ਗੁਰਦਾਸਪੁਰ, (ਵਿਨੋਦ)- ਜ਼ਿਲੇ ’ਚ ਏਡਜ਼ ਦੇ ਰੋਗੀਅਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ ਅਤੇ ਨਸ਼ਿਅਾਂ ਕਾਰਨ ਵੱਡੀ ਗਿਣਤੀ ਵਿਚ ਪਰਿਵਾਰਾਂ ਦੇ ਟੁੱਟਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਏਡਜ਼ ਦੇ ਰੋਗੀਆਂ ਬਾਰੇ ਜਦੋਂ ਡੂੰਘਾਈ ਨਾਲ ਸਰਵੇ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਏਡਜ਼ ਪੀਡ਼ਤ ਨੌਜਵਾਨ ਉਹ ਹਨ ਜੋ ਇੰਜੈਕਸ਼ਨ ਲਾ ਕੇ ਨਸ਼ੇ ਦੀ ਪੂਰਤੀ ਕਰਦੇ ਰਹੇ ਹਨ। ਇਕ ਹੀ ਸੂਈ ਨਾਲ ਇਹ ਨੌਜਵਾਨ ਨਸ਼ੇ ਦੀ ਪੂਰਤੀ ਕਰਦੇ ਹਨ, ਜਿਸ ਕਾਰਨ ਇਕ ਏਡਜ਼ ਪੀਡ਼ਤ ਤੋਂ ਅੱਗੇ ਬੀਮਾਰੀ ਫੈਲਦੀ ਜਾ ਰਹੀ ਹੈ। ਬੇਸ਼ੱਕ ਗੁਰਦਾਸਪੁਰ ’ਚ ਨਸ਼ੇ ਦੀ ਜ਼ਿਆਦਾ ਡੋਜ਼ ਲੈ ਕੇ ਮਰਨ ਵਾਲਿਅਾਂ ਦੀ ਇਸ ਸਾਲ ਗਿਣਤੀ ਮਾਤਰ ਤਿੰਨ ਹੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਓਵਰਡੋਜ਼ ਨਾਲ ਮਰਨ ਵਾਲਿਅਾਂ ਦੀ ਗਿਣਤੀ ਤਿੰਨ ਹੀ ਹੈ ਕਿਉਂਕਿ ਜ਼ਿਆਦਾਤਰ ਪਰਿਵਾਰ ਬਦਨਾਮੀ ਦੇ ਡਰ ਨਾਲ ਪੁਲਸ ਨੂੰ ਆਪਣੇ ਬੱਚਿਅਾਂ ਦੀ ਓਵਰਡੋਜ਼ ਨਾਲ ਹੋਈ ਮੌਤ ਸਬੰਧੀ ਜਾਣਕਾਰੀ ਨਹੀਂ ਦਿੰਦੇ। ਗੁਰਦਾਸਪੁਰ ’ਚ ਦੋ ਨਸ਼ਾ ਮੁਕਤੀ ਸੈਂਟਰ ਚੱਲ ਰਹੇ ਹਨ, ਇਕ ਤਾਂ ਰੈੱਡ ਕਰਾਸ ਸੋਸਾਇਟੀ ਵੱਲੋਂ ਚਲਾਇਆ ਜਾ ਰਿਹਾ ਹੈ ਜਦਕਿ ਦੂਜਾ ਸਿਵਲ ਹਸਪਤਾਲ ’ਚ ਚੱਲ ਰਿਹਾ ਹੈ। ਰੈੱਡ ਕਰਾਸ ਵਾਲਾ 30 ਬੈੱਡਾਂ ਵਾਲਾ ਸੈਂਟਰ ਹੈ ਜਦਕਿ ਸਰਕਾਰੀ 10 ਬੈੱਡਾਂ ਵਾਲਾ ਹੈ।
ਕੀ ਕਹਿੰਦੇ ਹਨ ਇਲਾਕੇ ਦੇ ਪ੍ਰਮੁੱਖ ਨਾਗਰਿਕ
ਇਸ ਸਬੰਧੀ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਨੁਸਾਰ ਇਹ ਨਸ਼ਿਅਾਂ ਦੀ ਬੀਮਾਰੀ ਪੰਜਾਬ ਨੂੰ ਬਰਬਾਦ ਕਰ ਰਹੀ ਹੈ। ਸਾਰੇ ਰਾਜਨੀਤਕ ਦਲਾਂ ਨੂੰ ਇਸ ਸਬੰਧੀ ਇਕ-ਦੂਜੇ ’ਤੇ ਦੋਸ਼ ਲਾਉਣ ਦੀ ਬਜਾਏ ਸੰਗਠਿਤ ਹੋ ਕੇ ਕੰਮ ਕਰਨਾ ਹੋਵੇਗਾ। ਇਸੇ ਤਰ੍ਹਾਂ ਭਾਜਪਾ ਨੇਤਾ ਬਾਲ ਕਿਸ਼ਨ ਮਿੱਤਲ ਨੇ ਕਿਹਾ ਕਿ ਜਿਸ ਤਰ੍ਹਾਂ ਰੋਜ਼ਾਨਾ ਪੁਲਸ ਦੋਸ਼ੀਆਂ ਨੂੰ ਫਡ਼ ਰਹੀ ਹੈ, ਉਸ ਨਾਲ ਲੱਗਦਾ ਹੈ ਕਿ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਪਰ ਵੱਡੀਅਾਂ ਮੱਛੀਅਾਂ ’ਤੇ ਹੱਥ ਪਾਇਆ ਜਾਣਾ ਚਾਹੀਦਾ ਹੈ। ਕਾਂਗਰਸ ਦੇ ਜ਼ਿਲਾ ਪ੍ਰਧਾਨ ਅਸ਼ੋਕ ਚੌਧਰੀ ਅਨੁਸਾਰ ਪੰਜਾਬ ਸਰਕਾਰ ਨਸ਼ੇ ਨੂੰ ਜਡ਼੍ਹ ਤੋਂ ਖਤਮ ਕਰਨਾ ਚਾਹੁੰਦੀ ਹੈ ਪਰ ਇਹ ਕੰਮ ਲੋਕਾਂ ਦੇ ਸਹਿਯੋਗ ਬਿਨਾਂ ਸੰਭਵ ਨਹੀਂ ਹੈ। ਰਾਸ਼ਟਰੀ ਸਵੈ ਸੇਵਕ ਸੰਘ ਦੇ ਸੀਨੀਅਰ ਅਹੁਦੇਦਾਰ ਰਜਨੀਸ਼ ਮਹੰਤ ਅਨੁਸਾਰ ਨਸ਼ਿਅਾਂ ਦੇ ਵਧਦੇ ਰੁਝਾਨ ’ਤੇ ਕਾਬੂ ਪਾਉਣ ਲਈ ਧਰਮ ਗੁਰੂਆਂ, ਰਾਜਨੇਤਾਵਾਂ, ਸਮਾਜਕ ਸੰਗਠਨਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਹੋਵੇਗੀ।
ਸ਼ਰਾਬ ਦੀਆਂ 12 ਬੋਤਲਾਂ ਸਣੇ ਅੜਿੱਕੇ
NEXT STORY