ਪਟਿਆਲਾ, (ਬਲਜਿੰਦਰ, ਜੋਸਨ, ਜ.ਬ.)- ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋਰ ਰਹੀ ਬਰਸਾਤ ਨੇ ਕਣਕ ਦੀ ਵਾਢੀ ਨੂੰ ਪੂਰੀ ਤਰ੍ਹਾਂ ਬਰੇਕ ਲਾ ਦਿੱਤੀ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿਸਾਨਾਂ ਨੂੰ ਇਸ ਵਾਰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਖੇਤਾਂ ਵਿਚ ਖੜ੍ਹੀ ਫਸਲ ਦਾ ਮੌਸਮ ਦੇ ਪ੍ਰਭਾਵ ਹੇਠ ਆਉਣਾ ਕੁਦਰਤੀ ਹੈ, ਉੱਪਰੋਂ ਜਿਹੜੀ ਕਣਕ ਮੰਡੀਆਂ ਵਿਚ ਪਹੁੰਚ ਚੁੱਕੀ ਹੈ, ਉਹ ਵੀ ਸਰਕਾਰ ਦੀ ਸੁਸਤ ਖਰੀਦ ਰਫਤਾਰ ਕਾਰਨ ਮੰਡੀਆਂ ਵਿਚ ਹੀ ਰੁਲ ਰਹੀ ਹੈ। ਸਰਕਾਰ ਵੱਲੋਂ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਖਰੀਦ ਨਾਂਹ ਦੇ ਬਰਾਬਰ ਹੀ ਕੀਤੀ ਗਈ ਹੈ।
ਨਮੀ ਦੀ ਮਾਤਰਾ ਨੂੰ ਲੈ ਕੇ ਖਰੀਦ ਏਜੰਸੀਆਂ ਵੱਲੋਂ ਖਰੀਦ ਸ਼ੁਰੂ ਹੋਣ ਦੇ 10 ਦਿਨ ਬੀਤ ਜਾਣ ਦੇ ਬਾਵਜੂਦ ਖਰੀਦ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ। ਇਹੀ ਕਾਰਨ ਹੈ ਕਿ ਪਟਿਆਲਾ ਜ਼ਿਲੇ ਦਾ ਕਿਸਾਨ ਇਸ ਸਮੇਂ ਕੁਦਰਤ ਅਤੇ ਸਰਕਾਰ ਦੀ ਦੋਹਰੀ ਮਾਰ ਹੇਠ ਨਜ਼ਰ ਆ ਰਿਹਾ ਹੈ। ਸਰਕਾਰ ਵੱਲੋਂ ਕਣਕ ਦੀ ਖਰੀਦ ਦਾ ਐਲਾਨ ਅਧਿਕਾਰਤ ਤੌਰ 'ਤੇ 1 ਅਪ੍ਰੈਲ ਤੋਂ ਕਰ ਦਿੱਤਾ ਗਿਆ ਸੀ ਪਰ ਹਾਲਾਤ ਇਹ ਹਨ ਕਿ 11 ਅਪ੍ਰੈਲ ਤੱਕ ਵੀ ਕਣਕ ਦੀ ਨਾ-ਮਾਤਰ ਹੀ ਖਰੀਦ ਕੀਤੀ ਗਈ ਹੈ। ਖਰੀਦ ਏਜੰਸੀਆਂ ਵੱਲੋਂ ਖਰੀਦ ਵਿਚ ਜਾਣ-ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਨਮੀ ਜ਼ਿਆਦਾ ਦਾ ਬਹਾਨਾ ਬਣਾਇਆ ਜਾ ਰਿਹਾ ਹੈ, ਉੱਪਰੋਂ ਖਰੀਦ ਏਜੰਸੀਆਂ ਦੇ ਅਧਿਕਾਰੀ ਢੋਆ-ਢੁਆਈ ਦਾ ਮਸਲਾ ਨਾ ਸੁਲਝਣ ਕਾਰਨ ਖਰੀਦ ਤੋਂ ਕੰਨੀ ਕਤਰਾ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੇਕਰ ਉਹ ਖਰੀਦ ਕਰ ਵੀ ਲੈਣਗੇ ਤਾਂ ਲਿਫਟਿੰਗ ਨਾ ਹੋਣ ਕਾਰਨ ਉਨ੍ਹਾਂ ਦੀ ਸਿਰਦਰਦੀ ਵਧ ਜਾਵੇਗੀ।
