ਝਬਾਲ/ਬੀੜ ਸਾਹਿਬ, (ਲਾਲੂ ਘੁੰਮਣ, ਨਰਿੰਦਰ ਬਖਤਾਵਰ, ਭਾਟੀਆ)- ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਸਬਾ ਪੱਟੀ ਦੇ ਇਕ ਸਕੂਲ ਦੀ ਬੱਸ ਦਾ ਚਾਲਕ ਬੱਸ ਨੂੰ ਬੈਕ ਕਰ ਰਿਹਾ ਸੀ ਤਾਂ ਬੇਧਿਆਨੀ 'ਚ ਪਿੱਛੇ ਪੈਦਲ ਆ ਰਹੇ ਇਕ ਬਜ਼ੁਰਗ 'ਤੇ ਬੱਸ ਜਾ ਚੜ੍ਹੀ। ਇਸ ਦੌਰਾਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. ਵੱਲੋਂ ਲਏ ਜਾ ਰਹੇ ਦਸਵੀਂ ਦੇ ਇਮਤਿਹਾਨਾਂ ਲਈ ਸਥਾਨਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੂੰ ਸੈਂਟਰ ਬਣਾਇਆ ਗਿਆ ਹੈ। ਕਸਬਾ ਪੱਟੀ ਸਥਿਤ ਸੈਂਟਰ 'ਚ ਵਿਦਿਆਰਥੀਆਂ ਨੂੰ ਪੇਪਰ ਦਿਵਾਉਣ ਲਈ ਸੋਮਵਾਰ ਨੂੰ ਇਹ ਬੱਸ ਇਥੇ ਪੁੱਜੀ ਸੀ। ਵਿਦਿਆਰਥੀਆਂ ਨੂੰ ਹੇਠਾਂ ਉਤਾਰ ਕੇ ਬੱਸ ਚਾਲਕ ਜਦੋਂ ਸਕੂਲ ਦੇ ਨਜ਼ਦੀਕ ਇਕ ਸਾਈਡ 'ਤੇ ਬੱਸ ਖੜ੍ਹੀ ਕਰਨ ਲਈ ਬੈਕ ਕਰ ਰਿਹਾ ਸੀ ਤਾਂ ਬੱਸ ਦੇ ਪਿੱਛੇ ਆ ਰਹੇ ਬਜ਼ੁਰਗ 'ਤੇ ਉਸ ਨੇ ਬੇਧਿਆਨੀ 'ਚ ਬੱਸ ਚਾੜ੍ਹ ਦਿੱਤੀ। ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਕਾਰਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਬਜ਼ੁਰਗ ਦੀ ਪਛਾਣ ਸਵਿੰਦਰ ਸਿੰਘ (70) ਵਾਸੀ ਪਿੰਡ ਝਬਾਲ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਘਰੋਂ ਦਵਾਈ ਲੈਣ ਲਈ ਨਜ਼ਦੀਕੀ ਮੈਡੀਕਲ ਸਟੋਰ 'ਤੇ ਜਾ ਰਿਹਾ ਸੀ ਕਿ ਰਸਤੇ 'ਚ ਉਕਤ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਨੂੰ ਅੰਜਾਮ ਦੇਣ ਉਪਰੰਤ ਬੱਸ ਨੂੰ ਛੱਡ ਕੇ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਥਾਨ 'ਤੇ ਪੁੱਜੇ ਥਾਣਾ ਝਬਾਲ ਦੇ ਸਹਾਇਕ ਥਾਣੇਦਾਰ ਰਾਜਬੀਰ ਸਿੰਘ ਵੱਲੋਂ ਬਜ਼ੁਰਗ ਸਵਿੰਦਰ ਸਿੰਘ ਦੀ ਲਾਸ਼ ਅਤੇ ਬੱਸ ਨੂੰ ਕਬਜ਼ੇ ਹੇਠ ਲੈ ਲਿਆ ਗਿਆ ਹੈ। ਏ. ਐੱਸ. ਆਈ. ਰਾਜਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਵਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬੱਸ ਚਾਲਕ ਵਿਰੁੱਧ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਲਾਸ਼ ਦਾ ਪੋਸਟਮਾਟਰਮ ਕਰਵਾਇਆ ਜਾ ਰਿਹਾ ਹੈ।
ਰਿਸ਼ਵਤ ਲੈਂਦੇ ਟ੍ਰੈਫਿਕ ਪੁਲਸ ਦੇ 2 ਏ. ਐੱਸ. ਆਈ., 2 ਪੁਲਸ ਮੁਲਾਜ਼ਮ ਤੇ ਇਕ ਹੋਮਗਾਰਡ ਸਸਪੈਂਡ
NEXT STORY