ਬਾਘਾਪੁਰਾਣਾ, (ਚਟਾਨੀ/ਮੁਨੀਸ਼)- ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਸ਼ਰਾਬ ਠੇਕੇਦਾਰਾਂ ਦੀਆਂ ਕਥਿਤ ਮਨਮਾਨੀਆਂ ਦੇ ਮੁੱਦੇ ਨੂੰ ਲੈ ਕੇ ਠੇਕੇਦਾਰਾਂ ਦੇ ਚਿੱਠੇ ਲਗਾਤਾਰ ਜ਼ਾਹਿਰ ਕਰਦੇ ਆ ਰਹੇ ਸਥਾਨਕ ਹਲਕੇ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਹੁਣ ਖੁੱਲ੍ਹਾ ਐਲਾਨ ਕੀਤਾ ਹੈ ਕਿ ਜੇਕਰ ਸਥਾਨਕ ਸ਼ਹਿਰ ਅਤੇ ਪਿੰਡਾਂ ਅੰਦਰਲੀਆਂ ਨਾਜਾਇਜ਼ ਚੱਲਦੀਆਂ ਸ਼ਰਾਬ ਠੇਕੇ ਦੀਆਂ ਬ੍ਰਾਚਾਂ ਨੂੰ ਬਿਨਾਂ ਦੇਰੀ ਬੰਦ ਨਾ ਕੀਤਾ ਗਿਆ ਤਾਂ ਉਹ ਇਸ ਮੁੱਦੇ ਨੂੰ ਵਿਧਾਨ ਸਭਾ 'ਚ ਉਠਾਉਣਗੇ। ਵਿਧਾਇਕ ਨੇ ਠੇਕੇਦਾਰਾਂ ਉਪਰ ਦੋਸ਼ ਲਾਇਆ ਕਿ ਉਹ ਨਾ ਸਿਰਫ ਨਾਜਾਇਜ਼ ਬ੍ਰਾਂਚਾਂ ਹੀ ਖੋਲ੍ਹਣ ਦੇ ਦੋਸ਼ੀ ਹਨ ਸਗੋਂ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਤੋਂ ਦੁੱਗਣੇ ਰੇਟਾਂ ਨਾਲੋਂ ਵੀ ਵੱਧ ਸ਼ਰਾਬ ਵੇਚ ਕੇ ਉਹ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ। ਇੱਥੋਂ ਤੱਕ ਕਿ ਸ਼ਰਾਬ ਦੀ ਤਿੰਨ ਗੁਣਾ ਕੀਮਤ ਵਸੂਲਣ ਦੇ ਬਾਵਜੂਦ ਵੀ ਲੋਕਾਂ ਨੂੰ ਕਥਿਤ ਤੌਰ 'ਤੇ ਮਿਲਾਵਟੀ ਸ਼ਰਾਬ ਵੇਚੀ ਜਾ ਰਹੀ ਹੈ ਅਤੇ ਅਜਿਹੀ ਸ਼ਰਾਬ ਸਬੰਧੀ ਸ਼ਿਕਾਇਤ ਕਰਤਾਵਾਂ ਨੂੰ ਠੇਕੇਦਾਰਾਂ ਦੇ ਕਰਿੰਦੇ ਗਾਲ੍ਹੀ-ਗਲੋਚ ਕਰ ਕੇ ਉਨ੍ਹਾਂ ਦਾ ਮੂੰਹ ਜਬਰੀ ਬੰਦ ਕਰਵਾ ਦਿੰਦੇ ਹਨ।
ਵਿਧਾਇਕ ਨੇ ਕਿਹਾ ਕਿ ਸਿਰਫ ਸ਼ੱਕ ਦੇ ਆਧਾਰ 'ਤੇ ਹੁਣ ਤੱਕ ਉਹ (ਠੇਕੇਦਾਰ) ਕਈ ਬੇਕਸੂਰ ਲੋਕਾਂ ਉਪਰ ਥਰਡ ਡਿਗਰੀ ਤਸ਼ੱਦਦ ਕਰ ਚੁੱਕੇ ਹਨ, ਜਦਕਿ ਪੁਲਸ ਕੋਲ ਪੁੱਜੇ ਅਜਿਹੇ ਪੀੜਤ ਲੋਕਾਂ ਦੀ ਪੁਲਸ ਨੇ ਬਿਲਕੁਲ ਵੀ ਸੁਣਵਾਈ ਨਹੀਂ ਕੀਤੀ। ਵਿਧਾਇਕ ਨੇ ਅੱਜ ਇੱਥੇ ਸੁਭਾਸ਼ ਮੰਡੀ 'ਚ ਆਪਣੇ ਦਫਤਰ ਵਿਚ ਕੀਤੀ ਗਈ ਪ੍ਰੈੱਸ ਮੁਲਾਕਾਤ ਦੌਰਾਨ ਦੱਸਿਆ ਕਿ ਰਾਜੇਆਣਾ, ਕੋਟਲਾ ਰਾਏਕਾ, ਚੰਨੂੰਵਾਲਾ, ਢਿੱਲਵਾਂ, ਫੂਲੇਵਾਲਾ ਆਦਿ ਪਿੰਡਾਂ ਤੋਂ ਇਲਾਵਾ ਸਥਾਨਕ ਸ਼ਹਿਰ 'ਚ ਠੇਕੇਦਾਰਾਂ ਦੀਆਂ ਸਥਾਪਤ ਅਤੇ ਚੱਲਦੀਆਂ ਫਿਰਦੀਆਂ ਬ੍ਰਾਂਚਾਂ ਹਨ, ਜਦਕਿ ਥਰਾਜ ਪਿੰਡ 'ਚ ਅਧਿਕਾਰਤ ਤੌਰ 'ਤੇ ਚੱਲਦੀ ਸ਼ਰਾਬ ਦੀ ਦੁਕਾਨ ਨਿਯਮਾਂ ਨੂੰ ਛਿੱਕੇ ਟੰਗ ਕੇ ਲੜਕੀਆਂ ਦੇ ਸਕੂਲ ਦੇ ਐਨ ਨੇੜੇ ਖੋਲ੍ਹੀ ਗਈ ਹੈ ਅਤੇ ਬੁੱਧ ਸਿੰਘ ਵਾਲਾ ਵਿਖੇ ਬੱਸ ਅੱਡੇ ਅਤੇ ਸਕੂਲ ਦੇ ਨੇੜੇ ਹੀ ਬ੍ਰਾਂਚ ਚੱਲ ਰਹੀ ਹੈ। ਉਨ੍ਹਾਂ ਕੁਝ ਅਜਿਹੇ ਪਿੰਡ ਵੀ ਗਿਣਵਾਏ, ਜਿੱਥੇ ਗੁਰੂ ਘਰਾਂ ਕੋਲ ਸ਼ਰਾਬ ਦੀਆਂ ਦੁਕਾਨਾਂ ਚੱਲ ਰਹੀਆਂ ਹਨ ਅਤੇ ਮੁੱਖ ਮਾਰਗਾਂ 'ਤੇ ਗੈਰ-ਕਾਨੂੰਨੀ ਦੁਕਾਨਾਂ ਦਾ ਵੀ ਜ਼ਿਕਰ ਕੀਤਾ।
ਵਿਧਾਇਕ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਕੈਪਟਨ ਸਰਕਾਰ ਦੇ ਸਾਫ-ਸੁਥਰੇ ਪ੍ਰਸ਼ਾਸਨ ਦੇ ਮੁੱਖ ਏਜੰਡੇ 'ਤੇ ਪਹਿਰਾ ਦਿੰਦਿਆਂ ਉਹ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ। ਪ੍ਰੈੱਸ ਕਾਨਫਰੰਸ ਮੌਕੇ ਵਿਧਾਇਕ ਨਾਲ ਸੀਨੀਅਰ ਕਾਂਗਰਸੀ ਨੇਤਾਵਾਂ ਜਗਸੀਰ ਸਿੰਘ ਕਾਲੇਕੇ, ਜਗਸੀਰ ਚੰਦ ਗਰਗ, ਮੋਹਨ ਲਾਲ ਗਰਗ, ਦੇਵਿੰਦਰ ਸਿੰਘ ਪੀ. ਏ., ਗੁਰਦੀਪ ਸਿੰਘ ਬਰਾੜ ਆਦਿ ਨੇ ਵੀ ਵਿਧਾਇਕ ਦੇ ਸਟੈਂਡ ਦੀ ਭਰਵੀਂ ਹਮਾਇਤ ਦਾ ਐਲਾਨ ਕੀਤਾ।
ਐਕਸਾਈਜ਼ ਵਿਭਾਗ ਦੇ ਏ. ਟੀ. ਸੀ. ਜਗਤਾਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਦੇ ਧਿਆਨ 'ਚ ਅਣ-ਅਧਿਕਾਰਤ ਬ੍ਰਾਂਚਾਂ ਦਾ ਮਾਮਲਾ ਆਇਆ, ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਨਾ ਸਿਰਫ ਬ੍ਰਾਂਚਾਂ ਬੰਦ ਕਰਵਾਈਆਂ ਸਗੋਂ ਅਜਿਹੇ ਲੋਕਾਂ ਖਿਲਾਫ ਵੀ ਵਿਭਾਗੀ ਕਾਰਵਾਈ ਕਰਦਿਆਂ ਪਰਚੇ ਵੀ ਦਰਜ ਕਰਵਾਏ।
ਉਨ੍ਹਾਂ ਦੱਸਿਆ ਕਿ ਅਪ੍ਰੈਲ ਤੋਂ ਲੈ ਕੇ ਹੁਣ ਤੱਕ 150 ਪਰਚੇ ਅਜਿਹੇ ਲੋਕਾਂ ਖਿਲਾਫ ਦਰਜ ਹੋ ਚੁੱਕੇ ਹਨ। ਕੈਪਟਨ ਸਰਕਾਰ ਦੀ ਪਾਰਦਰਸ਼ੀ ਕਾਰਜ ਪ੍ਰਣਾਲੀ 'ਚ ਐਕਸਾਈਜ਼ ਵਿਭਾਗ ਪੂਰੀ ਤਨਦੇਹੀ ਨਾਲ ਸਹਿਯੋਗ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਦੀਆਂ ਮਨਮਰਜ਼ੀਆਂ ਕਿਸੇ ਵੀ ਹਾਲਤ 'ਚ ਚੱਲਣ ਨਹੀਂ ਦਿੱਤੀਆਂ ਜਾਣਗੀਆਂ।
ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ 'ਚ 10 ਸਾਲ ਦੀ ਕੈਦ
NEXT STORY