ਚੰਡੀਗੜ੍ਹ (ਰੌਏ) : ਇਸ ਨੂੰ ਇਤਫ਼ਾਕ ਕਹੋ ਜਾਂ ਭਾਜਪਾ ਦੀ ਰਣਨੀਤੀ, ਭਾਜਪਾ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਦੀ ਕੁਰਸੀ ਸੰਭਾਲਦੇ ਹੀ ਪ੍ਰਸ਼ਾਸਨ ਨੇ 93 ਕਰੋੜ ਦੀ ਵਾਧੂ ਗ੍ਰਾਂਟ ਦਾ ਤੋਹਫ਼ਾ ਵੀ ਦੇ ਦਿੱਤਾ। ਇਸ ਦਾ ਐਲਾਨ ਖ਼ੁਦ ਭਾਜਪਾ ਆਗੂਆਂ ਅਤੇ ਨਵੀਂ ਮੇਅਰ ਹਰਪ੍ਰੀਤ ਕੌਰ ਨੇ ਕੀਤਾ। ਨਗਰ ਨਿਗਮ ਵਿੱਤੀ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਗੱਠਜੋੜ ਦੇ ਕੁਲਦੀਪ ਕੁਮਾਰ ਨੇ ਪ੍ਰਸ਼ਾਸਕ ਕੋਲ ਫਰਿਆਦ ਲਗਾਈ ਸੀ ਅਤੇ ਇੱਕ ਵਿਸ਼ੇਸ਼ ਹਾਊਸ ਮੀਟਿੰਗ ਵੀ ਬੁਲਾਈ ਸੀ। ਹਾਲਾਂਕਿ ਹਰ ਵਾਰ ਪ੍ਰਸ਼ਾਸਨ ਦਾ ਜਵਾਬ ਬਕਾਇਆ ਟੈਕਸਾਂ ਦੀ ਵਸੂਲੀ ਅਤੇ ਆਪਣੇ ਸਰੋਤਾਂ ਨੂੰ ਬਣਾਈ ਰੱਖਣ ਦੀ ਸਲਾਹ 'ਤੇ ਆਧਾਰਿਤ ਰਹਿੰਦਾ ਸੀ। ਨਿਗਮ ਵਿਚ ਸੱਤਾ ਮੁੜ ਹਾਸਲ ਹੋਣ ਅਤੇ ਵਾਧੂ ਗ੍ਰਾਂਟ ਦੇ ਐਲਾਨ ਨਾਲ ਭਾਜਪਾ ਆਗੂਆਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ। ਇਸ ਦੇ ਨਾਲ ਹੀ ਕਰਾਸ ਵੋਟਿੰਗ ਦੇ ਸਵਾਲ 'ਤੇ ਕੁਲਦੀਪ ਕੁਮਾਰ ਨੇ ਸਿਰਫ਼ ਇਹੀ ਕਿਹਾ ਕਿ ਇਹ ਲੋਕਾਂ ਦੇ ਦਿਲ ਅਤੇ ਅੰਤਰਆਤਮਾ ਦੀ ਆਵਾਜ਼ ਸੀ। ਉਨ੍ਹਾਂ ਨੇ ਮੇਅਰ ਚੋਣਾਂ ਵਿਚ ਧਨ-ਬਲ ਦੀ ਵਰਤੋਂ ਦੇ ਸਵਾਲ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਮੇਅਰ ਦੀ ਕੁਰਸੀ ਦੇ ਨਾਲ-ਨਾਲ, ਨਵੀਂ ਮੇਅਰ ਹਰਪ੍ਰੀਤ ਕੌਰ ਲਈ ਕਈ ਚੁਣੌਤੀਆਂ ਖੜ੍ਹੀਆਂ ਹੋਣਗੀਆਂ, ਜਿਨ੍ਹਾਂ ਤੋਂ ਉਹ ਜਾਣੂੰ ਹਨ। ਹਰਪ੍ਰੀਤ ਕੌਰ ਨੇ ਕਿਹਾ ਕਿ ਉਹ ਜਲਦੀ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਰੋਡ ਮੈਪ ਤਿਆਰ ਕਰਨਗੇ। ਨਿਗਮ ਵਿਚ ਫੰਡ ਦੀ ਸਮੱਸਿਆ ਹੈ, ਜਿਸ ਕਾਰਨ ਇੱਕ ਸਾਲ ਵਿਚ ਕਾਫੀ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕੇ, ਸਗੋਂ ਇਹ ਦੁੱਗਣੇ ਹੋ ਗਏ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਫਿਰ ਤੋਂ ਸਿਟੀ ਬਿਊਟੀਫੁੱਲ ਦਾ ਦਰਜਾ ਦਿਵਾਉਣਗੇ। ਸੈਕਟਰਾਂ ਵਿਚ ਗੰਦਗੀ ਹੈ, ਸਥਿਤੀ ਹੋਰ ਵੀ ਬਦਤਰ ਹੋ ਗਈ ਹੈ, ਡੰਪਿੰਗ ਗਰਾਊਂਡ ਵੀ ਇੱਕ ਸਮੱਸਿਆ ਹੈ। ਕਮੇਟੀਆਂ ਦੇ ਗਠਨ ਬਾਰੇ ਉਨ੍ਹਾਂ ਕਿਹਾ ਕਿ ਜਲਦੀ ਹੀ ਤਿੰਨ ਮਹੱਤਵਪੂਰਨ ਕਮੇਟੀਆਂ ਵੀ ਬਣਾਈਆਂ ਜਾਣਗੀਆਂ। ਵਿਰੋਧੀ ਧਿਰ ਦੇ ਬਹੁਮਤ ਹੋਣ 'ਤੇ ਪ੍ਰਸਤਾਵ ਪਾਸ ਕਰਨ ਵਿਚ ਰੁਕਾਵਟ ਦੇ ਸਵਾਲ 'ਤੇ ਕਿਹਾ ਗਿਆ ਕਿ ਇਸਨੂੰ ਸਾਰਿਆਂ ਨਾਲ ਤਾਲਮੇਲ ਕਰਕੇ ਪਾਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ : PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਸਹੂਲਤ ਲਈ ਕੀਤਾ ਗਿਆ ਵਿਸ਼ੇਸ਼ ਉਪਰਾਲਾ
ਵਿੱਤੀ ਸੰਕਟ ਨੂੰ ਦੂਰ ਕਰਨਾ ਪਹਿਲ
ਨਵੀਂ ਮੇਅਰ ਹਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਨਗਰ ਨਿਗਮ ਦੇ ਵਿੱਤੀ ਸੰਕਟ ਨੂੰ ਦੂਰ ਕਰਨਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਮੇਅਰ ਕੁਲਦੀਪ ਕੁਮਾਰ ’ਤੇ ਨਿਸ਼ਾਨਾ ਸਾਧਿਆ। ਹਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਅਤੇ ਕੁਲਦੀਪ ਕੁਮਾਰ ਦਾ ਵੱਖਰਾ ਸੀ। ਆਪਣੀ ਜਿੱਤ ਤੋਂ ਤੁਰੰਤ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ 60 ਸਾਲਾ ਹਰਪ੍ਰੀਤ ਬਬਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੇਅਰ ਦੀ ਅਸਫਲਤਾ ਸਾਰਿਆਂ ਨੇ ਦੇਖੀ ਹੈ, ਜਿਸਨੇ ਸ਼ਹਿਰ ਲਈ ਕੁੱਝ ਨਹੀਂ ਕੀਤਾ। ਮੇਰੀ ਪਹਿਲੀ ਤਰਜ਼ੀਹ ਨਗਰ ਨਿਗਮ ਨੂੰ ਵਾਪਸ ਪਟੜੀ 'ਤੇ ਲਿਆਉਣਾ ਹੈ। ਇੱਕ ਵਾਰ ਜਦੋਂ ਅਸੀਂ ਇਸਦੇ ਵਿੱਤੀ ਸੰਕਟ ਨੂੰ ਦੂਰ ਕਰ ਲਵਾਂਗੇ ਤਾਂ ਸਭ ਕੁੱਝ ਠੀਕ ਹੋ ਜਾਵੇਗਾ। ਹਰਪ੍ਰੀਤ ਬਬਲਾ ਨੇ ਕਿਹਾ ਕਿ ਮੈਂ ਸਾਰਿਆਂ ਨਾਲ ਮਿਲ ਕੇ ਕੰਮ ਕਰਾਂਗੀ ਅਤੇ ਸ਼ਹਿਰ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ PTM ਨੂੰ ਲੈ ਕੇ ਨਵੀਂ ਅਪਡੇਟ, ਵਿਦਿਆਰਥੀ ਤੇ ਮਾਪੇ ਜ਼ਰੂਰ ਪੜ੍ਹਨ ਇਹ ਖ਼ਬਰ
