ਹੁਸ਼ਿਆਰਪੁਰ, (ਜ.ਬ.)- ਭਾਵੇਂ ਸਰਕਾਰ ਦੀ ਨਜ਼ਰ 'ਚ ਪਰਿਵਾਰ ਦੇ ਪਾਲਣ-ਪੋਸ਼ਣ ਲਈ ਮਾਸੂਮ ਬੱਚਿਆਂ ਵੱਲੋਂ ਭੀਖ ਮੰਗਣਾ ਗੈਰ-ਕਾਨੂੰਨੀ ਹੈ ਪਰ ਪਿੰਡਾਂ ਅਤੇ ਸ਼ਹਿਰਾਂ 'ਚ ਅਜਿਹੇ ਬੱਚਿਆਂ ਦੀ ਘਾਟ ਨਹੀਂ ਹੈ, ਜਿਨ੍ਹਾਂ ਦਾ ਬਚਪਨ ਇੰਝ ਹੀ ਬੀਤ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਬੱਚਿਆਂ ਦੇ ਭਵਿੱਖ ਦੀ ਚਿੰਤਾ।
ਇਕ ਪਾਸੇ ਇਥੇ ਸਿੱਖਿਆ ਦੇ ਅਧਿਕਾਰ ਤਹਿਤ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਲਈ ਜ਼ਿਲਾ ਪ੍ਰਸ਼ਾਸਨ 'ਸਕੂਲ ਚੱਲੋ' ਮੁਹਿੰਮ ਚਲਾ ਰਿਹਾ ਹੈ ਅਤੇ ਦੂਜੇ ਪਾਸੇ ਹੁਸ਼ਿਆਰਪੁਰ ਸ਼ਹਿਰ ਦੇ ਸ਼ਿਮਲਾ ਪਹਾੜੀ ਚੌਕ, ਬਹਾਦਰਪੁਰ ਚੌਕ, ਬੱਸ ਸਟੈਂਡ, ਗਰੀਨ ਵਿਊ ਪਾਰਕ ਸਮੇਤ ਸਾਰੇ ਚੌਕ-ਚੌਰਾਹਿਆਂ ਵਿਚ ਅਜਿਹੇ ਸੈਂਕੜੇ ਬੱਚੇ ਨਜ਼ਰ ਆਉਂਦੇ ਹਨ, ਜੋ ਭੀਖ ਮੰਗ ਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਦੀ ਗੱਲ ਕਹਿੰਦੇ ਹਨ। ਕੁਝ ਬੱਚੇ ਤਾਂ ਗੁਬਾਰੇ ਵੇਚਦੇ ਦਿਸਦੇ ਹਨ।
ਕਾਨੂੰਨ ਨੂੰ ਸ਼ਰੇਆਮ ਦਿਖਾ ਰਹੇ ਹਨ ਅੰਗੂਠਾ
ਸਰਦੀ ਹੋਵੇ ਜਾਂ ਗਰਮੀ ਸੜਕਾਂ 'ਤੇ ਭੀਖ ਮੰਗਦੇ, ਕੂੜੇ ਦੇ ਢੇਰਾਂ 'ਚੋਂ ਭੋਜਨ ਦੀ ਭਾਲ ਕਰਦੇ ਅਤੇ ਖਤਰਨਾਕ ਸਟੰਟ ਦਿਖਾਉਂਦੇ ਮਾਸੂਮਾਂ ਨੂੰ ਇਹ ਤੱਕ ਨਹੀਂ ਪਤਾ ਕਿ ਉਨ੍ਹਾਂ ਨੂੰ ਸਰਕਾਰ ਨੇ ਕੀ ਅਧਿਕਾਰ ਦਿੱਤੇ ਹਨ। ਅਜਿਹੇ 'ਚ ਜ਼ਿਲਾ ਪ੍ਰਸ਼ਾਸਨ ਦੇ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਜਾਂਦੇ ਹਨ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਇਸ ਬਾਰੇ ਗੱਲ ਤਾਂ ਕਰਦੇ ਹਨ ਕਿ ਇਹ ਬੱਚਾ ਭੀਖ ਕਿਉਂ ਮੰਗ ਰਿਹਾ ਹੈ, ਆਖਿਰ ਇਸ ਦੀ ਕੀ ਮਜਬੂਰੀ ਹੈ ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਬੱਚਾ ਕਿਸੇ ਤੋਂ ਭੀਖ ਮੰਗਦਾ ਹੈ ਤਾਂ ਉਹ ਉਸ ਨੂੰ ਬੁਰਾ-ਭਲਾ ਕਹਿੰਦਾ ਹੈ।
ਬਾਲ ਮਜ਼ਦੂਰੀ ਕਾਨੂੰਨ ਤਹਿਤ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੋਈ ਕੰਮ ਨਹੀਂ ਕਰਵਾ ਸਕਦਾ ਪਰ ਇਸ ਦੇ ਬਾਅਦ ਵੀ ਦੁਕਾਨਾਂ 'ਤੇ ਮਾਸੂਮ ਬੱਚੇ ਕੰਮ ਕਰਦੇ ਨਜ਼ਰ ਆਉਂਦੇ ਹਨ। ਸਭ ਤੋਂ ਜ਼ਿਆਦਾ ਚਾਹ ਦੀ ਦੁਕਾਨਾਂ, ਹੋਟਲਾਂ, ਕਰਿਆਨੇ ਦੀਆਂ ਦੁਕਾਨਾਂ, ਮਕੈਨਿਕਾਂ ਤੇ ਠੇਕੇਦਾਰਾਂ ਕੋਲ ਇਹ ਬੱਚੇ ਕੰਮ ਕਰਨ ਲਈ ਮਜਬੂਰ ਹਨ। ਇਸ ਤੋਂ ਬਾਅਦ ਵੀ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਬਾਲ ਮਜ਼ਦੂਰੀ ਵਿਭਾਗ ਦੇ ਅਧਿਕਾਰੀ ਇਸ ਮਾਮਲੇ 'ਚ ਕੋਈ ਠੋਸ ਕਦਮ ਚੁੱਕ ਰਹੇ ਹਨ।

