ਗਿੱਦੜਬਾਹਾ, (ਕੁਲਭੂਸ਼ਨ)- 1 ਮਾਰਚ ਨੂੰ 'ਜਗ ਬਾਣੀ' ਵਿਚ 'ਚੌਲਾਂ ਦੀ ਫੱਕ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ' ਸਿਰਲੇਖ ਹੇਠ ਪ੍ਰਕਾਸ਼ਿਤ ਖ਼ਬਰ ਤੋਂ ਬਾਅਦ ਹਰਕਤ ਵਿਚ ਆਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਅੱਜ ਪਿੰਡ ਹੁਸਨਰ ਦੀ ਮਧੀਰ ਰੋਡ ਸਥਿਤ ਢਾਣੀ ਨੇੜੇ ਬਣੇ ਨੀਲਕੰਠ ਰਾਈਸ ਮਿੱਲਜ਼ ਨਾਂ ਦੇ ਸ਼ੈਲਰ ਦਾ ਦੌਰਾ ਕੀਤਾ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਠਿੰਡਾ ਦੇ ਐੱਸ. ਈ. ਤੇਜਿੰਦਰ ਕੁਮਾਰ ਅਤੇ ਐੱਸ. ਡੀ. ਓ. ਦਲਜੀਤ ਸਿੰਘ ਨੇ ਪਹਿਲਾਂ ਸ਼ਿਕਾਇਤਕਰਤਾ ਢਾਣੀ ਵਾਸੀਆਂ ਦੇ ਘਰਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਉਕਤ ਰਾਈਸ ਮਿੱਲਜ਼ ਦਾ ਦੌਰਾ ਕੀਤਾ।
ਐੱਸ. ਈ. ਤੇਜਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਰਾਈਸ ਮਿੱਲਜ਼ ਵਿਚ ਪ੍ਰਦੂਸ਼ਣ ਕੰਟਰੋਲ ਯੰਤਰ ਵਿਚ ਕੁਝ ਖਰਾਬੀ ਹੋਣ ਦੇ ਨਾਲ ਸ਼ੈਲਰ ਵਿਚ ਬੂਟਿਆਂ ਦੀ ਘਾਟ ਆਦਿ ਕਮੀਆਂ ਪਾਈਆਂ ਗਈਆਂ ਹਨ, ਜਿਸ ਨੂੰ ਦੂਰ ਕਰਨ ਲਈ ਸ਼ੈਲਰ ਮਾਲਕਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਉਕਤ ਸ਼ੈਲਰ ਦੇ ਬਾਹਰ ਇਕੱਠੇ ਹੋਏ ਢਾਣੀ ਅਤੇ ਪਿੰਡ ਵਾਸੀਆਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ, ਬਠਿੰਡਾ ਅਧਿਕਾਰੀਆਂ ਨੂੰ ਸ਼ੈਲਰ ਤੋਂ ਬਾਹਰ ਜਾਣ ਸਮੇਂ ਰੋਕਿਆ ਅਤੇ ਕੀਤੀ ਗਈ ਕਾਰਵਾਈ ਬਾਰੇ ਜਾਣੂ ਕਰਵਾਉਣ ਲਈ ਕਿਹਾ।
ਉੱਧਰ, ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਤੋਂ ਅਸੰਤੁਸ਼ਟ ਨਜ਼ਰ ਆਏ ਢਾਣੀ ਵਾਸੀਆਂ ਨੇ ਉਕਤ ਸ਼ੈਲਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਲਈ ਕਿਹਾ, ਜਿਸ 'ਤੇ ਪਿੰਡ ਵਾਸੀਆਂ ਦੇ ਦਬਾਅ ਤਹਿਤ ਵਿਭਾਗ ਵੱਲੋਂ ਇਹ ਲਿਖ ਕੇ ਦਿੱਤਾ ਗਿਆ ਕਿ ਜਦੋਂ ਤੱਕ ਸ਼ੈਲਰ ਦਿੱਤੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ, ਉਦੋਂ ਤੱਕ ਇਸ ਵਿਚ ਪ੍ਰੋਡਕਸ਼ਨ ਬੰਦ ਰਹੇਗੀ।
ਕੈਪਟਨ ਦੀ ਪ੍ਰੀ-ਬਜਟ ਮੀਟਿੰਗ 'ਚ ਛਾਏ ਗੁੰਡਾ ਟੈਕਸ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ
NEXT STORY