ਤਪਾ ਮੰਡੀ (ਸ਼ਾਮ, ਗਰਗ)- ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਪਾਵਰਕਾਮ ਦੇ ਪਾਵਰਕਾਮ-1 ਅਤੇ ਪਾਵਰਕਾਮ-2 ਦੇ ਦਫ਼ਤਰਾਂ ਵਿਚ ਚੋਰਾਂ ਵੱਲੋਂ ਧਾਵਾ ਬੋਲ ਕੇ ਲੱਖਾਂ ਰੁਪਏ ਦਾ ਬਿਜਲੀ ਨਾਲ ਸਬੰਧਤ ਸਾਮਾਨ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੋਵੇਂ ਦਫ਼ਤਰ ਪੁਲਿਸ ਸਟੇਸ਼ਨ (ਥਾਣਾ ਸਦਰ) ਤਪਾ ਦੇ ਬਿਲਕੁਲ ਨਾਲ ਕੰਧ ਨਾਲ ਕੰਧ ਲੱਗਦੇ ਹਨ। ਇਸ ਦੇ ਬਾਵਜੂਦ ਚੋਰ ਬੇਖੌਫ਼ ਹੋ ਕੇ ਦਫ਼ਤਰਾਂ ਦੇ ਕਮਰਿਆਂ ਦੇ ਜਿੰਦਰੇ ਤੋੜ ਕੇ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰੇ ਜੇਈ ਪ੍ਰਦੀਪ ਕੁਮਾਰ ਦਫ਼ਤਰੀ ਕੰਮ ਲਈ ਦਫ਼ਤਰ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਕਈ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ। ਸ਼ੱਕ ਪੈਣ ’ਤੇ ਜਦੋਂ ਦਫ਼ਤਰ ਦੇ ਅੰਦਰ ਜਾ ਕੇ ਜਾਂਚ ਕੀਤੀ ਗਈ ਤਾਂ ਕਈ ਥਾਵਾਂ ਤੋਂ ਕੇਬਲ ਤਾਰਾਂ ਅਤੇ ਹੋਰ ਬਿਜਲੀ ਦਾ ਸਾਮਾਨ ਗਾਇਬ ਮਿਲਿਆ। ਇਸ ਤੋਂ ਬਾਅਦ ਪੂਰੇ ਦਫ਼ਤਰ ਦੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਚੋਰ ਵੱਡੀ ਮਾਤਰਾ ਵਿੱਚ ਸਾਮਾਨ ਚੋਰੀ ਕਰਕੇ ਲੈ ਗਏ ਹਨ।
ਜਾਣਕਾਰੀ ਅਨੁਸਾਰ ਚੋਰੀ ਹੋਏ ਸਾਮਾਨ ਵਿਚ ਕੇਬਲ ਤਾਰਾਂ, ਕਨੈਕਟਰ, ਜੁਬਲੀ ਕਲਿੱਪ, ਖੰਭਿਆਂ ਨਾਲ ਸਬੰਧਤ ਸਾਮਾਨ ਅਤੇ ਹੋਰ ਬਿਜਲੀ ਉਪਕਰਨ ਸ਼ਾਮਲ ਹਨ। ਚੋਰੀ ਕੀਤੇ ਗਏ ਸਾਮਾਨ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਮੌਕੇ ’ਤੇ ਵਾਹਨ ਦੇ ਆਉਣ-ਜਾਣ ਦੇ ਕੁਝ ਨਿਸ਼ਾਨ ਵੀ ਦਿਖਾਈ ਦਿੱਤੇ ਹਨ। ਇਸ ਕਾਰਨ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਕਿਸੇ ਵੱਡੇ ਵਾਹਨ ਜਾਂ ਕੈਂਟਰ ਰਾਹੀਂ ਚੋਰੀ ਕੀਤਾ ਸਾਮਾਨ ਲੱਦ ਕੇ ਲਿਜਾਇਆ ਹੋਵੇਗਾ।
ਇਸ ਸਬੰਧੀ ਜੇਈ ਪ੍ਰਦੀਪ ਸਿੰਘ, ਜੇਈ ਹਰਦੀਪ ਸਿੰਘ, ਪਰਮਿੰਦਰ ਕੁਮਾਰ, ਬੀਰਬਲ ਸਿੰਘ, ਨਵੀਨ ਕੁਮਾਰ ਮਿੱਤਲ, ਕੇਵਲ ਸਿੰਘ, ਅਲਾਦੀਨ ਅਤੇ ਸੀਸੀ ਤਰਲੋਚਨ ਸਿੰਘ ਸਮੇਤ ਹੋਰ ਕਰਮਚਾਰੀਆਂ ਵੱਲੋਂ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਐਸਡੀਓ ਪਾਵਰਕਾਮ-1 ਅਤੇ ਐਸਡੀਓ ਪਾਵਰਕਾਮ-2 ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਸੇ ਪੁਲਿਸ ਥਾਣਾ ਸਦਰ ਨੂੰ ਚੋਰੀ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਥਾਣਾ ਮੁੱਖੀ ਅਮਰੀਕ ਸਿੰਘ ਗਰੋਵਾਲ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਮਦਦ ਨਾਲ ਚੋਰਾਂ ਦੀ ਪਛਾਣ ਕਰਨ ਉਪਰੰਤ ਉਨ੍ਹਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾਵੇਗੀ।
ਪੰਜਾਬ: ਦਿਨ-ਦਿਹਾੜੇ ਰਾਹ 'ਚ ਘੇਰ ਸਰਕਾਰੀ ਸਕੂਲ ਦੇ ਹੈੱਡ ਮਾਸਟਰ ਦਾ ਕਰ 'ਤਾ ਕਤਲ
NEXT STORY