ਲੁਧਿਆਣਾ, (ਸਲੂਜਾ)- ਨਗਰੀ ਦਾ ਪ੍ਰਮੁੱਖ ਸਰਾਫਾ ਬਾਜ਼ਾਰ ਅੱਜ ਦੁਪਹਿਰ ਦੇ ਸਮੇਂ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਭਿਆਨਕ ਅੱਗ ਨਾਲ ਸੁਆਹ 'ਚ ਤਬਦੀਲ ਹੋਣ ਤੋਂ ਵਾਲ-ਵਾਲ ਬਚ ਗਿਆ। ਅੱਗ ਨਾਲ ਦੁਕਾਨਾਂ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਦੁਕਾਨਦਾਰਾਂ ਨੇ ਛੱਤਾਂ 'ਤੇ ਚੜ੍ਹ ਕੇ ਆਪਣੀ ਜਾਨ ਬਚਾਈ।
ਜਿਊਲਰਜ਼ ਵਿਨੀਤ ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਾਪ ਦੇ ਸ਼ਟਰ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ 'ਚ ਪਹਿਲਾਂ ਕੁਝ ਚਿੰਗਾੜੀਆਂ ਸੜਕ 'ਤੇ ਡਿੱਗੀਆਂ। ਕੁਝ ਹੀ ਸੈਕਿੰਡ 'ਚ ਇਨ੍ਹਾਂ ਚਿੰਗਾੜੀਆਂ ਨੇ ਅੱਗ ਦਾ ਰੂਪ ਧਾਰਨ ਕਰ ਲਿਆ। ਇਹ ਅੱਗ ਲਗਭਗ ਅੱਧੇ ਘੰਟੇ ਤੱਕ ਜਾਰੀ ਰਹੀ। ਜਿਸ ਨਾਲ ਤਾਰ ਪਿਘਲ ਕੇ ਸੜਕ 'ਤੇ ਆ ਡਿੱਗੀ। ਉਨ੍ਹਾਂ ਦੀ ਦੁਕਾਨ ਸਮੇਤ ਨਾਲ ਲਗਦੀਆਂ ਦੁਕਾਨਾਂ 'ਚ ਧੂਆਂ ਭਰਨ ਨਾਲ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਉਨ੍ਹਾਂ ਨੇ ਆਪਣੇ-ਆਪ ਨੂੰ ਤੇ ਆਪਣੇ ਸਟਾਫ ਨੂੰ ਬਚਾਉਣ ਲਈ ਆਪਣੀ ਹੀ ਦੁਕਾਨ ਦੀ ਛੱਤ ਦਾ ਸਹਾਰਾ ਲਿਆ। ਕਿਉਂਕਿ ਬਾਹਰ ਨਿਕਲਣ ਦਾ ਰਸਤਾ ਹੀ ਨਹੀਂ ਬਚਿਆ ਸੀ। ਅੱਗ ਦੇ ਫੈਲਦੇ ਹੀ ਦੁਕਾਨਦਾਰ ਦੁਕਾਨਾਂ ਛੱਡ ਕੇ ਸੜਕ 'ਤੇ ਨਿਕਲ ਆਏ।
ਸਰਾਫਾ ਬਾਜ਼ਾਰ ਦੇ ਦੁਕਾਨਦਾਰਾਂ ਵਿਕਾਸ ਧੀਰ, ਗੋਪਾਲ ਭੰਡਾਰੀ, ਲਲਿਤ ਜੈਨ, ਨਿਤਿਨ ਜੈਨ, ਮੁਨੀਸ਼ ਜੈਨ, ਟਿੰਕੂ ਵਰਮਾ, ਸ਼ਾਮ ਵਰਮਾ, ਪ੍ਰਿੰਸ ਸਿੰਘ, ਅਮਨ ਚੋਪੜਾ, ਗਗਨ ਜੈਨ, ਅਜਿੰਦਰ ਜੈਨ ਤੇ ਸੰਜੀਵ ਢਾਂਡਾ ਨੇ ਪਾਵਰਕਾਮ ਖਿਲਾਫ ਰੋਸ ਜਤਾਉਂਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਹੀ ਬਿਜਲੀ ਦੀਆਂ ਤਾਰਾਂ ਦੇ ਜਾਲ ਬਾਜ਼ਾਰ 'ਚ ਜਗ੍ਹਾ-ਜਗ੍ਹਾ 'ਤੇ ਲਟਕ ਰਹੇ ਹਨ। ਇਸ ਸਬੰਧੀ ਕਈ ਵਾਰ ਪਾਵਰਕਾਮ ਅਧਿਕਾਰੀਆਂ ਨੂੰ ਜਾਣੂ ਕਰਵਾ ਚੁੱਕੇ ਹਾਂ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਅੱਜ ਇਹ ਘਟਨਾ ਵਾਪਰ ਗਈ। ਜੇਕਰ ਅੱਜ ਅੱਗ ਬੇਕਾਬੂ ਹੋ ਜਾਂਦੀ ਤਾਂ ਵੱਡੇ ਪੱਧਰ 'ਤੇ ਜਾਨੀ-ਮਾਲੀ ਨੁਕਸਾਨ ਹੋ ਜਾਂਦਾ।
ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫੋਨ ਹੀ ਨਹੀਂ ਮਿਲਿਆ। ਅੱਗ 'ਤੇ ਸਮੂਹ ਦੁਕਾਦਨਾਰਾਂ ਨੇ ਅੱਗ ਰੋਕੂ ਸਿਲੰਡਰਾਂ ਦੀ ਮਦਦ ਨਾਲ ਕਾਬੂ ਪਾ ਲਿਆ। ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਪਾਵਰਕਾਮ ਦੇ ਐੱਸ. ਡੀ. ਓ. ਨੂੰ ਬਾਜ਼ਾਰ 'ਚ ਬਿਜਲੀ ਦੀ ਖਸਤਾ ਤਾਰਾਂ ਦੀ ਹਾਲਤ ਦਿਖਾਉਂਦੇ ਹੋਏ ਮੰਗਪੱਤਰ ਸੌਂਪਦੇ ਹੋਏ ਇਹ ਗੁਹਾਰ ਲਾਈ ਹੈ ਕਿ ਇਨ੍ਹਾਂ ਤਾਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਬਦਲਿਆ ਜਾਵੇ। ਫਿਲਹਾਲ ਬਿਜਲੀ ਵਿਭਾਗ ਵੱਲੋਂ ਮੁਰੰਮਤ ਕਰ ਕੇ ਕੰਮ ਚਲਾ ਦਿੱਤਾ ਗਿਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਵਰਕਾਮ ਦੇ ਅਧਿਕਾਰੀ ਨੂੰ ਨਵੇਂ ਟਰਾਂਸਫਾਰਮਰ ਲਗਾਉਣ ਸਬੰਧੀ ਖਾਲੀ ਜਗ੍ਹਾ ਦਿਖਾਈ ਹੈ ਪਰ ਇਨ੍ਹਾਂ ਥਾਵਾਂ 'ਤੇ ਬਿਜਲੀ ਵਿਭਾਗ ਟਰਾਂਸਫਾਰਮਰ ਲਾਉਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਵਰ ਸਪਲਾਈ ਸਿਸਟਮ ਨੂੰ ਨਾ ਬਦਲਿਆ ਗਿਆ ਤਾਂ ਫਿਰ ਸਰਾਫਾ ਬਾਜ਼ਾਰ ਨਾਲ ਸੰਬੰਧਿਤ ਦੁਕਾਨਦਾਰ ਯੂਨੀਅਨਾਂ ਅੰਦੋਲਨ ਦਾ ਬਿਗੁਲ ਵਜਾ ਦੇਣ ਲਈ ਮਜਬੂਰ ਹੋਣਗੀਆਂ। ਪਾਵਰਕਾਮ ਅਧਿਕਾਰੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਬਿਜਲੀ ਲਾਈਨਾਂ ਤੇ ਨਵੇਂ ਟਰਾਂਸਫਾਰਮਰ ਨੂੰ ਲੈ ਕੇ ਜੋ ਵੀ ਦੁਕਾਨਦਾਰਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਉਸਦਾ ਜਲਦੀ ਹੀ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਸਕਾਰਪੀਓ ਖੋਹਣ ਵਾਲੇ 3 ਦੋਸ਼ੀ ਦੋਨਾਲੀ ਸਣੇ ਕਾਬੂ
NEXT STORY