ਮੋਗਾ, (ਆਜ਼ਾਦ)- ਮੋਗਾ ਦੇ ਨਜ਼ਦੀਕ ਪਿੰਡ ਮੰਗੇਵਾਲਾ ਨਿਵਾਸੀ ਕਰਮਜੀਤ ਕੌਰ ਵੱਲੋਂ ਆਪਣੇ ਪਤੀ ਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਫਾਹਾ ਲੈ ਕੇ ਆਤਮਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪਤੀ ਸਮੇਤ 3 ਜਣਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਮ੍ਰਿਤਕਾ ਦੇ ਭਰਾ ਗੀਟਨ ਸਿੰਘ ਪੁੱਤਰ ਬੰਤ ਸਿੰਘ ਨਿਵਾਸੀ ਪਿੰਡ ਕੋਟਲਾ ਰਾਇਕਾ ਨੇ ਕਿਹਾ ਕਿ ਉਸ ਦੀ ਭੈਣ ਕਰਮਜੀਤ ਕੌਰ ਦਾ ਵਿਆਹ 20 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਪਿੰਡ ਮੰਗੇਵਾਲਾ ਨਾਲ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ, ਜਿਸ ਦੇ ਇਕ ਬੇਟਾ ਅਤੇ ਇਕ ਬੇਟੀ ਹੈ। ਮੇਰੀ ਭੈਣ ਨੂੰ ਉਸ ਦਾ ਪਤੀ ਅਤੇ ਸੱਸ ਬਲਜੀਤ ਕੌਰ, ਨਨਾਣ ਕੁਲਜੀਤ ਕੌਰ ਨਿਵਾਸੀ ਫਰੀਦਕੋਟ ਤੰਗ-ਪ੍ਰੇਸ਼ਾਨ ਤੇ ਮਾਰਕੁੱਟ ਕਰਦੇ ਸਨ। ਉਸ ਨੇ ਮੈਨੂੰ ਕਈ ਵਾਰ ਦੱਸਿਆ। ਮੈਂ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਸਮਝਾਉਣ ਦਾ ਯਤਨ ਕੀਤਾ, ਆਖਿਰ ਮੇਰੀ ਭੈਣ ਨੇ ਇਨ੍ਹਾਂ ਤੋਂ ਤੰਗ ਆ ਕੇ ਆਪਣੇ ਘਰ 'ਚ ਹੀ ਫਾਹਾ ਲਾ ਕੇ ਆਤਮਹੱਤਿਆ ਕਰ ਲਈ।
ਮੰਦਬੁੱਧੀ ਬੇਟੀ ਨੂੰ ਲੈ ਕੇ ਹੁੰਦਾ ਸੀ ਝਗੜਾ
ਗੀਟਨ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦੀ ਵੱਡੀ ਬੇਟੀ (9) ਜੋ ਥੋੜ੍ਹੀ ਮੰਦਬੁੱਧੀ ਹੈ, ਨੂੰ ਲੈ ਕੇ ਅਕਸਰ ਘਰ 'ਚ ਝਗੜਾ ਚਲਦਾ ਰਹਿੰਦਾ ਸੀ ਅਤੇ ਦੋਸ਼ੀ ਉਸ ਨੂੰ ਤਾਅਨੇ-ਮਹਿਣੇ ਮਾਰਦੇ ਰਹਿੰਦੇ ਸਨ ਕਿ ਤੂੰ ਅਜਿਹੀ ਬੇਟੀ ਨੂੰ ਜਨਮ ਦਿੱਤਾ ਹੈ, ਇਸ ਨੂੰ ਲੈ ਕੇ ਚਲੀ ਜਾ, ਨਹੀਂ ਤਾਂ ਅਸੀਂ ਤੈਨੂੰ ਛੱਡਾਂਗੇ ਨਹੀਂ।
ਦੂਸਰੇ ਵਿਆਹ ਦੀ ਦਿੰਦੇ ਸਨ ਧਮਕੀ
ਉਸ ਨੇ ਕਿਹਾ ਕਿ ਮੇਰੀ ਭੈਣ ਨੇ ਮੈਨੂੰ ਕਈ ਵਾਰ ਦੱਸਿਆ ਕਿ ਉਸ ਦੀ ਸੱਸ ਅਤੇ ਨਨਾਣ ਮੇਰੀ ਪਤੀ ਦਾ ਦੂਸਰਾ ਵਿਆਹ ਕਰਨ ਲਈ ਕਹਿੰਦੇ ਰਹਿੰਦੇ ਸਨ ਅਤੇ ਕਈ ਵਾਰ ਉਸ ਨੂੰ ਡਰਾਇਆ-ਧਮਕਾਇਆ ਵੀ ਕਿ ਅਸੀਂ ਤੈਨੂੰ ਖਤਮ ਕਰ ਕੇ ਇਸ ਦਾ ਦੂਸਰਾ ਵਿਆਹ ਕਰਾਂਗੇ, ਜਿਸ ਕਾਰਨ ਮੇਰੀ ਭੈਣ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ। ਇਹੀ ਪ੍ਰੇਸ਼ਾਨੀ ਉਸ ਦੀ ਮੌਤ ਦਾ ਕਾਰਨ ਬਣੀ।
ਕੀ ਹੋਈ ਪੁਲਸ ਕਾਰਵਾਈ
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਮ੍ਰਿਤਕਾ ਦੇ ਪਤੀ ਗੁਰਪ੍ਰੀਤ ਸਿੰਘ, ਸੱਸ ਬਲਜੀਤ ਕੌਰ ਅਤੇ ਨਨਾਣ ਕੁਲਜੀਤ ਕੌਰ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
240 ਬੋਤਲਾਂ ਸ਼ਰਾਬ ਸਣੇ 2 ਕਾਬੂ
NEXT STORY