ਅੰਮ੍ਰਿਤਸਰ (ਜਸ਼ਨ)- ਪਤੀ-ਪਤਨੀ ਦਾ ਰਿਸ਼ਤਾ 7 ਜਨਮਾਂ ਦਾ ਮੰਨਿਆ ਜਾਂਦਾ ਹੈ ਪਰ ਇਹ ਪਵਿੱਤਰ ਰਿਸ਼ਤਾ ਉਸ ਸਮੇਂ ਤਾਰ-ਤਾਰ ਹੁੰਦਾ ਨਜ਼ਰ ਆਇਆ ਜਦੋਂ ਇਕ ਪਤਨੀ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਪਤੀ ਨੂੰ ਜਾਨੋਂ ਮਾਰਨ ਲਈ ਗੋਲੀ ਚਲਾ ਦਿੱਤੀ। ਇੰਨਾ ਹੀ ਨਹੀਂ ਬਾਅਦ ਵਿਚ ਉਸ ਨੇ ਖੁਦ ਥਾਣਾ ਸੁਲਤਾਨਵਿੰਡ ਨੂੰ ਸੂਚਨਾ ਦੇ ਕੇ ਮਾਮਲਾ ਦਰਜ ਕਰਵਾਇਆ। ਜਦੋਂ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਸਬੂਤਾਂ ਦੀ ਹਰ ਕੜੀ ਜੋੜੀ ਤਾਂ ਮਾਮਲਾ ਉਲਟ ਗਿਆ ਅਤੇ ਪੁਲਸ ਨੇ ਪਤਨੀ ਸਮੇਤ ਉਸ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ।
ਇਹ ਵੀ ਪੜ੍ਹੋ- ਕਾਨੂੰਨ ਨਾਲ ਖਿਲਵਾੜ ਕਰਨ ਵਾਲਿਆਂ ਦੀ ਹੁਣ ਨਹੀਂ ਖੈਰ, ਤੁਰੰਤ ਹੋਵੇਗੀ ‘ਐੱਫ਼. ਆਈ. ਆਰ.’
ਗ੍ਰਿਫ਼ਤਾਰ ਕੀਤੀ ਪਤਨੀ ਦੀ ਪਛਾਣ ਅਰਵਿੰਦਰ ਕੌਰ ਵਾਸੀ ਸ਼ਹੀਦ ਊਧਮ ਸਿੰਘ ਨਗਰ ਵਜੋਂ ਹੋਈ ਹੈ, ਜਦਕਿ ਉਸ ਦੇ ਸਾਥੀਆਂ ਦੀ ਪਛਾਣ ਕੈਪਟਨ ਉਰਫ਼ ਸਾਜਨ ਵਾਸੀ ਸ਼ਹੀਦ ਊਧਮ ਸਿੰਘ ਨਗਰ ਅਤੇ ਸਿਮਰਜੀਤ ਸਿੰਘ ਉਰਫ਼ ਰਿੰਕੀ ਵਾਸੀ ਗਲੀ ਨੰਬਰ 3, ਸ਼ਹੀਦ ਊਧਮ ਸਿੰਘ ਨਗਰ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ ਇਕ ਪਿਸਤੌਲ, 4 ਜ਼ਿੰਦਾ ਰੌਂਦ, ਇਕ ਖੋਲ੍ਹ ਅਤੇ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਅਤੇ ਇਕ ਐਕਟਿਵਾ ਬਰਾਮਦ ਕੀਤੀ ਹੈ।
ਏ. ਸੀ. ਪੀ. ਵੈਸਟ ਅਸ਼ਵਨੀ ਕੁਮਾਰ ਅੱਤਰੀ ਅਤੇ ਥਾਣਾ ਸੁਲਤਾਨਵਿੰਡ ਦੇ ਐੱਸ. ਐੱਚ. ਓ. ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਪੁਲਸ ਨੇ ਮੁਲਜ਼ਮ ਪਤਨੀ ਅਰਵਿੰਦਰ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਸੀ, ਜਿਸ ਵਿਚ ਉਸ ਨੇ ਦੱਸਿਆ ਕਿ ਉਸ ਦਾ ਪਤੀ ਧਰਮਿੰਦਰ ਸਿੰਘ ਨੂੰ ਰਸਤੇ ਵਿਚ ਡਾਇਮੰਡ ਐਵੇਨਿਊ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ। ਜਦੋਂ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਮਾਸਟਰ ਮਾਈਂਡ ਪੀੜਤ ਦੀ ਪਤਨੀ ਅਰਵਿੰਦਰ ਕੌਰ ਹੈ।
ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਕਤਲ ਦੇ ਇਲਜ਼ਾਮ 'ਚ ਫਸੇ 2 ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਮੰਤਰੀ ਕੁਲਦੀਪ ਧਾਲੀਵਾਲ
ਦਰਅਸਲ ਅਰਵਿੰਦਰ ਕੌਰ ਦਾ ਆਪਣੇ ਪਤੀ ਧਰਮਿੰਦਰ ਸਿੰਘ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਅਤੇ ਇਸ ਕਾਰਨ ਉਹ ਆਪਣੇ ਪਤੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਇਸੇ ਦੁਸ਼ਮਣੀ ਦੇ ਚੱਲਦਿਆਂ ਅਰਵਿੰਦਰ ਕੌਰ ਨੇ ਆਪਣੇ ਜਾਣਕਾਰ ਕੈਪਟਨ ਸਿੰਘ ਉਰਫ਼ ਸਾਜਨ ਅਤੇ ਉਸਦੇ ਦੋਸਤ ਸਿਮਰਜੀਤ ਸਿੰਘ ਉਰਫ਼ ਰਿੰਕਾ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਪਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਅਰਵਿੰਦਰ ਕੌਰ ਦੀ ਯੋਜਨਾ ਅਨੁਸਾਰ ਕੈਪਟਨ ਸਿੰਘ ਅਤੇ ਸਿਮਰਜੀਤ ਸਿੰਘ ਨੇ ਰਸਤੇ ਵਿਚ ਧਰਮਿੰਦਰ ਸਿੰਘ ਅਤੇ ਅਰਵਿੰਦਰ ਕੌਰ ਦਾ ਪਿੱਛਾ ਕੀਤਾ ਅਤੇ ਧਰਮਿੰਦਰ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਡਾਇਮੰਡ ਐਵੇਨਿਊ ਦੇ ਸੁੰਨਸਾਨ ਮੋੜ ’ਤੇ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ- ਨੌਜਵਾਨ ਦੀ ਕਹੀ ਗੱਲ ਤੋਂ ਖਫ਼ਾ ਕੁੜੀ ਨੇ ਜੜ੍ਹਿਆ ਥੱਪੜ, ਹੈਰਾਨ ਕਰੇਗੀ ਗੁਰਦਾਸਪੁਰ ਦੀ ਇਹ ਘਟਨਾ
ਪੀੜਤ ਧਰਮਿੰਦਰ ਸਿੰਘ ਇਸ ਸਮੇਂ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਇਹ ਹਥਿਆਰ ਕਿੱਥੋਂ ਅਤੇ ਕਿਸ ਪਾਸੋਂ ਲਏ ਸਨ ਅਤੇ ਕੀ ਉਕਤ ਮੁਲਜ਼ਮਾਂ ਵਲੋਂ ਹਥਿਆਰਾਂ ਨਾਲ ਕੋਈ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਪਿਛੋਕੜ ਅਤੇ ਅਗਾਂਹਵਧੂ ਸਬੰਧਾਂ ਦੀ ਵੀ ਜਾਂਚ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਹਥਿਆਰਬੰਦ ਲੁਟੇਰਿਆਂ ਨੇ ਕੋਰੀਅਰ ਏਜੰਸੀ ਕੋਲੋਂ ਲੁੱਟੇ 5 ਲੱਖ ਤੋਂ ਵੱਧ ਦੀ ਨਕਦੀ
NEXT STORY