ਜਲੰਧਰ, (ਮਹੇਸ਼)- ਬੱਸ ਸਟੈਂਡ ਦੇ ਆਲੇ-ਦੁਆਲੇ ਘੁੰਮ ਕੇ ਰਾਹਗੀਰ ਨੌਜਵਾਨਾਂ ਨੂੰ ਆਪਣੇ ਪ੍ਰੇਮ ਜਾਲ 'ਚ ਫਸਾਉਣ ਵਾਲੀਆਂ 2 ਲੜਕੀਆਂ ਦਾ ਪੀੜਤ ਨੌਜਵਾਨਾਂ ਨੇ ਖੁਦ ਪਰਦਾਫਾਸ਼ ਕਰਦੇ ਹੋਏ ਉਨ੍ਹਾਂ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਹਵਾਲੇ ਕੀਤਾ ਹੈ। ਲਖਵਿੰਦਰ ਸਿੰਘ ਪੁੱਤਰ ਸਵ. ਕੁੰਦਨ ਸਿੰਘ ਵਾਸੀ ਬੇਅੰਤ ਨਗਰ ਅਤੇ ਹੋਰਨਾਂ ਪੀੜਤ ਨੌਜਵਾਨਾਂ ਵਲੋਂ ਉਕਤ ਲੜਕੀਆਂ ਖਿਲਾਫ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਉਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਦੋਵੇਂ ਕਾਫੀ ਦੇਰ ਤੋਂ ਇਸ ਕੰਮ ਨੂੰ ਅੰਜਾਮ ਦੇ ਰਹੀਆਂ ਸਨ।
ਥਾਣੇ ਵਿਚ ਸ਼ਿਕਾਇਤ ਦੇਣ ਆਏ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਕਰੀਬ 20 ਸਾਲਾ ਇਹ ਲੜਕੀਆਂ ਪਹਿਲਾਂ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਕੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾਉਂਦੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਘੁੰਮਣ ਜਾਣ ਨੂੰ ਮਜਬੂਰ ਕਰਦੀਆਂ ਹਨ। ਉਨ੍ਹਾਂ ਨੂੰ ਮਨ੍ਹਾ ਕਰਨ 'ਤੇ ਉਹ ਉਨ੍ਹਾਂ 'ਤੇ ਝੂਠਾ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦਿੰਦੇ ਹੋਏ ਉਨ੍ਹਾਂ ਤੋਂ 2-2 ਲੱਖ ਰੁਪਏ ਦੀ ਮੰਗ ਕਰਦੀਆਂ ਹਨ।
ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮਨ੍ਹਾ ਕਰਨ 'ਤੇ ਦੋਵੇਂ ਲੜਕੀਆਂ ਐਤਵਾਰ ਨੂੰ ਬੇਅੰਤ ਨਗਰ ਸਥਿਤ ਉਸ ਦੇ ਘਰ ਆ ਗਈਆਂ ਅਤੇ ਆਉਂਦੇ ਹੀ ਗਾਲ੍ਹਾਂ ਕੱਢਣ ਲੱਗ ਪਈਆਂ। ਲਖਵਿੰਦਰ ਸਿੰਘ ਮੁਤਾਬਕ ਲੜਕੀਆਂ ਨੇ ਉਸ ਦੇ ਪਰਿਵਾਰ 'ਤੇ ਕੇਸ ਦਰਜ ਕਰਵਾਉਣ ਨੂੰ ਲੈ ਕੇ ਧਮਕਾਇਆ, ਜਿਸ ਤੋਂ ਬਾਅਦ ਉਸ ਨੇ ਇਨ੍ਹਾਂ ਲੜਕੀਆਂ ਦਾ ਸ਼ਿਕਾਰ ਹੋਏ ਹੋਰਨਾਂ ਨੌਜਵਾਨਾਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਥਾਣਾ ਰਾਮਾ ਮੰਡੀ ਦੇ ਹਵਾਲੇ ਕਰ ਦਿੱਤਾ ਹੈ। ਦੋਵੇਂ ਲੜਕੀਆਂ ਅਜੀਤ ਨਗਰ ਦੀਆਂ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ।

