ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਸ਼ੁਰੂ ਹੋਏ ਵਿਵਾਦ ਨੂੰ ਲੈ ਕੇ ਅੱਜ ਵੀ ਗੁਰਦੁਆਰਾ ਸਾਹਿਬ ਅਤੇ ਇਸ ਨੂੰ ਆਉਂਦੇ-ਜਾਂਦੇ ਸਾਰੇ ਰਸਤੇ ਪੁਲਸ ਛਾਉਣੀ ਦੇ ਰੂਪ ਤਾਇਨਾਤ ਰਹੀ। ਇਸ ਤਹਿਤ ਅੱਜ ਵੀ ਗੁਰਦੁਆਰਾ ਸਾਹਿਬ ਅੰਦਰ ਆਉਣ ਵਾਲੀ ਆਮ ਸੰਗਤ ਦੀ ਗਿਣਤੀ ਨਾ-ਮਾਤਰ ਰਹੀ। ਪੁਲਸ ਨੇ ਥਾਂ-ਥਾਂ 'ਤੇ ਸਖ਼ਤ ਨਾਕਾਬੰਦੀ ਕਰਕੇ ਰੱਖੀ ਅਤੇ ਡੀ. ਆਈ. ਜੀ ਬਾਰਡਰ ਰੇਂਜ ਨੇ ਖ਼ੁਦ ਦੌਰਾ ਕਰਦੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦੂਜੇ ਪਾਸੇ ਬੀਤੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਕੀਤੀ ਗਈ ਜਾਂਚ ਦੇ ਬਾਅਦ ਅੱਜ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਭੇਜੀ ਗਈ ਤਿੰਨ ਮੈਂਬਰੀ ਕਮੇਟੀ ਨੇ ਵੀ ਗੁਰਦੁਆਰਾ ਸਾਹਿਬ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਦੂਜੇ ਪਾਸੇ ਪੁਲਸ ਵੱਲੋਂ ਤਿੱਬੜ ਅਤੇ ਭੈਣੀ ਮੀਆਂ ਖਾਂ ਥਾਣਿਆਂ ਅੰਦਰ ਦਰਜ ਕੀਤੇ ਗਏ ਦੋਵਾਂ ਪਰਚਿਆਂ 'ਚ ਸ਼ਾਮਿਲ ਕਿਸੇ ਵੀ ਆਗੂ ਦੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਜਾ ਸਕੀ।
ਜਾਂਚ ਕਮੇਟੀਆਂ ਨੇ ਕੀਤੀ ਪੁੱਛਗਿੱਛ
ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਪੁਰਾਣੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁੜ ਆਪਣੇ ਹੱਥਾਂ ਵਿਚ ਲਏ ਜਾਣ ਦੌਰਾਨ ਬਲਵਿੰਦਰ ਸਿੰਘ ਭਿੰਦਾ 'ਤੇ ਮਰਿਆਦਾ ਦੀ ਉਲੰਘਣਾ ਦੇ ਲੱਗੇ ਦੋਸ਼ਾਂ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਬਲਵਿੰਦਰ ਸਿੰਘ ਤੇ ਹੋਰ ਲੋਕਾਂ ਕੋਲੋਂ ਪੁੱਛ ਪੜਤਾਲ ਕੀਤੀ। ਦੂਜੇ ਪਾਸੇ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਵਿਚ ਸ਼ਾਮਿਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ, ਐੱਸ. ਜੀ. ਪੀ. ਸੀ. ਮੈਂਬਰ ਸੁਰਜੀਤ ਸਿੰਘ ਤੁਗਲਵਾਲ ਅਤੇ ਪੰਥਕ ਸੇਵਾ ਲਹਿਰ ਦੇ ਆਗੂ ਪ੍ਰਦੀਪ ਸਿੰਘ ਚਾਂਦਪੁਰ ਨੇ ਟਰੱਸਟ ਦੇ ਪ੍ਰਧਾਨ ਮਾਸਟਰ ਜੌਹਰ ਸਿੰਘ, ਟਰੱਸਟ ਦੇ ਸਕੱਤਰ ਫੁੰਮਣ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਕੰਵਲਦੀਪ ਸਿੰਘ ਕੋਲੋਂ ਇਸ ਘਟਨਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਿਲ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਪੈਦਾ ਹੋਏ ਇਨ੍ਹਾਂ ਹਾਲਾਤ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਐੱਸ. ਜੀ. ਪੀ. ਸੀ ਮੈਂਬਰ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਪੜਤਾਲ ਵਿਚ ਪ੍ਰਾਪਤ ਹੋਏ ਜ਼ਿਆਦਾਤਰ ਤੱਥਾਂ ਮੁਤਾਬਿਕ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਹੋਈ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ 29 ਅਗਸਤ ਤੱਕ ਜਾਂਚ ਰਿਪੋਰਟ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ, ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸਿੰਘ ਸਾਹਿਬ ਅਮਰੀਕ ਸਿੰਘ ਅਜਨਾਲਾ ਨੂੰ ਸੌਂਪ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਭਾਈ ਰਣਧੀਰ ਸਿੰਘ, ਭਾਈ ਮੱਖਣ ਸਿੰਘ, ਭਾਈ ਖੜਕ ਸਿੰਘ, ਮੋਹਨ ਸਿੰਘ ਧੰਦਲ, ਬਲਦੇਵ ਸਿੰਘ ਸੇਖਵਾਂ, ਭਾਈ ਦਲੇਰ ਸਿੰਘ , ਭਾਈ ਜਸਪਾਲ ਸਿੰਘ, ਸੂਬੇਦਾਰ ਫੁੰਮਣ ਸਿੰਘ, ਕਰਮ ਸਿੰਘ ਆਦਿ ਹਾਜ਼ਰ ਸਨ।
ਖੇਤ ਮਜ਼ਦੂਰ ਨੇ ਕਰਜ਼ੇ ਤੋਂ ਤੰਗ ਆ ਕੇ ਆਤਮ-ਹੱਤਿਆ ਕੀਤੀ
NEXT STORY