ਅੰਮ੍ਰਿਤਸਰ, (ਦਲਜੀਤ)- ਸਿਵਲ ਹਸਪਤਾਲ ਦੇ ਬਲੱਡ ਬੈਂਕ 'ਚ ਏ ਅਤੇ ਬੀ ਨੈਗੇਟਿਵ ਖੂਨ ਦੀ ਕਮੀ ਹੋ ਗਈ ਹੈ। ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿਚ ਦਾਖਲ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੇ ਵਾਰਿਸਾਂ ਨੂੰ ਬੈਂਕ ਕੋਲੋਂ ਸਬੰਧਤ ਖੂਨ ਨਹੀਂ ਮਿਲ ਰਿਹਾ। ਵਾਰਿਸ ਆਪਣੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਪ੍ਰਾਈਵੇਟ ਬਲੱਡ ਬੈਂਕਾਂ ਵਿਚ ਜਾਣ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿਚ ਜ਼ਿਲਾ ਪੱਧਰੀ ਬਲੱਡ ਬੈਂਕ ਬਣਾਇਆ ਗਿਆ ਹੈ, ਜਿਸ ਤੋਂ ਸਰਕਾਰੀ ਹਸਪਤਾਲਾਂ 'ਚ ਦਾਖਲ ਮਰੀਜ਼ਾਂ ਨੂੰ ਜ਼ਰੂਰਤ ਅਨੁਸਾਰ ਖੂਨ ਮਿਲ ਜਾਂਦਾ ਹੈ ਪਰ ਪਿਛਲੇ ਇਕ ਹਫਤੇ ਤੋਂ ਬੈਂਕ 'ਚ ਏ ਤੇ ਬੀ ਨੈਗੇਟਿਵ ਖੂਨ ਦੀ ਕਮੀ ਹੋ ਗਈ ਹੈ। ਰੋਜ਼ਾਨਾ ਇਕ ਦਰਜਨ ਦੇ ਕਰੀਬ ਮਰੀਜ਼ਾਂ ਨੂੰ ਉਕਤ ਖੂਨ ਨਹੀਂ ਮਿਲ ਰਿਹਾ। ਸੂਤਰ ਦੱਸਦੇ ਹਨ ਕਿ ਦਾਨੀ ਸੱਜਣਾਂ ਵੱਲੋਂ ਲਾਏ ਜਾਣ ਵਾਲੇ ਕੈਂਪਾਂ ਵਿਚ ਏ ਅਤੇ ਬੀ ਨੈਗੇਟਿਵ ਖੂਨ ਨਹੀਂ ਆ ਰਿਹਾ, ਜਿਸ ਕਰ ਕੇ ਪ੍ਰੇਸ਼ਾਨੀ ਵਾਲੀ ਸਥਿਤੀ ਬਣੀ ਹੋਈ ਹੈ।
ਕੀ ਕਹਿੰਦੇ ਹਨ ਹਸਪਤਾਲ ਦੇ ਐੱਸ. ਐੱਮ. ਓ. : ਇਸ ਸਬੰਧੀ ਜਦੋਂ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਜਿੰਦਰ ਅਰੋੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਏ ਅਤੇ ਬੀ ਨੈਗੇਟਿਵ ਖੂਨ ਦੀ ਘਾਟ ਆ ਰਹੀ ਹੈ, ਜਲਦ ਹੀ ਦਾਨੀ ਸੱਜਣਾਂ ਵੱਲੋਂ ਲਾਏ ਜਾਣ ਵਾਲੇ ਕੈਂਪਾਂ ਰਾਹੀਂ ਖੂਨ ਦੀ ਘਾਟ ਨੂੰ ਪੂਰਾ ਕਰ ਲਿਆ ਜਾਵੇਗਾ।
ਨੌਜਵਾਨ ਦੀ ਲਾਸ਼ ਬਰਾਮਦ, ਸੱਟਾਂ ਦੇ ਮਿਲੇ ਨਿਸ਼ਾਨ
NEXT STORY