ਲੌਂਗੋਵਾਲ (ਵਸ਼ਿਸ਼ਟ, ਵਿਜੇ)- ਪਿੰਡੀ ਕੇਹਰ ਸਿੰਘ ਵਾਲੀ ਵਿਖੇ ਲੰਘੀ ਰਾਤ ਇਕ ਕਿਸਾਨ ਪਰਿਵਾਰ ਦੇ ਘਰੋਂ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ ਹੋ ਗਈ। ਇਕੱਤਰ ਕੀਤੇ ਵੇਰਵਿਆਂ ਅਨੁਸਾਰ ਇਥੋਂ ਦੇ ਕਿਸਾਨ ਮੇਜਰ ਸਿੰਘ ਧਾਲੀਵਾਲ ਦੇ ਘਰੋਂ 24-25 ਤੋਲੇ ਦੇ ਕਰੀਬ ਸੋਨਾ ਅਤੇ 30 ਹਾਜ਼ਰ ਰੁਪਏ ਦੀ ਨਕਦੀ ਚੋਰੀ ਹੋ ਗਈ ਹੈ।
ਮੇਜਰ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਜਦ ਉਨ੍ਹਾਂ ਦਾ ਪਰਿਵਾਰ ਸੁੱਤਾ ਪਿਆ ਸੀ। ਇਸ ਦੌਰਾਨ ਬਰਾਂਡੇ ਦੀ ਜਾਅਲੀ ਨੂੰ ਕੱਟ ਕੇ ਚੋਰ ਅਸਾਨੀ ਨਾਲ ਅੰਦਰੋਂ ਕੁੰਡੀ ਖੋਲ ਕੇ ਬਰਾਂਡੇ ’ਚ ਦਾਖਲ ਹੋਇਆ। ਉਸ ਨੇ ਦੱਸਿਆ ਕਿ ਹਾਲਤਾਂ ਨੂੰ ਦੇਖ ਕੇ ਲੱਗਦਾ ਹੈ ਕਿ ਅੱਗੇ ਕਮਰਿਆਂ ਨੂੰ ਜਿੰਦੇ ਲੱਗੇ ਹੋਏ ਸੀ ਪਹਿਲਾਂ ਇਕ ਕਮਰੇ ਦਾ ਜਿੰਦਾ ਤੋੜ ਕੇ ਚੋਰ ਅੰਦਰ ਦਾਖਲ ਹੋਇਆ ਅਤੇ ਫੇਰ ਅਲਮਾਰੀ ਖੋਲ੍ਹ ਕੇ ਅੰਦਰ ਬਣੇ ਲਾਕਰ ਦਾ ਜਿੰਦਾ ਤੋੜਿਆ ਗਿਆ। ਇਕ ਅਲਮਾਰੀ ’ਚੋਂ 10 ਹਜ਼ਾਰ ਦੀ ਨਕਦੀ ਅਤੇ ਦੂਜੀ ’ਚੋਂ 20 ਹਾਜ਼ਰ ਦੀ ਨਕਦੀ ਅਤੇ 12 ਤੋਲੇ ਸੋਨਾ ਕੱਢਿਆ ਗਿਆ। ਫੇਰ ਦੂਜੇ ਕਮਰੇ ’ਚ ਪਈ ਅਲਮਾਰੀ ਦਾ ਲਾਕਰ ਤੋੜ ਕੇ ਵੀ 13 ਤੋਲੇ ਸੋਨਾ ਚੋਰੀ ਕੀਤਾ ਗਿਆ।
ਮੇਜਰ ਸਿੰਘ ਨੇ ਦੱਸਿਆ ਕਿ ਉਹ ਖੁਦ ਤਾਂ ਸਵੇਰੇ ਜਲਦੀ ਖੇਤ ਚਲਾ ਗਿਆ ਸੀ ਅਤੇ ਪਿੱਛੋਂ ਪਰਿਵਾਰ ਨੂੰ ਇਸ ਵਾਰਦਾਤ ਦਾ ਪਤਾ ਸਵੇਰੇ ਲੱਗਿਆ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਮਰਿਆਂ ’ਚੋਂ ਚੋਰੀ ਹੋਈ ਹੈ ਉਹ ਉਨ੍ਹਾਂ ਕਮਰਿਆਂ ਦੇ ਨਜ਼ਦੀਕ ਹੀ ਸੁੱਤੇ ਹੋਏ ਸਨ ਪਰ ਉਨ੍ਹਾਂ ਨੂੰ ਰਤਾ ਜਿੰਨਾ ਵੀ ਖੜਾਕ ਨਹੀਂ ਸੁਣਿਆ। ਉਨ੍ਹਾਂ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਇਕੋ ਝਟਕੇ ਨਾਲ ਚਲੀ ਗਈ ਹੈ।