਟਰ ਡਾ. ਏ. ਕੇ. ਅਤਰੀ ਮੁਤਾਬਕ ਇਹ ਦਸੰਬਰ ਜਾਂ ਵੱਧ ਤੋਂ ਵੱਧ ਜਨਵਰੀ ਤੱਕ ਸ਼ੁਰੂ ਹੋਣ ਜਾ ਰਿਹਾ ਹੈ। ਇਨ੍ਹੀਂ ਦਿਨੀਂ ਅੰਦਰੂਨੀ ਕੰਮ ਕੀਤਾ ਜਾ ਰਿਹਾ ਹੈ। ਇੱਥੇ ਐਮਰਜੈਂਸੀ ਤੇ ਟਰਾਮਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਮੌਜੂਦਾ ਐਮਰਜੈਂਸੀ ਤੇ ਟਰਾਮਾ ਸੈਂਟਰ ’ਚ ਇੰਨੀ ਜਗ੍ਹਾਂ ਨਹੀਂ ਹੈ ਕਿ ਮਰੀਜ਼ਾਂ ਲਈ ਬੈੱਡ ਵਧਾਏ ਜਾ ਸਕਣ। ਸਾਬਕਾ ਡਾਇਰੈਕਟਰ ਡਾ. ਬੀ. ਐੱਸ. ਚਵਨ ਨੇ ਦਿਹਾਂਤ ਤੋਂ ਪਹਿਲਾਂ ਜੀ. ਐੱਮ. ਸੀ. ਐੱਚ. ਦੀ ਐਮਰਜੈਂਸੀ ਨੂੰ 259 ਬਿਸਤਰਿਆਂ ਵਾਲਾ ਬਣਾਉਣ ਲਈ 52 ਕਰੋੜ ਰੁਪਏ ਮਨਜ਼ੂਰ ਕਰਵਾਏ ਸਨ। ਹੁਣ ਤੱਕ ਐਮਰਜੈਂਸੀ ਤੇ ਟਰਾਮਾ ਦੇ ਮਰੀਜ਼ਾਂ ਦਾ ਇੱਕੋ ਥਾਂ ’ਤੇ ਇਲਾਜ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਸਿਰਫ਼ ਪੀ. ਜੀ. ਆਈ. ਕੋਲ ਹੀ ਵੱਖਰਾ ਟਰਾਮਾ ਸੈਂਟਰ ਹੈ। ਇਸ ਦੇ ਬਣਨ ਨਾਲ ਸ਼ਹਿਰ ’ਚ ਦੋ ਟਰਾਮਾ ਸੈਂਟਰ ਹੋ ਜਾਣਗੇ। ਮੌਜੂਦਾ ਸਮੇਂ ਐਮਰਜੈਂਸੀ ਤੇ ਟਰਾਮਾ ਲਈ 150 ਦੇ ਕਰੀਬ ਬੈੱਡ ਹਨ।
ਨਵੀਆਂ ਸਹੂਲਤਾਂ ’ਤੇ ਕੰਮ
ਡਾ. ਅੱਤਰੀ ਮੁਤਾਬਕ ਬੁਨਿਆਦੀ ਢਾਂਚੇ ਨਾਲ ਮੌਜੂਦਾ ਸਹੂਲਤਾਂ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੋ ਗਿਆ ਹੈ। ਮਰੀਜ਼ਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵਧੀ ਹੈ। ਨਵੀਆਂ ਸਹੂਲਤਾਂ ’ਤੇ ਕੰਮ ਕੀਤਾ ਜਾ ਰਿਹਾ ਹੈ ਪਰ ਉਸ ’ਚ ਹਾਲੇ ਸਮਾਂ ਲੱਗੇਗਾ। ਇਸ ਲਈ ਸਾਰੇ ਵਿਭਾਗਾਂ ਖ਼ਾਸ ਕਰਕੇ ਐਮਰਜੈਂਸੀ ਤੇ ਟਰਾਮਾ ਦਾ ਰਾਊਂਡ ਲੈਣਾ ਸ਼ੁਰੂ ਕੀਤਾ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਕਮੀਆਂ ਦਾ ਪਤਾ ਲੱਗਦਾ ਹੈ। ਹਾਲ ਹੀ ’ਚ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਲਈ ਸੈਕਟਰ-48 ਸਾਊਥ ਕੈਂਪਸ ’ਚ ਹੋਸਟਲ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਮਦਰ ਐਂਡ ਚਾਈਲਡ ਕੇਅਰ ਸੈਂਟਰ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਫਰਵਰੀ 2022 ’ਚ ਹੋਣਾ ਸੀ ਕੰਮ ਪੂਰਾ
2019 ’ਚ ਪ੍ਰਾਜੈਕਟ ਦਾ ਮਤਾ ਬਣਿਆ ਸੀ ਅਤੇ 18 ਮਹੀਨਿਆਂ ’ਚ ਪੂਰਾ ਕਰਨ ਲਈ ਕਿਹਾ ਗਿਆ ਸੀ। ਫਰਵਰੀ 2022 ਡੈੱਡਲਾਈਨ ਸੀ। ਕੋਵਿਡ ਕਾਰਨ ਦੇਰੀ ਹੋ ਗਈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਇਸ ਨੂੰ ਜਲਦੀ ਪੂਰਾ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਪੰਜਾਬ ਦੇ ਅਧਿਆਪਕਾਂ ਲਈ ਬੇਹੱਦ ਅਹਿਮ ਖ਼ਬਰ, ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ
NEXT STORY