ਦੂਜੇ ਪਾਸੇ ਸਰਕਾਰ ਟਰੱਕ ਯੂਨੀਅਨ ਤੋੜਨ ਤੋਂ ਬਾਅਦ ਅਤੇ ਟਰੱਕ ਆਪਰੇਟਰਾਂ ਦੀ ਹੜਤਾਲ ਤੋਂ ਲਿਫਟਿੰਗ ਦੇ ਉਚਿਤ ਪ੍ਰਬੰਧ ਕਰਨ ਵਿਚ ਸਫਲ ਨਹੀਂ ਹੋ ਸਕੀ। ਸ਼ਹਿਰੀ ਖੇਤਰ ਅਤੇ ਵੱਡੇ ਸੈਂਟਰਾਂ ਦੇ ਲਿਫਟਿੰਗ ਟੈਂਡਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਸਰਕਾਰ ਕੋਲ 11 ਅਪ੍ਰੈਲ ਤੱਕ ਵੀ ਲਿਫਟਿੰਗ ਦੇ ਉਚਿਤ ਪ੍ਰਬੰਧ ਨਹੀਂ ਹਨ। ਇਸ ਕਸ਼ਮਕਸ਼ ਕਾਰਨ ਹੀ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ।
ਮੌਸਮ ਮਾਹਰਾਂ ਦੀ ਭਵਿੱਖਬਾਣੀ, ਇਕ ਦਿਨ ਹੋਰ ਰਹਿ ਸਕਦਾ ਹੈ ਮੌਸਮ ਖਰਾਬ
ਮੌਸਮ ਮਹਿਰਾ ਵੱਲੋਂ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਬਰਸਾਤ 12 ਅਪ੍ਰੈਲ ਤੱਕ ਪੈ ਸਕਦੀ ਹੈ। ਇਸ ਨੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵੀ ਵਧਾ ਦਿੱਤੀਆਂ ਹਨ। ਜੇਕਰ ਇਕ ਦਿਨ ਹੋਰ ਬਾਰਿਸ਼ ਪੈ ਜਾਂਦੀ ਹੈ ਤਾਂ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਹੋ ਸਕਦਾ ਹੈ। ਪਹਿਲਾਂ ਹੀ ਦੋ ਦਿਨ ਤੱਕ ਬਾਰਿਸ਼ ਪੈਣ ਨਾਲ ਅਗਲੇ ਕੁਝ ਦਿਨਾਂ ਤੱਕ ਕਣਕ ਦੀ ਵਾਢੀ ਨਹੀਂ ਹੋ ਸਕਦੀ।
ਮਾਹਰਾਂ ਮੁਤਾਬਕ ਜੇਕਰ ਕਣਕ ਪੱਕਣ ਤੋਂ ਬਾਅਦ ਉਸ ਨੂੰ ਪਾਣੀ ਲੱਗ ਜਾਵੇ ਅਤੇ ਬਾਅਦ ਵਿਚ ਧੁੱਪ ਲੱਗੇ ਤਾਂ ਕਣਕ ਦਾ ਵਜ਼ਨ ਕਾਫੀ ਘਟ ਜਾਂਦਾ ਹੈ। ਇਸ ਦਾ ਸਿੱਧੇ ਤੌਰ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਹਲਕੀ ਗੜੇਮਾਰੀ ਤੋਂ ਸਹਿਮੇ ਕਿਸਾਨ