ਸਮਝਿਆ ਜਾਂਦਾ ਹੈ ਕਿ ਚੋਰੀ ਉਪਰੰਤ ਚੋਰ ਘਰ ਦੇ ਛੋਟੇ ਦਰਵਾਜ਼ੇ ਦਾ ਕੁੰਡਾ ਖੋਲ੍ਹ ਕੇ ਬੜੀ ਦਲੇਰੀ ਨਾਲ ਸਾਈਕਲ ’ਤੇ ਸਵਾਰ ਹੋ ਕੇ ਚਲਾ ਗਿਆ। ਸਾਈਕਲ ਸਵਾਰ ਚੋਰ ਦੀ ਫੁਟੇਜ਼ ਥੋੜੀ ਦੂਰ ਲੱਗੇ ਸੀ. ਸੀ. ਟੀ . ਵੀ. ਰਾਹੀਂ ਵੀ ਸਾਹਮਣੇ ਆਈ ਹੈ। ਸਵੇਰੇ ਵਾਰਦਾਤ ਦੀ ਸੂਚਨਾ ਥਾਣਾ ਲੌਂਗੋਵਾਲ ਵਿਖੇ ਦਿੱਤੀ ਤਾਂ ਪੁਲਸ ਪਾਰਟੀ ਨੇ ਘਟਨਾ ਸਥਾਨ ਦੌਰਾ ਵੀ ਕੀਤਾ ਹੈ ਤੇ ਜਾਂਚ ਵੀ ਆਰੰਭ ਦਿੱਤੀ ਹੈ।
ਇਸ ਦੌਰਾਨ ਇਲਾਕੇ ਭਰ ਤੋਂ ਮੇਜਰ ਸਿੰਘ ਦੇ ਘਰ ਦੇ ਨਜ਼ਦੀਕ ਇਕੱਠੇ ਹੋਏ ਲੋਕ ਇਸ ਗੱਲ ’ਤੇ ਹੈਰਾਨੀ ਪ੍ਰਗਟ ਕਰ ਰਹੇ ਹਨ ਕਿ ਕਿੰਝ ਇਕ ਇਕੱਲੇ ਵਿਅਕਤੀ ਨੇ ਬੇਹੱਦ ਦਲੇਰੀ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਵੀ ਦਿੱਤਾ ਅਤੇ ਘਰ ਵਾਲਿਆਂ ਨੂੰ ਪਤਾ ਵੀ ਨਾ ਚੱਲ ਸਕਿਆ।
ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ ਇੰਸਪੈਕਟਰ ਬਲਵੰਤ ਸਿੰਘ ਬਲਿੰਗ ਨੇ ਦੱਸਿਆ ਕਿ ਇਸ ਵਾਰਦਾਤ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਪੇਸ਼ੇਵਰਾਨਾ ਢੰਗ ਨਾਲ ਜਾਂਚ ਅਮਲ ’ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਵਾਰਦਾਤ ਦੀ ਤਹਿ ਤੱਕ ਜਾਣ ਲਈ ਸੀ.ਸੀ.ਟੀ.ਵੀ. ਫੁਟੇਜ਼ ਤੋਂ ਇਲਾਵਾ ਤਕਨੀਕੀ ਅਤੇ ਮਾਨਵੀ ਸੂਤਰਾਂ ਦੀ ਸਹਾਇਤਾ ਨਾਲ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਉਮੀਦ ਹੈ ਇਸ ਮਸਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ।
ਪੰਜਾਬ: ਤਿੰਨ ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰੀ ਅਣਹੋਣੀ, 18 ਘੰਟਿਆਂ ਬਾਅਦ ਲੱਭੀ ਲਾਸ਼
NEXT STORY