ਪਾਇਲ (ਵਿਨਾਇਕ) : ਪਾਇਲ ਸ਼ਹਿਰ ਅੰਦਰ ਆਪਣੇ ਦੋਸਤ ਦੇ ਦੋਹਤੇ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਣ ਆਏ ਇਕ ਪਰਿਵਾਰ ਦੇ ਪਿੰਡ ਮਕਸੂਦੜਾ ਘਰ ਅੰਦਰੋਂ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਕਦੀ, ਡਾਲਰ ਅਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਡਾ. ਅਮਰੀਕ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਪਿੰਡ ਮਕਸੂਦੜਾ ਥਾਣਾ ਪਾਇਲ ਨੇ ਦੱਸਿਆ ਕਿ ਉਹ ਆਪਣੀ ਪਤਨੀ ਰਜਿੰਦਰ ਕੌਰ ਸਮੇਤ ਆਪਣੇ ਦੋਸਤ ਗੁਰਮੁਖ ਸਿੰਘ ਪਿੰਡ ਰਾਣੋਂ ਦੇ ਦੋਹਤੇ ਹਰਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਾਇਲ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਲਈ ਸਵੇਰੇ 9.30 ਵਜੇ ਕਰੀਬ ਆਪਣੇ ਸਕੂਟਰ ’ਤੇ ਗਏ ਸੀ। ਬਾਅਦ ਦੁਪਹਿਰ 1.45 ਵਜੇ ਕਰੀਬ ਜਦੋਂ ਆਪਣੇ ਘਰ ਪਿੰਡ ਮਕਸੂਦੜਾ ਵਾਪਸ ਪੁੱਜੇ ਅਤੇ ਆਪਣੇ ਘਰ ਦਾ ਮੇਨ ਗੇਟ ਖੋਲ੍ਹ ਕੇ ਅੰਦਰ ਆਏ ਤਾਂ ਦੇਖਿਆ ਕਿ ਕੋਠੀ ਦੇ ਤਾਲੇ ਟੁੱਟੇ ਪਏ ਸਨ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਟੋਰ ਅਤੇ ਕਮਰੇ ਦੀਆਂ ਅਲਮਾਰੀਆਂ ਦੇ ਦਰਵਾਜ਼ੇ ਟੁੱਟੇ ਹੋਏ ਸਨ ਅਤੇ ਕਮਰੇ ਅੰਦਰ ਬੈੱਡ ‘ਤੇ ਕਾਫੀ ਸਾਮਾਨ ਖਿੱਲਰਿਆ ਪਿਆ ਸੀ।
ਉਕਤ ਨੇ ਦੱਸਿਆ ਕਿ ਅਲਮਾਰੀਆਂ ਵਿਚੋਂ ਇੱਕ ਲੱਖ 30 ਹਜ਼ਾਰ ਰੁਪਏ ਦੀ ਨਕਦੀ, 600 ਕੈਨੇਡੀਅਨ ਡਾਲਰ, ਇਕ ਜੋੜਾ ਕੰਨਾਂ ਦੀਆਂ ਵਾਲੀਆਂ, ਇਕ ਟੌਪਸ ਸੋਨੇ ਦੇ, ਇਕ ਚੈਨੀ ਸਮੇਤ ਲੋਕਟ ਸੋਨਾ, ਇਕ ਸੋਨੇ ਦੀ ਮੁੰਦਰੀ (ਕੁੱਲ ਤਿੰਨ ਤੋਲੇ ਸੋਨੇ ਦੇ ਗਹਿਣੇ) ਚੋਰੀ ਹੋ ਗਏ ਸਨ। ਫਿਲਹਾਲ ਪੁਲਸ ਵੱਲੋਂ ਇਸ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਥਾਣਾ ਪਾਇਲ ਦੀ ਪੁਲਸ ਨੇ ਏ. ਐੱਸ. ਆਈ. ਪ੍ਰਗਟ ਸਿੰਘ ਦੀ ਅਗਵਾਈ ਹੇਠ ਘਟਨਾ ਸਥਾਨ 'ਤੇ ਪੁੱਜ ਕੇ ਜਿੱਥੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ, ਉੱਥੇ ਹੀ ਪਿੰਡ ਵਿਚ ਅਤੇ ਆਲੇ-ਦੁਆਲੇ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਸ ਸਬੰਧੀ ਏ. ਐੱਸ. ਆਈ. ਪ੍ਰਗਟ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਣਪਛਾਤੇ ਚੋਰਾਂ ਖ਼ਿਲਾਫ ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ।
ਸੇਵਾ ਕੇਂਦਰਾਂ ਦਾ ਸਮਾਂ ਮੁੜ ਸਵੇਰੇ 9 ਤੋਂ ਸ਼ਾਮ 5 ਵਜੇ ਹੋਇਆ
NEXT STORY