ਜਲੰਧਰ (ਚਾਵਲਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਲਹਿਰ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਆਰੰਭ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਦਸਤਾਰ ਸਜਾਓ ਮਾਰਚ 21 ਅਪ੍ਰੈਲ ਨੂੰ ਪੂਰੀ ਖਾਲਸਾਈ ਸ਼ਾਨੋ-ਸ਼ੌਕਤ ਨਾਲ ਕੱਢਿਆ ਜਾ ਰਿਹਾ ਹੈ। ਇਹ ਜਾਣਕਾਰੀ ਅੱਜ ਪ੍ਰੈੱਸ ਨੂੰ ਦਿੰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਵਿਸ਼ਾਲ ਦਸਤਾਰ ਸਜਾਓ ਮਾਰਚ ਦੀ ਆਰੰਭਤਾ 21 ਅਪ੍ਰੈਲ ਨੂੰ ਸਵੇਰੇ 9 ਵਜੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੋਂ ਹੋਵੇਗੀ। ਇਹ ਮਾਰਚ ਵਾਇਆ ਕੋਹਾੜਾ, ਸਮਰਾਲਾ, ਮੋਰਿੰਡਾ ਅਤੇ ਰੂਪਨਗਰ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਿਲਕੁਲ ਨਜ਼ਦੀਕ ਪੈਂਦੇ ਇਤਿਹਾਸਕ ਅਸਥਾਨ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਵਿਖੇ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਇਸ ਮਾਰਚ ਵਿਚ ਪੂਰੇ ਉਤਸ਼ਾਹ ਨਾਲ ਸਿੱਖ ਨੌਜਵਾਨ ਸੁੰਦਰ ਕੇਸਰੀ ਦਸਤਾਰਾਂ ਸਜਾ ਕੇ ਸ਼ਾਮਲ ਹੋਣਗੇ ਅਤੇ ਖਾਲਸਾਈ ਜਾਹੋ-ਜਲਾਲ ਦਾ ਪ੍ਰਗਟਾਵਾ ਕਰਨ ਵਾਲਾ ਆਪਣੀ ਕਿਸਮ ਦਾ ਇਕ ਅਲੌਕਿਕ ਦਸਤਾਰ ਮਾਰਚ ਸਾਬਿਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਸ਼ਾਲ ਦਸਤਾਰ ਸਜਾਓ ਮਾਰਚ ਦਾ ਮੁੱਖ ਟੀਚਾ ਸਿੱਖ ਨੌਜਵਾਨਾਂ ਨੂੰ ਆਪਣੇ ਵਡਮੁੱਲੇ ਵਿਰਸੇ ਨਾਲ ਜੋੜਨਾ ਹੈ। ਇਸ ਨਾਲ ਨੌਜਵਾਨਾਂ ਵਿਚ ਸੁੰਦਰ ਦਸਤਾਰਾਂ ਸਜਾਉਣ ਲਈ ਵੱਡਾ ਉਤਸ਼ਾਹ ਮਿਲੇਗਾ।
ਸਰਹੱਦੀ ਖੇਤਰ 'ਚ 'ਗੈਪਸ' ਨੂੰ ਭਰਨ 'ਚ ਕਾਰਗਰ ਸਿੱਧ ਹੋਈ 'ਲੇਜ਼ਰ ਵਾਲ'
NEXT STORY