ਮੋਹਾਲੀ (ਨਿਆਮੀਆਂ) - ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਫੌਜਦਾਰੀ ਜ਼ਾਬਤਾ ਸੰਘਤਾ-1973 (1974 ਦਾ ਐਕਟ ਨੰਬਰ 2) ਦੀ ਧਾਰਾ-144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲੇ ਵਿਚ ਸਾਰੇ ਹੀ ਸਰਕਾਰੀ, ਪ੍ਰਾਈਵੇਟ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 10 ਤੋਂ ਬਾਅਦ ਦੁਪਹਿਰ 3 ਵਜੇ ਤਕ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲਾ ਮੈਜਿਸਟਰੇਟ ਦਫਤਰ ਵਲੋਂ ਜਾਰੀ ਹੁਕਮਾਂ ਅਨੁਸਾਰ ਅਜਿਹਾ ਮੌਸਮ ਵਿਚ ਅਚਾਨਕ ਆਈ ਤਬਦੀਲੀ ਤੇ ਬੇ-ਮੌਸਮੀ ਧੁੰਦ ਦੇ ਜ਼ਿਆਦਾ ਵਧ ਜਾਣ ਕਾਰਨ ਕੀਤਾ ਗਿਆ ਹੈ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਬੇ-ਮੌਸਮੀ ਧੁੰਦ ਦੇ ਵਧਣ ਕਾਰਨ ਆਮ ਜਨ ਜੀਵਨ 'ਤੇ ਅਸਰ ਪੈ ਰਿਹਾ ਹੈ ਅਤੇ ਬੱਚਿਆਂ ਨੂੰ ਸਕੂਲ ਜਾਣ ਵਿਚ ਕਾਫੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਵਿਚ ਕਈ ਵਾਰ ਜਾਨੀ-ਮਾਲੀ ਨੁਕਸਾਨ ਅਤੇ ਅਮਨ-ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਨੂੰ ਮੁੱਖ ਰੱਖਦਿਆਂ ਜ਼ਿਲਾ ਮੈਜਿਸਟਰੇਟ ਨੇ ਜ਼ਿਲੇ ਦੇ ਸਾਰੇ ਸਕੂਲਾਂ ਦਾ ਸਮਾਂ ਤਬਦੀਲ ਕਰ ਦਿੱਤਾ ਹੈ। ਜ਼ਿਲਾ ਮੈਜਿਸਟਰੇਟ ਦੇ ਇਹ ਹੁਕਮ 14 ਤੋਂ 18 ਨਵੰਬਰ ਤਕ ਲਾਗੂ ਰਹਿਣਗੇ।
ਜ਼ਿਲਾ ਲੁਧਿਆਣਾ 'ਚ ਵੀ ਸਵੇਰੇ 10 ਵਜੇ ਤੋਂ ਬਾਅਦ ਖੁੱਲ੍ਹਣਗੇ ਸਕੂਲ
ਸਮਰਾਲਾ, (ਬੰਗੜ, ਗਰਗ) - ਬੇਮੌਸਮੀ ਧੁੰਦ ਵਧਣ ਕਾਰਨ ਪ੍ਰਭਾਵਿਤ ਹੋਏ ਜਨਜੀਵਨ ਅਤੇ ਬੱਚਿਆਂ ਦੇ ਸਕੂਲ ਜਾਣ 'ਚ ਵਧੀਆਂ ਦਿੱਕਤਾਂ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵਲੋਂ ਨਿਰਦੇਸ਼ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਜ਼ਿਲਾ ਲੁਧਿਆਣਾ ਦੇ ਸਰਕਾਰੀ ਤੇ ਗੈਰ-ਸਰਕਾਰੀ ਸਕੂਲ ਸਵੇਰੇ 10 ਵਜੇ ਤੋਂ ਬਾਅਦ ਖੋਲ੍ਹੇ ਜਾਣ। ਮਿਲੀ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਪੈਣ ਕਾਰਨ ਬੱਚਿਆਂ ਨੂੰ ਸਕੂਲ ਜਾਣ ਵਿਚ ਆ ਰਹੀ ਪ੍ਰੇਸ਼ਾਨੀ ਨੂੰ ਧਿਆਨ ਵਿਚ ਰੱਖਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ 18 ਨਵੰਬਰ ਤਕ ਸਕੂਲ ਲੱਗਣ ਦੇ ਸਮੇਂ 'ਚ ਤਬਦੀਲੀ ਕਰਦਿਆਂ 10 ਵਜੇ ਤੋਂ ਪਹਿਲਾਂ ਸਕੂਲ ਨਾ ਖੋਲ੍ਹਣ ਦੀ ਹਦਾਇਤ ਕੀਤੀ ਗਈ ਹੈ। ਵਧੀਕ ਜ਼ਿਲਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ ਅਧੀਨ ਹੁਕਮ ਜਾਰੀ ਕੀਤਾ ਹੈ ਕਿ ਜ਼ਿਲਾ ਲੁਧਿਆਣਾ ਵਿਚ ਸਥਿਤ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲ (ਪ੍ਰਾਇਮਰੀ ਅਤੇ ਸੈਕੰਡਰੀ) ਸਵੇਰੇ 10 ਵਜੇ ਤੋਂ ਪਹਿਲਾਂ ਨਾ ਖੋਲ੍ਹੇ ਜਾਣ। ਉਨ੍ਹਾਂ ਕਿਹਾ ਕਿ ਇਹ ਹੁਕਮ ਬੱਚਿਆਂ ਦੀ ਸਿਹਤ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਹਿੱਤ ਕੱਢੇ ਗਏ ਹਨ।
ਚੋਰੀ ਦੇ ਸਾਮਾਨ ਸਣੇ ਗ੍ਰਿਫਤਾਰ
NEXT STORY