ਕਈ ਇਲਾਕਿਆਂ ਵਿਚ ਬਾਰਿਸ਼ ਦੇ ਨਾਲ-ਨਾਲ ਹਲਕੀ ਗੜੇਮਾਰੀ ਨੇ ਕਿਸਾਨਾਂ ਨੂੰ ਡਰਾ ਦਿੱਤਾ ਹੈ। ਕਣਕ ਦੀ ਪੱਕੀ ਫਸਲ 'ਤੇ ਜੇਕਰ ਗੜੇਮਾਰੀ ਹੁੰਦੀ ਹੈ ਤਾਂ ਕਣਕ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ, ਜਿਸ ਦੀ ਮਾਰ ਕਿਸਾਨ ਨਹੀਂ ਝੱਲ ਸਕਦੇ। ਵਾਢੀ ਦੇ ਰੁਕੇ ਸੀਜ਼ਨ ਦੀ ਮਾਰ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਪੈ ਰਹੀ ਹੈ।
ਝਾੜ 'ਤੇ ਪੈ ਸਕਦਾ ਹੈ ਵੱਡਾ ਅਸਰ
ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਕਣਕ ਦੇ ਝਾੜ 'ਤੇ ਵੀ ਵੱਡਾ ਅਸਰ ਪੈ ਸਕਦਾ ਹੈ। ਖੇਤੀ ਮਾਹਰਾਂ ਮੁਤਾਬਕ ਖਰਾਬ ਮੌਸਮ ਕਾਰਨ ਕਣਕ ਦੀ ਵਾਢੀ 'ਚ ਜਿੰਨੀ ਦੇਰੀ ਹੋਵੇਗੀ, ਓਨਾ ਹੀ ਝਾੜ ਘੱਟ ਹੋਵੇਗਾ। ਹੁਣ ਤੱਕ ਜਿੰਨੀ ਬਾਰਿਸ਼ ਪੈ ਚੁੱਕੀ ਹੈ, ਉਸ ਮੁਤਾਬਕ 2 ਤੋਂ 3 ਕੁਇੰਟਲ ਪ੍ਰਤੀ ਏਕੜ ਤੱਕ ਵੀ ਝਾੜ ਘਟ ਸਕਦਾ ਹੈ।
ਕਈ ਘੰਟੇ ਬਿਜਲੀ ਰਹੀ ਬੰਦ
ਜਿਉਂ ਹੀ ਬਰਸਾਤ ਪੈਣ ਤੋਂ ਪਹਿਲਾਂ ਠੰਡੀਆਂ ਹਵਾਵਾਂ ਨੇ ਇਕਦਮ ਜ਼ੋਰ ਫੜਿਆ, ਬਿਜਲੀ ਵਿਭਾਗ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਦੇ ਮੱਦੇਨਜ਼ਰ ਬਿਜਲੀ ਸਪਲਾਈ ਨੂੰ ਕੁੱਝ ਘੰਟਿਆਂ ਲਈ ਬੰਦ ਕਰ ਦਿੱਤਾ ਗਿਆ, ਜਿਸ ਕਰ ਕੇ ਹਰ ਪਾਸੇ ਹਨੇਰਾ ਛਾਇਆ ਰਿਹਾ।
ਖੇਤਾਂ ਤੇ ਮੰਡੀਆਂ 'ਚ ਪਾਣੀ ਹੀ ਪਾਣੀ
ਬੀਤੀ ਰਾਤ ਤੋਂ ਹੀ ਰੁਕ-ਰੁਕ ਕੇ ਹੋ ਰਹੀ ਬਰਸਾਤ ਕਾਰਨ ਖੇਤਾਂ ਤੇ ਮੰਡੀਆਂ ਵਿਚ ਪਾਣੀ ਹੀ ਪਾਣੀ ਭਰ ਗਿਆ ਹੈ। ਸਭ ਤੋਂ ਮਾੜੀ ਹਾਲਤ ਖੇਤਰੀ ਪ੍ਰਚੇਜ਼ ਕੇਂਦਰਾਂ ਅਤੇ ਖਾਸ ਤੌਰ ਕੱਚੇ ਫੜ੍ਹ ਵਾਲੇ ਸੈਂਟਰਾਂ ਦੀ ਹੈ, ਜਿਥੇ ਨਾ ਹੀ ਸ਼ੈੱਡ ਹੈ ਅਤੇ ਨਾ ਹੀ ਥੱਲੇ ਪੱਕਾ ਫਰਸ਼। ਲਗਾਤਾਰ ਬਾਰਿਸ਼ ਨੇ ਜਿਹੜੇ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਆਪਣੇ ਪੱਧਰ 'ਤੇ ਪ੍ਰਬੰਧ ਕੀਤੇ ਹਨ, ਉਹ ਸਾਰੇ ਫੇਲ ਹਨ। ਇਹੀ ਕਾਰਨ ਹੈ ਕਿ ਮੰਡੀਆਂ ਅਤੇ ਖੇਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ।
ਕੀ ਕਹਿੰਦੇ ਹਨ ਕਿਸਾਨ?
