ਬਟਾਲਾ (ਕਲਸੀ) - ਪੰਜਾਬ ਸੂਗਰਫੈੱਡ ਦੇ ਸਾਬਕਾ ਚੇਅਰਮੈਨ ਤੇ ਹਲਕਾ ਬਟਾਲਾ ਦੇ ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਵਾਹਲਾ ਨੇ ਪੰਜਾਬ ਸਰਕਾਰ 'ਤੇ ਕਿਸਾਨਾਂ ਨਾਲ ਵਿਸਵਾਸ਼ਘਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸੀਆਂ ਨੇ ਕਿਸਾਨਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ, ਜਿਨ੍ਹਾਂ 'ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ, ਫਸਲਾਂ ਦਾ ਰੇਟ ਵਧਾਉਣਾ, ਫਸਲਾਂ ਦੀ ਖਰੀਦ ਸਮੇਂ ਖੱਜਲ-ਖੁਆਰੀ ਘੱਟ ਕਰਨਾ ਆਦਿ ਪਰ ਸਰਕਾਰ ਬਣਨ ਤੋਂ ਬਾਅਦ ਕਾਂਗਰਸੀ ਸਭ ਕੁਝ ਭੁੱਲ ਗਏ ਹਨ ਤੇ ਕਿਸੇ ਨੂੰ ਕੋਈ ਰਾਹਤ ਅਜੇ ਤੱਕ ਨਹੀਂ ਮਿਲੀ। ਵਾਹਲਾ ਨੇ ਕਿਹਾ ਕਿ ਗੰਨਾ ਕਿਸਾਨਾਂ ਨਾਲ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਧ੍ਰੋਹ ਹੀ ਕਮਾਇਆ ਹੈ ਤੇ ਉਨ੍ਹਾਂ ਦੇ ਵਿਸਵਾਸ਼ ਦਾ ਘਾਣ ਕਰਦਿਆਂ ਇਸ ਵਾਰ ਗੰਨੇ ਦੇ ਰੇਟ 'ਚ ਕੋਈ ਵਾਧਾ ਨਹੀਂ ਕੀਤਾ। ਸਾਬਕਾ ਚੇਅਰਮੈਨ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਜਦੋਂ 2002 ਤੋਂ 2007 ਤੱਕ ਰਹੀ ਸੀ ਤਾਂ ਉਸ ਵੇਲੇ ਵੀ ਇਨ੍ਹਾਂ ਨੇ ਪੰਜਾਬ ਦੀਆਂ 5 ਸਹਿਕਾਰੀ ਖੰਡ ਮਿੱਲਾਂ ਬੰਦ ਕਰ ਦਿੱਤੀਆਂ ਸਨ ਤੇ 3 ਖੰਡ ਮਿੱਲਾਂ ਵੇਚ ਦਿੱਤੀਆਂ ਸਨ, ਜਿਸ ਨਾਲ ਹਜ਼ਾਰਾਂ ਮੁਲਾਜ਼ਮਾਂ ਤੇ ਕਿਸਾਨਾਂ ਨੂੰ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ ਸੀ। ਵਾਹਲਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਦਾ ਗੰਨੇ ਦਾ ਬਕਾਇਆ 46 ਕਰੋੜ ਰੁਪਇਆ ਵੀ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ, ਜਿਸ ਕਰਕੇ ਕਿਸਾਨ ਹੁਣ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਵਿਖਾਈ ਜਾ ਰਹੀ ਬੇਰੁਖੀ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਕਾਂਗਰਸ ਸਰਕਾਰ ਬਾਕੀ ਰਹਿੰਦੀਆਂ ਸਹਿਕਾਰੀ ਮਿੱਲਾਂ ਨੂੰ ਵੀ ਤਾਲਾ ਲਵਾਉਣਾ ਚਾਹੁੰਦੀ ਹੈ। ਵਾਹਲਾ ਨੇ ਇਸ ਮੌਕੇ ਕਾਂਗਰਸ ਦੀ ਸਰਕਾਰ ਨੂੰ ਸਭ ਤੋਂ ਨਿਕੰਮੀ ਸਰਕਾਰ ਗਰਦਾਨਦਿਆਂ ਕਿਹਾ ਕਿ ਕਾਂਗਰਸ ਦੇ ਰਾਜ 'ਚ ਹਰ ਵਾਰ ਸੂਬਾ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੂਜਾ ਵਿਆਹ ਕਰਨ ਵਾਲਾ ਭਗੌੜਾ ਪਤੀ ਦਿੱਲੀ ਤੋਂ ਗ੍ਰਿਫਤਾਰ
NEXT STORY