ਨਵੀਂ ਬਾਰਾਂਦਰੀ ਅਤੇ ਡਵੀਜ਼ਨ ਨੰ. 7 'ਚ ਵੀ ਹਨ ਸ਼ਿਕਾਇਤਾਂ ਦਰਜ : ਇਨ੍ਹਾਂ ਲੜਕੀਆਂ ਦਾ ਸ਼ਿਕਾਰ ਬਣ ਚੁੱਕੇ ਹੈਪੀ ਅਤੇ ਹਨੀ ਵਾਸੀ ਲਾਡੋਵਾਲੀ ਰੋਡ ਨੇ ਦੱਸਿਆ ਕਿ ਉਹ ਸੀਟ ਕਵਰ ਅਤੇ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦੇ ਹਨ। ਉਨ੍ਹਾਂ ਨੂੰ ਵੀ ਇਹ ਲੜਕੀਆਂ ਆਪਣੇ ਜਾਲ ਵਿਚ ਫਸਾ ਚੁੱਕੀਆਂ ਹਨ। ਉਨ੍ਹਾਂ ਨੇ ਆਪਣਾ ਬਚਾਅ ਕਰਦੇ ਹੋਏ ਇਨ੍ਹਾਂ ਦੋਵਾਂ ਖਿਲਾਫ ਥਾਣਾ ਨਵੀਂ ਬਾਰਾਂਦਰੀ ਅਤੇ ਥਾਣਾ ਡਵੀਜ਼ਨ ਨੰ. 7 ਵਿਖੇ ਸ਼ਿਕਾਇਤਾਂ ਵੀ ਦਿੱਤੀਆਂ ਹੋਈਆਂ ਹਨ। ਉਨ੍ਹਾਂ ਤੋਂ ਵੀ ਇਨ੍ਹਾਂ ਦੋਵਾਂ ਨੇ ਲੱਖਾਂ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਰੁਪਏ ਦੇਣ ਤੋਂ ਇਨਕਾਰ ਕੀਤਾ ਤਾਂ ਦੋਵਾਂ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।
ਕਈ ਨੌਜਵਾਨਾਂ ਤੋਂ ਲੈ ਚੁੱਕੀਆਂ ਹਨ ਪੈਸੇ : ਦੋਵੇਂ ਲੜਕੀਆਂ ਉਨ੍ਹਾਂ ਦੇ ਪ੍ਰੇਮ ਜਾਲ ਵਿਚ ਫਸ ਚੁੱਕੇ ਕਈ ਨੌਜਵਾਨਾਂ ਤੋਂ ਫੈਸਲਿਆਂ ਰਾਹੀਂ ਲੱਖਾਂ ਰੁਪਏ ਵੀ ਲੈ ਚੁੱਕੀਆਂ ਹਨ। ਇਨ੍ਹਾਂ ਫੈਸਲਿਆਂ ਦੌਰਾਨ ਇਨ੍ਹਾਂ ਦੇ ਮੁਹੱਲਿਆਂ ਦੇ ਰਸੂਖਦਾਰ ਵਿਅਕਤੀ ਵੀ ਮੌਜੂਦ ਸਨ। ਨੌਜਵਾਨਾਂ ਨੇ ਆਪਣੀ ਬਦਨਾਮੀ ਦੇ ਡਰ ਤੋਂ ਇਨ੍ਹਾਂ ਨੂੰ ਪੈਸੇ ਦੇ ਕੇ ਫੈਸਲੇ ਕਰਨੇ ਹੀ ਸਹੀ ਸਮਝੇ। ਕਈ ਨੌਜਵਾਨਾਂ ਤੋਂ ਇਨ੍ਹਾਂ ਦੋਵਾਂ ਨੂੰ ਪੈਸੇ ਮਿਲ ਜਾਣ ਕਾਰਨ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਹੋ ਗਏ ਅਤੇ ਇਨ੍ਹਾਂ ਦੋਵਾਂ ਨੇ ਆਪਣੇ ਕੰਮ ਵਿਚ ਹੋਰ ਤੇਜ਼ੀ ਫੜ ਲਈ। ਇਨ੍ਹਾਂ ਮੁਹੱਲਿਆਂ ਦੇ ਰਸੂਖਦਾਰ ਵਿਅਕਤੀ ਦੀ ਅੱਜ ਪੁਲਸ ਨੂੰ ਸ਼ਿਕਾਇਤ ਦੇਣ ਸਮੇਂ ਮੌਜੂਦ ਸਨ।
ਮਾਡਰਨ ਜੇਲ ਕਪੂਰਥਲਾ ਵਿਖੇ ਇਕ ਨੌਜਵਾਨ ਕੱਟ ਰਿਹਾ ਹੈ ਜਬਰ-ਜ਼ਨਾਹ ਦੀ ਸਜ਼ਾ : ਐਤਵਾਰ ਨੂੰ ਥਾਣਾ ਰਾਮਾ ਮੰਡੀ ਪੁਲਸ ਦੇ ਹਵਾਲੇ ਕੀਤੀਆਂ ਗਈਆਂ ਲੜਕੀਆਂ ਵਿਚੋਂ ਇਕ ਨੇ ਜਲੰਧਰ ਦੇ ਮਿੱਠੂ ਬਸਤੀ ਇਲਾਕੇ ਦੇ ਨਿਵਾਸੀ ਨੌਜਵਾਨ ਰਾਜਬੀਰ ਸਿੰਘ ਉਰਫ ਵਿੱਕੀ ਪੁੱਤਰ ਸੁੱਚਾ ਸਿੰਘ 'ਤੇ ਉਸ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਦੋਸ਼ ਲਾਇਆ ਸੀ। ਲੜਕੀ ਨੇ ਥਾਣਾ ਗਗਰੇਟ (ਜ਼ਿਲਾ ਊਨਾ) ਹਿਮਾਚਲ ਪ੍ਰਦੇਸ਼ ਵਿਖੇ ਵਿੱਕੀ ਖਿਲਾਫ ਸ਼ਿਕਾਇਤ ਦਿੱਤੀ ਸੀ ਕਿ ਉਹ ਉਸ ਨੂੰ ਆਪਣੇ ਨਾਲ ਲੈ ਕੇ ਆਇਆ ਅਤੇ ਇਥੇ ਇਕ ਹੋਟਲ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ, ਜਿਸ ਤੋਂ ਬਾਅਦ ਗਗਰੇਟ ਪੁਲਸ ਨੇ ਰਾਜਬੀਰ ਵਿੱਕੀ 'ਤੇ ਆਈ. ਪੀ. ਸੀ. ਦੀ ਧਾਰਾ 376 ਤਹਿਤ ਕੇਸ ਦਰਜ ਕਰ ਲਿਆ। ਹੁਣ ਇਸ ਕੇਸ ਦੀ ਸਜ਼ਾ ਵਿੱਕੀ ਮਾਡਰਨ ਜੇਲ ਕਪੂਰਥਲਾ ਵਿਖੇ ਪਿਛਲੇ 3-4 ਮਹੀਨੇ ਤੋਂ ਕੱਟ ਰਿਹਾ ਹੈ।
ਵਿੱਕੀ ਦੇ ਪਰਿਵਾਰਕ ਮੈਂਬਰ ਅੱਜ ਥਾਣਾ ਰਾਮਾ ਮੰਡੀ ਵਿਖੇ ਪਹੁੰਚੇ ਹੋਏ ਸਨ। ਉਨ੍ਹਾਂ ਨੇ ਵੀ ਲੜਕੀਆਂ 'ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਅਤੇ ਕਿਹਾ ਕਿ ਉਨ੍ਹਾਂ ਦੇ ਵਿੱਕੀ ਨੂੰ ਵੀ ਇਨ੍ਹਾਂ ਕਾਰਨ ਹੀ ਜੇਲ ਕੱਟਣੀ ਪੈ ਰਹੀ ਹੈ। ਵਿੱਕੀ ਤੋਂ ਵੀ ਲੜਕੀ ਨੇ 2 ਲੱਖ ਰੁਪਏ ਦੀ ਮੰਗ ਕੀਤੀ ਸੀ, ਜੋ ਕਿ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਬਾਅਦ ਵਿਚ ਉਸ ਨੇ ਇਸ ਸਬੰਧ ਵਿਚ ਗਗਰੇਟ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ।
ਦੇਰ ਰਾਤ ਤੱਕ ਥਾਣੇ 'ਚ ਹੁੰਦਾ ਰਿਹਾ ਹੰਗਾਮਾ : ਪੀੜਤ ਨੌਜਵਾਨਾਂ ਅਤੇ ਹੋਰਨਾਂ ਲੋਕਾਂ ਨੇ ਥਾਣਾ ਰਾਮਾ ਮੰਡੀ ਪੁਲਸ ਦੇ ਹਵਾਲੇ ਕੀਤੀਆਂ ਦੋਵੇਂ ਲੜਕੀਆਂ ਖਿਲਾਫ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਦੇਰ ਰਾਤ ਤੱਕ ਥਾਣੇ ਵਿਚ ਆਪਣਾ ਹੰਗਾਮਾ ਜਾਰੀ ਰੱਖਿਆ। ਉਨ੍ਹਾਂ ਦੀ ਮੰਗ ਸੀ ਕਿ ਇਨ੍ਹਾਂ ਦੋਵਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਦੋਵਾਂ ਨੇ ਕਈ ਨੌਜਵਾਨਾਂ ਅਤੇ ਘਰਾਂ ਨੂੰ ਬਰਬਾਦ ਕੀਤਾ ਹੈ। ਇਸ ਸਬੰਧ ਵਿਚ ਐੱਸ. ਐੱਚ. ਓ. ਥਾਣਾ ਰਾਮਾ ਮੰਡੀ ਰਾਜੇਸ਼ ਠਾਕੁਰ ਨੇ ਗੱਲ ਕਰਨ 'ਤੇ ਕਿਹਾ ਕਿ ਲੋਕਾਂ ਨੇ ਪੁਲਸ ਨੂੰ ਲੜਕੀਆਂ ਖਿਲਾਫ ਜੋ ਸ਼ਿਕਾਇਤ ਦਿੱਤੀ ਹੈ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਿਰਾਸਤ ਵਿਚ ਲਈਆਂ ਗਈਆਂ ਲੜਕੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਨਸ਼ੀਲੀਆਂ ਗੋਲੀਆਂ ਸਮੇਤ 1 ਨੌਜਵਾਨ ਕਾਬੂ
NEXT STORY