ਹਰਪ੍ਰੀਤ ਦਾ ਘਰੇਲੂ ਔਰਤ ਤੋਂ ਮੇਅਰ ਤੱਕ ਦਾ ਸਫ਼ਰ
ਸੈਕਟਰ-27 ਨਿਵਾਸੀ ਹਰਪ੍ਰੀਤ ਬਬਲਾ ਜਨਵਰੀ 2022 ਵਿਚ ਨਿਗਮ ਚੋਣਾਂ ਤੋਂ ਬਾਅਦ ਪਤੀ ਦਵਿੰਦਰ ਸਿੰਘ ਬਬਲਾ ਦੇ ਨਾਲ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਕਾਂਗਰਸ ਦੇ ਸਰਗਰਮ ਮੈਂਬਰ ਸਨ। ਘਰੇਲੂ ਔਰਤ ਤੋਂ ਰਾਜਨੇਤਾ ਬਣੀ ਬਬਲਾ ਦੋ ਵਾਰ ਕੌਂਸਲਰ ਚੁਣੀ ਗਈ ਅਤੇ ਦੋਵੇਂ ਵਾਰ ਸਭ ਤੋਂ ਵੱਧ ਵੋਟਾਂ ਦੇ ਅੰਤਰ ਨਾਲ ਜਿੱਤੀ। ਉਹ ਦੇਹਰਾਦੂਨ ਦੇ ਕਾਨਵੈਂਟ ਆਫ਼ ਜੀਸਸ ਐਂਡ ਮੈਰੀ ਦੀ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਇਤਿਹਾਸ ਵਿਚ ਬੀ. ਏ. ਆਨਰਜ਼ ਅਤੇ ਅੰਗਰੇਜ਼ੀ ਵਿਚ ਐੱਮ. ਏ. ਕੀਤੀ। ਹਰਪ੍ਰੀਤ ਇੱਕ ਸਮਾਜ ਸੇਵਕ ਵੀ ਹੈ। ਉਨ੍ਹਾਂ ਦੇ ਪਤੀ ਦਵਿੰਦਰ ਸਿੰਘ ਬਬਲਾ ਚੰਡੀਗੜ੍ਹ ਵਿਚ ਭਾਜਪਾ ਦੇ ਉਪ-ਪ੍ਰਧਾਨ ਹਨ ਅਤੇ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ। ਉਨ੍ਹਾਂ ਨੇ ਚੰਡੀਗੜ੍ਹ ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਮਾਰਕਿਟ ਕਮੇਟੀ ਦੇ ਪ੍ਰਧਾਨ ਵਜੋਂ ਵੀ ਕੰਮ ਕੀਤਾ ਸੀ। ਹਰਪ੍ਰੀਤ ਦੇ ਦੋ ਪੁੱਤਰ ਹਨ। ਯੁੱਧਵੀਰ ਸਿੰਘ ਬਬਲਾ, ਜੋ ਟ੍ਰਾਈਸਿਟੀ ਵਿਚ ਰੀਅਲ ਅਸਟੇਟ ਕਾਰੋਬਾਰ ਜੁੜੇ ਹਨ ਅਤੇ ਪਰਮਵੀਰ ਸਿੰਘ ਬਬਲਾ, ਜੋ ਚੰਡੀਗੜ੍ਹ ਕਲੱਬ ਦੇ ਸਭ ਤੋਂ ਘੱਟ ਉਮਰ ਦਾ ਕਾਰਜਕਾਰੀ ਮੈਂਬਰ ਹੈ। ਪਿਤਾ ਫ਼ੌਜ ਤੋਂ ਕਰਨਲ ਵਜੋਂ ਸੇਵਾਮੁਕਤ ਹੋਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੰਭੂ ਬਾਰਡਰ ਤੋਂ ਬੁਰੀ ਖ਼ਬਰ : ਇਕ ਹੋਰ ਕਿਸਾਨ ਨੇ ਤੋੜਿਆ ਦਮ
NEXT STORY