ਹੁਸ਼ਿਆਰਪੁਰ, (ਘੁੰਮਣ)- ਪੰਜਾਬ ਕੈਮਿਸਟਸ ਐਸੋਸੀਏਸ਼ਨ (ਪੀ. ਸੀ. ਏ.) ਵੱਲੋਂ ਲਏ ਫੈਸਲੇ ਅਨੁਸਾਰ ਅੱਜ ਜਿਲੇ ਭਰ ’ਚ 900 ਕੈਮਿਸਟਾਂ ਨੇ ਹਡ਼ਤਾਲ ਕੀਤੀ। ਪੀ. ਸੀ. ਏ. ਦੇ ਕਾਰਜਕਾਰੀ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਸੀਨੀ. ਮੀਤ ਪ੍ਰਧਾਨ ਰਮਨ ਕਪੂਰ ਨੇ ਦੱਸਿਆ ਕਿ ਸੂਬੇ ਵਿਚ 26 ਹਜ਼ਾਰ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਹਡ਼ਤਾਲ ਵਿਚ ਥੋਕ ਤੇ ਪ੍ਰਚੂਨ ਦਵਾਈਆਂ ਵੇਚਣ ਵਾਲੇ ਸ਼ਾਮਲ ਹੋਏ।
ਐਸੋਸੀਏਸ਼ਨ ਦੇ ਆਗੂਆਂ ਨੇ ਪੰਜਾਬ ਤੇ ਕੇਂਦਰ ਸਰਕਾਰਾਂ ਕੋਲੋਂ ਮੰਗ ਕੀਤੀ ਕਿ ਈ-ਫਾਰਮੇਸੀ ਬੰਦ ਕੀਤੀ ਜਾਵੇ, ਤਹਿਸੀਲਦਾਰਾਂ, ਪਟਵਾਰੀਆਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੈਮਿਸਟਾਂ ਦੀਆਂ ਦੁਕਾਨਾਂ ਦੀ ਚੈਕਿੰਗ ਦਾ ਸਿਲਸਿਲਾ ਬੰਦ ਕੀਤਾ ਜਾਵੇ, ਦੁਕਾਨਾਂ ਦੀ ਚੈਕਿੰਗ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਡਰੱਗਜ਼ ਲਾਇਸੈਂਸਿੰਗ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੀ. ਸੀ. ਏ. ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ’ਚ ਉਸ ਨਾਲ ਖਡ਼੍ਹੀ ਹੈ ਅਤੇ ਪੂਰਨ ਸਹਿਯੋਗ ਦੇਵੇਗੀ। ਅੱਜ ਹਡ਼ਤਾਲ ਦੌਰਾਨ ਐਸੋਸੀਏਸ਼ਨ ਵੱਲੋਂ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ-ਪੱਤਰ ਵੀ ਦਿੱਤੇ ਗਏ। ਜ਼ਿਲਾ ਕੈਮਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੀ. ਸੀ. ਏ. ਦੇ ਉਪ ਪ੍ਰਧਾਨ ਰਮਨ ਕਪੂਰ ਦੀ ਅਗਵਾਈ ’ਚ ਪੰਜਾਬ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੂੰ ਭੇਜਣ ਲਈ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। 
ਮੁਕੇਰੀਆਂ, ਬਲਬੀਰ)-ਅੱਜ ਆਲ ਇੰਡੀਆ ਕੈਮਿਸਟਸ ਯੂਨੀਅਨ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਮੁਕੇਰੀਆਂ ਕੈਮਿਸਟ ਐਸੋਸੀਏਸ਼ਨ ਵੱਲੋਂ ਪੂਰਾ ਸਮਰਥਨ ਮਿਲਿਆ। ਸ਼ਹਿਰ ਵਿਖੇ ਸਾਰੇ ਮੈਡੀਕਲ ਸਟੋਰ ਪੂਰੇ ਦਿਨ ਲਈ ਬੰਦ ਰੱਖੇ ਗਏ। ਅੱਜ ਸਵੇਰੇ ਸਥਾਨਕ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਾ ਬੱਤਰਾ ਦੀ ਅਗਵਾਈ ਹੇਠਾਂ ਸਾਰੇ ਮੈਡੀਕਲ ਸਟੋਰਾਂ ਦੇ ਮਾਲਕਾਂ ਨੇ ਸਰਕਾਰੀ ਹਸਪਤਾਲ ਮੁਕੇਰੀਆਂ ਦੇ ਸਾਹਮਣੇ ਆਪਣਾ ਇਕ ਇਕੱਠ ਕੀਤਾ ਤੇ ਹਾਈਕਮਾਨ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਆਪਣੇ ਮੈਡੀਕਲ ਸਟੋਰ ਬੰਦ ਰੱਖੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਗਜੀਤ ਸਿੰਘ, ਅਮਿਤ ਭੱਲਾ, ਹਰੀਸ਼ ਬੱਤਰਾ, ਕਰਨੈਲ ਸਿੰਘ, ਪ੍ਰਿੰਸ, ਪੁਨੀਤ ਠਾਕੁਰ, ਸੋਨੀ, ਸੋਨੀ ਬੱਤਰਾ, ਸੁਰਿੰਦਰ ਬੱਤਰਾ, ਦੇਵ ਰਾਜ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ ਤੇ ਬਾਕੀ ਕੈਮਿਸਟ ਹਾਜ਼ਰ ਸਨ।
ਗਡ਼੍ਹਦੀਵਾਲਾ, (ਜਤਿੰਦਰ)-ਕੈਮਿਸਟਸ ਐਸੋਸੀਏਸ਼ਨ ਪੰਜਾਬ ਅਤੇ ਹੁਸ਼ਿਆਰਪੁਰ ਦੇ ਸੱਦੇ ’ਤੇ ਅੱਜ ਗਡ਼੍ਹਦੀਵਾਲਾ ਦੇ ਸਮੂਹ ਕੈਮਿਸਟਾਂ ਵੱਲੋਂ ਬਾਹਰਲੇ ਵਿਭਾਗਾਂ ਦੀ ਦਖਲਅੰਦਾਜ਼ੀ ਦੇ ਰੋਸ ਵਜੋਂ ਅੱਜ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਰੱਖੀਆਂ ਗਈਆਂ। 
ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਠਾਕੁਰ ਅਤੇ ਵਾਈਸ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਸੂਬੇ ਨੂੰ ਨਸ਼ਾ-ਮੁਕਤ ਕਰਨ ਲਈ ਮੁਹਿੰਮ ਚਲਾਈ ਗਈ ਹੈ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਸਰਕਾਰ ਦੇ ਇਸ ਫੈਸਲੇ ਨੂੰ ਸਫਲ ਬਣਾਉਣ ਲਈ ਗਡ਼੍ਹਦੀਵਾਲਾ ਕੈਮਿਸਟਸ ਐਸੋਸੀਏਸ਼ਨ ਸਰਕਾਰ ਨੂੰ ਪੂਰਨ ਸਹਿਯੋਗ ਦੇਵੇਗੀ ਪਰ ਜੋ ਸਿਹਤ ਵਿਭਾਗ ਤੋਂ ਬਾਹਰਲੇ ਵਿਭਾਗਾਂ ਵੱਲੋਂ ਕੈਮਿਸਟਾਂ ਦੀ ਚੈਕਿੰਗ ਕਰ ਕੇ ਨਾਜਾਇਜ਼ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਰਕਾਰ ਈ-ਫਾਰਮੇਸੀ ’ਤੇ ਵੀ ਮੁਕੰਮਲ ਪਾਬੰਦੀ ਲਾਵੇ। ਜੇਕਰ ਸਰਕਾਰ ਕੈਮਿਸਟਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਕੈਮਿਸਟ ਐਸੋਸੀਏਸ਼ਨ ਵੱਲੋਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਦੇ ਹਰ ਸੱਦੇ ਦਾ ਪੂਰਨ ਸਮਰਥਨ ਕੀਤਾ ਜਾਵੇਗਾ।
