ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਕੇਂਦਰ ਸਰਕਾਰ ਵੱਲੋਂ ਕੱਪੜੇ 'ਤੇ ਲਾਏ ਗਏ ਜੀ. ਐੱਸ. ਟੀ. (ਗੁਡਜ਼ ਐਂਡ ਸਰਵਿਸਿਜ਼ ਟੈਕਸ) ਦੇ ਵਿਰੋਧ 'ਚ ਅੱਜ ਮੋਗਾ ਕੱਪੜਾ ਮਰਚੈਂਟ ਐਸੋਸੀਏਸ਼ਨ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸ਼ਹਿਰ 'ਚ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਪ੍ਰਦਰਸ਼ਨ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ, ਪ੍ਰਤਾਪ ਰੋਡ, ਬਾਗ ਗਲੀ, ਜੀ. ਟੀ. ਰੋਡ ਤੋਂ ਹੁੰਦਾ ਹੋਇਆ ਜ਼ਿਲਾ ਪ੍ਰਬੰਧਕੀ ਕੰਪਲੈਕਸ ਪੁੱਜਾ, ਜਿੱਥੇ ਉਨ੍ਹਾਂ ਰੋਸ ਧਰਨਾ ਲਾ ਕੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਕੇਂਦਰ ਸਰਕਾਰ ਦੇ ਨਾਂ ਐਸੋਸੀਏਸ਼ਨ ਵੱਲੋਂ ਇਕ ਮੰਗ-ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਐਸੋਸੀਏਸ਼ਨ ਦੇ ਜਗਦੀਸ਼ ਛਾਬੜਾ ਅਤੇ ਅਨਿਲ ਬਾਂਸਲ ਨੇ ਕਿਹਾ ਕਿ ਜੀ. ਐੱਸ. ਟੀ. ਦੇ ਵਿਰੋਧ 'ਚ ਇਕੱਠੇ ਹੋਏ ਸ਼ਹਿਰ ਦੇ ਸਮੁੱਚੇ ਵਪਾਰੀਆਂ, ਦੁਕਾਨਦਾਰਾਂ ਅਤੇ ਮੁਲਾਜ਼ਮਾਂ ਨੇ ਪੂਰਨ ਤੌਰ 'ਤੇ ਦੁਕਾਨਾਂ ਨੂੰ ਬੰਦ ਰੱਖ ਕੇ ਆਪਣਾ ਰੋਸ ਪ੍ਰਗਟ ਕੀਤਾ। ਛਾਬੜਾ ਨੇ ਕੱਪੜਾ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ। ਇਸ ਸਮੇਂ ਦੀਪਕ, ਦਿਨੇਸ਼ ਗੁਪਤਾ, ਬਿੱਟਾ, ਅਨਿਲ ਬਾਂਸਲ ਨੇ ਕਿਹਾ ਕਿ ਪਹਿਲਾਂ ਕੱਪੜੇ 'ਤੇ ਨਾਮਾਤਰ ਟੈਕਸ ਸੀ, ਹੁਣ ਜੀ. ਐੱਸ. ਟੀ. ਲੱਗਣ ਨਾਲ 12 ਤੋਂ 13 ਫੀਸਦੀ ਤੱਕ ਟੈਕਸ ਵਧਣ ਨਾਲ ਲੋਕਾਂ 'ਤੇ ਬੋਝ ਵਧੇਗਾ। ਇਸ ਲਈ ਦੇਸ਼ ਭਰ 'ਚ ਸਾਰੇ ਕੱਪੜਾ ਵਪਾਰੀ ਇਸ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜ਼ਿਲੇ 'ਚ 5 ਦਰਜਨ ਤੋਂ ਵੱਧ ਕੰਪਨੀਆਂ ਦੇ ਸ਼ੋਅ ਰੂਮ ਤੋਂ ਇਲਾਵਾ ਜ਼ਿਲੇ ਭਰ 'ਚ 50 ਥੋਕ ਕੱਪੜੇ ਦੀਆਂ ਦੁਕਾਨਾਂ ਹਨ। ਇਸ ਤੋਂ ਇਲਾਵਾ 350 ਦੇ ਕਰੀਬ ਆਮ ਕੱਪੜਾ ਵਪਾਰੀ ਦੁਕਾਨਦਾਰੀ ਕਰ ਰਹੇ ਹਨ। ਪਹਿਲਾਂ ਸਰਕਾਰ ਦੀ ਲੋਕ ਮਾਰੂ ਨੀਤੀਆਂ ਕਾਰਨ ਕਿਸਾਨ ਆਤਮ-ਹੱਤਿਆ ਕਰ ਰਹੇ ਹਨ ਪਰ ਇਹ ਸਥਿਤੀ ਹੁਣ ਵਪਾਰੀਆਂ ਦੇ ਨਾਲ ਹੋਣ ਜਾ ਰਹੀ ਹੈ। ਕੇਂਦਰ ਸਰਕਾਰ ਵਪਾਰੀਆਂ ਨੂੰ ਰਾਹਤ ਪਹੁੰਚਾਉਣਾ ਤਾਂ ਦੂਰ ਦੀ ਗੱਲ, ਆਏ ਦਿਨ ਨਵੇਂ ਟੈਕਸ ਦਾ ਬੋਝ ਪਾ ਰਹੀ ਹੈ, ਜਿਸ ਨਾਲ ਵਪਾਰੀਆਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੂੰ ਜੀ. ਐੱਸ. ਟੀ. 'ਚ ਟੈਕਸ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੈ, ਪ੍ਰੇਸ਼ਾਨੀ ਹੈ ਤਾਂ ਸਿਸਟਮ ਨਾਲ ਕਿਉਂਕਿ ਜੀ. ਐੱਸ. ਟੀ. 'ਚ ਇਕ ਮਹੀਨੇ 'ਚ ਤਿੰਨ ਵਾਰ ਰਿਟਰਨ ਭਰਨ ਦੀ ਤਜਵੀਜ਼ ਰੱਖੀ ਗਈ ਹੈ। ਅਜਿਹੇ 'ਚ ਉਨ੍ਹਾਂ ਦੀਆਂ ਦੁਕਾਨਾਂ ਤੋਂ ਹਰ ਰੋਜ਼ ਹਜ਼ਾਰਾਂ ਬਿੱਲ ਬਣਦੇ ਹਨ, ਜੋ ਉਨ੍ਹਾਂ ਲਈ ਰੋਜ਼ ਕੰਪਿਊਟਰ 'ਤੇ ਅਪਲੋਡ ਕਰਨਾ ਤਾਂ ਦੂਰ, ਉਹ ਇਸ ਦਾ ਸਿਸਟਮ ਤੱਕ ਸਮਝ ਨਹੀਂ ਪਾ ਰਹੇ ਹਨ। ਅਜਿਹੇ 'ਚ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਜਾਵੇ।
ਕੌਂਸਲਰਾਂ ਨੇ ਵੀ ਕੱਪੜਾ ਵਪਾਰੀਆਂ ਦਾ ਕੀਤਾ ਸਮਰਥਨ
ਕੱਪੜਾ ਮਰਚੈਂਟ ਐਸੋਸੀਏਸ਼ਨ ਵੱਲੋਂ ਅੱਜ ਕੀਤੀ ਗਈ ਹੜਤਾਲ ਦਾ ਕੌਂਸਲਰ ਪ੍ਰੇਮ ਚੰਦ ਚੱਕੀ ਵਾਲਾ, ਗੋਰਵਧਨ ਪੋਪਲੀ, ਮਨਜੀਤ ਧੰਮੂ, ਛਿੰਦਰ ਸਿੰਘ ਗਿੱਲ ਨੇ ਵੀ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ
ਕੌਂਸਲਰ ਜੀ. ਐੱਸ. ਟੀ. ਬਿੱਲ ਦਾ ਵਿਰੋਧ ਕਰਦੇ ਹਨ ਅਤੇ ਉਹ ਕੱਪੜਾ ਵਪਾਰੀਆਂ ਦੀਆਂ ਹਰ ਮੰਗਾਂ ਦਾ ਸਮਰਥਨ ਕਰਦੇ
ਹੋਏ ਉਨ੍ਹਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣਗੇ।
ਜਲੰਧਰ 'ਚ ਬਾਰਿਸ਼ ਕਾਰਨ ਦੋ ਮੰਜ਼ਿਲਾ ਇਮਾਰਤ ਦੀ ਛੱਤ ਡਿੱਗੀ, ਇਕ ਜ਼ਖਮੀ
NEXT STORY