ਮੋਗਾ, (ਪਵਨ ਗਰੋਵਰ)- ਕਸਬਾ ਬੱਧਨੀ ਕਲਾਂ ਦੀ ਨਗਰ ਪੰਚਾਇਤ ਦੇ ਕੌਂਸਲਰਾਂ ਤੇ ਪਿੰਡ ਵਾਸੀਆਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੂੰ ਇਕ ਲਿਖ਼ਤੀ ਸ਼ਿਕਾਇਤ ਪੱਤਰ ਦੇ ਕੇ ਦੋਸ਼ ਲਾਇਆ ਹੈ ਕਿ ਨਗਰ ਪੰਚਾਇਤ ਦੇ ਪ੍ਰਧਾਨ ਬਲਦੇਵ ਸਿੰਘ ਨੇ ਨਗਰ ਪੰਚਾਇਤ ਦੀ ਮਾਲਕੀ ਵਾਲੀ 20 ਏਕੜ ਜ਼ਮੀਨ 'ਤੇ ਕਥਿਤ ਤੌਰ 'ਤੇ ਆਪਣੇ ਪੱਧਰ 'ਤੇ ਹੀ ਫ਼ਸਲਾਂ ਦੀ ਬੀਜਾਈ ਕਰਵਾ ਦਿੱਤੀ ਹੈ।
ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਸ਼ਿਕਾਇਤ ਪੱਤਰ ਦੀਆਂ ਕਾਪੀਆਂ ਦਿਖਾਉਂਦੇ ਹੋਏ ਕੌਂਸਲਰ ਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ, ਨੰਬਰਦਾਰ ਸੁਖਮੰਦਰ ਸਿੰਘ ਬਰਾੜ, ਕੌਂਸਲਰ ਰਵੀ ਨੰਬਰਦਾਰ, ਸਹਿਕਾਰੀ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਕੰਤਾ ਆਦਿ ਨੇ ਦੋਸ਼ ਲਾਇਆ ਕਿ ਨਗਰ ਪੰਚਾਇਤ ਨੇ ਇਸੇ ਜ਼ਮੀਨ 'ਚੋਂ ਮਿੱਟੀ ਚੁੱਕਵਾਉਣ ਲਈ ਜ਼ਮੀਨ ਠੇਕੇ 'ਤੇ ਨੈਸ਼ਨਲ ਹਾਈਵੇ ਮਾਰਗ- 71 ਬਣਾ ਰਹੀ ਸੜਕ ਕੰਪਨੀ ਨੂੰ ਦਿੱਤੀ ਸੀ, ਜਿਸ ਵੱਲੋਂ ਜ਼ਮੀਨ 'ਚੋਂ ਮਿੱਟੀ ਚੁੱਕਵਾਈ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਵੱਲੋਂ ਮਿੱਟੀ ਚੁੱਕਣ ਵਾਲੀ ਕੰਪਨੀ ਨਾਲ ਇਹ ਸਮਝੌਤਾ ਕੀਤਾ ਗਿਆ ਸੀ ਕਿ ਕੰਪਨੀ ਮਿੱਟੀ ਚੁੱਕ ਕੇ 5-5 ਏਕੜ ਦੇ ਚਾਰ ਪਲਾਟ ਪੱਧਰੇ ਕਰ ਕੇ ਨਗਰ ਪੰਚਾਇਤ ਦੇ ਹਵਾਲੇ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਹੁਣ ਇਸ ਜ਼ਮੀਨ 'ਤੇ ਫ਼ਸਲਾਂ ਦੀ ਬੀਜਾਈ ਕਰ ਦਿੱਤੀ ਗਈ।
ਇਸ ਮਾਮਲੇ ਸਬੰਧੀ ਜਦੋਂ ਉਨ੍ਹਾਂ ਵੱਲੋਂ ਨਗਰ ਪੰਚਾਇਤ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਇਕੋ-ਇਕ ਘੜਿਆ-ਘੜਾਇਆ ਜਵਾਬ ਮਿਲਿਆ ਕਿ ਇਹ ਬੀਜਾਈ ਨਗਰ ਪੰਚਾਇਤ ਨੇ ਨਹੀਂ ਕਰਵਾਈ, ਉਨ੍ਹਾਂ ਸ਼ਿਕਾਇਤ ਪੱਤਰ 'ਚ ਕਿਹਾ ਕਿ ਜੇਕਰ ਫ਼ਸਲਾਂ ਦੀ ਬੀਜਾਈ ਨਗਰ ਪੰਚਾਇਤ ਨੇ ਨਹੀਂ ਕੀਤੀ ਤਾਂ ਫਿਰ ਕਿਸ ਨੇ ਕਰਵਾਈ ਹੈ। ਉਨ੍ਹਾਂ ਮਾਮਲੇ ਦੀ ਨਿਰਪੱਖ ਪੜਤਾਲ ਕਰਵਾ ਕੇ ਇਸ ਮਾਮਲੇ 'ਚ ਕੁਤਾਹੀ ਵਰਤਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ 'ਚ ਜਲਦ ਇਨਸਾਫ਼ ਨਾ ਮਿਲਿਆ ਤਾਂ ਉਹ ਮਜਬੂਰੀਵੱਸ ਸੰਘਰਸ਼ ਦਾ ਰੁਖ ਅਖਤਿਆਰ ਕਰਨਗੇ। ਇਸ ਮਾਮਲੇ ਸਬੰਧੀ ਸ਼ਿਕਾਇਤਾਂ ਮੁੱਖ ਮੰਤਰੀ ਪੰਜਾਬ, ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਤੇ ਹੋਰ ਅਧਿਕਾਰੀਆਂ ਨੂੰ ਵੀ ਭੇਜੀਆਂ ਗਈਆਂ ਹਨ।
ਨਗਰ ਪੰਚਾਇਤ ਪ੍ਰਧਾਨ ਦਾ ਪੱਖ
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਨਗਰ ਪੰਚਾਇਤ ਦੇ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਨਗਰ ਪੰਚਾਇਤ ਵੱਲੋਂ ਇਹ ਜ਼ਮੀਨ 30 ਅਪ੍ਰੈਲ ਤੱਕ ਮਿੱਟੀ ਚੁੱਕਵਾਉਣ ਲਈ ਠੇਕੇ 'ਤੇ ਦਿੱਤੀ ਗਈ ਹੈ। ਇਸ ਜ਼ਮੀਨ 'ਤੇ ਕਿਸ ਨੇ ਫ਼ਸਲਾਂ ਦੀ ਬੀਜਾਈ ਕਰਵਾਈ ਇਸ ਸਬੰਧੀ ਮੈਨੂੰ ਪਤਾ ਨਹੀਂ ਹੈ।
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਨੇ ਲਾਇਆ ਧਰਨਾ
NEXT STORY