ਅੱਜ ਗਡ਼੍ਹਦੀਵਾਲਾ ਵਿਖੇ ਠਾਕੁਰ ਮੈਡੀਕਲ ਸਟੋਰ, ਪਬਲਿਕ ਮੈਡੀਕਲ ਸਟੋਰ, ਵਿਨੈ ਫਾਰਮੇਸੀ, ਭੱਟੀ ਮੈਡੀਕੋਜ਼, ਦੀਪਕ ਮੈਡੀਕੋਜ਼, ਭਾਰਦਵਾਜ ਮੈਡੀਕੋਜ਼, ਗੁਪਤਾ ਮੈਡੀਕੋਜ਼, ਹੁੰਦਲ ਮੈਡੀਕੋਜ਼, ਰਵੀ ਮੈਡੀਕੋਜ਼, ਪੰਜਾਬ ਮੈਡੀਕਲ ਹਾਲ, ਦੋਆਬਾ ਮੈਡੀਕਲ ਸਟੋਰ, ਸਹੋਤਾ ਮੈਡੀਕੋਜ਼, ਥੰਮਣ ਮੈਡੀਕੋਜ਼, ਸ੍ਰੀ ਸਿੱਧ ਮੈਡੀਕੋਜ਼, ਗੁਰੂ ਕ੍ਰਿਪਾ ਮੈਡੀਕੋਜ਼, ਸਿਮਰਨ ਮੈਡੀਕੋਜ਼ ਆਦਿ ਸਾਰਾ ਦਿਨ ਬੰਦ ਰਹੇ।
ਸਿਵਲ ਹਸਪਤਾਲ ਸਾਹਮਣੇ ਦੁਕਾਨਾਂ ਖੋਲ੍ਹ ਕੇ ਕੀਤਾ ਵਿਰੋਧ
ਹੁਸ਼ਿਆਰਪੁਰ, (ਘੁੰਮਣ)-ਅੱਜ ਪੰਜਾਬ ਭਰ ਵਿਚ ਕੈਮਿਸਟਾਂ ਦੀ ਹਡ਼ਤਾਲ ਦੇ ਸੱਦੇ ਦੇ ਬਾਵਜੂਦ ਸਿਵਲ ਹਸਪਤਾਲ ਹੁਸ਼ਿਆਰਪੁਰ ਸਾਹਮਣੇ ਕੈਮਿਸਟਾਂ ਨੇ ਸਾਰੀਆਂ ਦੁਕਾਨਾਂ ਆਮ ਵਾਂਗ ਖੋਲ੍ਹੀਆਂ। ਜ਼ਿਲਾ ਕੈਮਿਸਟਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੇਸ਼ ਵਾਲੀਆ ਅਤੇ ਹੋਰ ਦੁਕਾਨਦਾਰਾਂ ਨੇ ਉਕਤ ਹਡ਼ਤਾਲ ਦਾ ਵਿਰੋਧ ਕੀਤਾ। ਵਾਲੀਆ ਨੇ ਕਿਹਾ ਕਿ ਸ਼ਹਿਰ ਵਿਚ ਫੈਲੇ ਡਾਇਰੀਆ ਕਾਰਨ ਕੈਮਿਸਟਾਂ ਨੇ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਲਈ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਫੈਸਲਾ ਕੀਤਾ ਸੀ ਕਿ ਉਹ ਦੁਕਾਨਾਂ ਖੁੱਲ੍ਹੀਆਂ ਰੱਖਣਗੇ।
ਵਿਸ਼ੇਸ਼ ਗੱਲ ਇਹ ਹੈ ਕਿ ਸ਼ਹਿਰ ਭਰ ’ਚ ਮਰੀਜ਼ਾਂ ਨੇ ਕੈਮਿਸਟਾਂ ਦੀਆਂ ਉਕਤ ਦੁਕਾਨਾਂ ਤੋਂ ਲੋਡ਼ੀਂਦੀਆਂ ਦਵਾਈਆਂ ਪ੍ਰਾਪਤ ਕਰ ਕੇ ਕਾਫੀ ਰਾਹਤ ਮਹਿਸੂਸ ਕੀਤੀ। ਐਮਰਜੈਂਸੀ ਵਾਲੇ ਮਰੀਜ਼ਾਂ ਨੂੰ ਵੀ ਦਵਾਈਆਂ ਮੁਹੱਈਆ ਮਿਲ ਜਾਣ ਕਾਰਨ ਉਨ੍ਹਾਂ ਸੁੱਖ ਦਾ ਸਾਹ ਲਿਆ। ਸ਼੍ਰੀ ਵਾਲੀਆ ਨੇ ਦੱਸਿਆ ਕਿ ਇਸ ਹਡ਼ਤਾਲ ਸਬੰਧੀ ਸਟੇਟ ਬਾਡੀ ਵੱਲੋਂ ਉਨ੍ਹਾਂ ਨੂੰ ਉਂਝ ਵੀ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ।
ਆਂਗਣਵਾਡ਼ੀ ਮੁਲਾਜ਼ਮਾਂ ਵਲੋਂ ਮੰਗਾਂ ਸਬੰਧੀ ਨਾਅਰੇਬਾਜ਼ੀ, ਭੁੱਖ ਹਡ਼ਤਾਲ ਦਾ ਐਲਾਨ
NEXT STORY