ਖਰਾਬ ਮੌਸਮ ਦੀ ਮਾਰ ਦੀ ਸਭ ਤੋਂ ਜ਼ਿਆਦਾ ਕਿਸਾਨਾਂ 'ਤੇ ਪਈ ਹੈ। ਇਸ ਦੇ ਨਾਲ-ਨਾਲ ਸਬਜ਼ੀ, ਸੂਰਜਮੁਖੀ, ਮੱਕੀ ਤੇ ਮੂੰਗੀ ਆਦਿ ਫਸਲਾਂ ਦੇ ਉਤਪਾਦਕ ਕਿਸਾਨਾਂ ਨੂੰ ਵੀ ਪੈ ਰਹੀ ਹੈ। ਜੇਕਰ ਜਲਦ ਹੀ ਮੌਸਮ ਸਾਫ ਨਾ ਹੋਇਆ ਤਾਂ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ। - ਹੈਪੀ ਕੈਦੂਪੁਰ
ਖਰਾਬ ਮੌਸਮ ਕੋਈ ਨਵੀਂ ਗੱਲ ਨਹੀਂ। ਸਰਕਾਰ ਹਰ ਵਾਰ ਇਸ ਨੂੰ ਕੁਦਰਤ ਦੀ ਮਾਰ ਦਾ ਨਾਂ ਦੇ ਕੇ ਮਸਲੇ ਨੂੰ ਟਾਲ ਦਿੰਦੀ ਹੈ। ਕਦੇ ਵੀ ਸਰਕਾਰ ਵੱਲੋਂ ਅਜਿਹੇ ਕਦਮ ਨਹੀਂ ਚੁੱਕੇ ਜਾਂਦੇ, ਜਿਸ ਨਾਲ ਕਣਕ ਦੀ ਫਸਲ ਨੂੰ ਬਚਾਇਆ ਜਾ ਸਕੇ। ਸਰਕਾਰ ਵੱਲੋਂ ਹਰ ਵਾਰ ਸਿਰਫ ਮਾਮਲੇ ਨੂੰ ਟਾਲਣ 'ਤੇ ਹੀ ਜ਼ੋਰ ਦਿੱਤਾ ਜਾਂਦਾ ਹੈ।—ਹਰਵਿੰਦਰ ਸਿੰਘ ਭੋਲਾ ਟੌਹੜਾ
ਸਿੱਧੂ ਨੂੰ ਕਤਲ ਕੇਸ 'ਚੋਂ ਬਚਾਉਣ ਲਈ ਜਾਣ-ਬੁੱਝ ਕੇ ਜੂਨੀਅਰ ਵਕੀਲ ਲਾ ਰਹੀ ਹੈ ਸਰਕਾਰ : ਮਜੀਠੀਆ
NEXT STORY