ਕਿੱਥੇ ਹਨ ਮਾਸੂਮਾਂ ਦੇ ਹਿੱਸੇ ਦੀਆਂ ਖੁਸ਼ੀਆਂ
ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਮਾਸੂਮ ਬੱਚਿਆਂ ਦੇ ਕੋਮਲ ਹੱਥਾਂ 'ਚ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ, ਉਨ੍ਹਾਂ ਦੀ ਜਗ੍ਹਾ ਜ਼ਿਆਦਾਤਰ ਮਾਮਲਿਆਂ 'ਚ ਬੱਚਿਆਂ ਦੇ ਮਾਪਿਆਂ ਨੇ ਹੀ ਉਨ੍ਹਾਂ ਦੇ ਬਚਪਨ ਨਾਲ ਖਿਲਵਾੜ ਕੀਤਾ ਹੈ। ਸ਼ਹਿਰ ਦੇ ਚੌਕ-ਚੌਰਾਹਿਆਂ 'ਤੇ ਰਾਤ ਸਮੇਂ ਵੀ ਬੱਚੇ ਗੁਬਾਰੇ ਵੇਚਦੇ ਤੇ ਭੀਖ ਮੰਗਦੇ ਨਜ਼ਰ ਆਉਂਦੇ ਹਨ, ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਝੁੱਗੀਆਂ-ਝੌਂਪੜੀਆਂ 'ਚ ਆਰਾਮ ਕਰ ਰਹੇ ਹੁੰਦੇ। ਪੁੱਛਣ 'ਤੇ ਕਈ ਬੱਚੇ ਉਲਟਾ ਪ੍ਰਸ਼ਨ ਪੁੱਛਦੇ ਹਨ ਕਿ ਕਿੱਥੇ ਹਨ ਸਾਡੇ ਹਿੱਸੇ ਦੀਆਂ ਖੁਸ਼ੀਆਂ? ਸਾਨੂੰ ਭੀਖ ਨਹੀਂ, ਰੋਟੀ ਚਾਹੀਦੀ ਹੈ, ਫਿਰ ਕਿਉਂ ਸਾਨੂੰ ਕੂੜੇ 'ਚੋਂ ਰੋਟੀ ਭਾਲਣੀ ਪੈ ਰਹੀ ਹੈ? ਕੀ ਅਸੀਂ ਬੱਚੇ ਨਹੀਂ। ਸਾਡਾ ਬਚਪਨ ਨਹੀਂ?
ਬੱਚਿਆਂ ਕੋਲੋਂ ਭੀਖ ਮੰਗਵਾਉਣਾ ਮਜਬੂਰੀ ਜਾਂ ਪੇਸ਼ਾ?
ਹੈਰਾਨੀ ਵਾਲੀ ਗੱਲ ਹੈ ਕਿ ਮਾਸੂਮ ਬੱਚਿਆਂ ਕੋਲੋਂ ਭੀਖ ਮੰਗਵਾਉਣਾ ਹੁਣ ਮਜਬੂਰੀ ਨਹੀਂ ਰਹੀ ਸਗੋਂ ਕੁਝ ਪਰਿਵਾਰਾਂ ਨੇ ਇਸ ਨੂੰ ਪੇਸ਼ੇ ਦੇ ਤੌਰ 'ਤੇ ਅਪਣਾ ਲਿਆ ਹੈ। ਹਾਲਾਂਕਿ ਇਹ ਪਰਿਵਾਰ ਜ਼ਿਆਦਾਤਰ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਨਾਲ ਸਬੰਧਤ ਹਨ, ਜੋ ਸ਼ਹਿਰ ਦੇ ਬਾਹਰੀ ਹਿੱਸਿਆਂ 'ਚ ਝੁੱਗੀਆਂ- ਝੌਂਪੜੀਆਂ 'ਚ ਰਹਿੰਦੇ ਹਨ।
ਇਥੋਂ ਹੀ ਬੱਚਿਆਂ ਨੂੰ ਪੇਸ਼ੇ ਦੇ ਤੌਰ 'ਤੇ ਭੀਖ ਮੰਗਣ ਅਤੇ ਗੁਬਾਰੇ ਤੇ ਖਿਡੌਣੇ ਵੇਚਣ ਲਈ ਭੇਜਿਆ ਜਾਂਦਾ ਹੈ। ਪੁੱਛਣ 'ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਸਾਫ-ਸਾਫ ਕਹਿੰਦੇ ਹਨ ਕਿ ਪਾਪੀ ਪੇਟ ਲਈ ਸਾਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਦਿਵਿਆਂਗ ਜਾਂ ਸਰੀਰਕ ਤੌਰ 'ਤੇ ਅਸਮਰੱਥ ਵਿਅਕਤੀ ਜੋ ਬਹੁਤ ਬਜ਼ੁਰਗ ਹੋ ਚੁੱਕੇ ਹਨ, ਉਨ੍ਹਾਂ ਬਾਰੇ ਤਾਂ ਸੋਚਿਆ ਜਾ ਸਕਦਾ ਹੈ ਪਰ ਬੱਚਿਆਂ ਕੋਲੋਂ ਭੀਖ ਮੰਗਵਾਉਣਾ ਦੇਸ਼ ਦੇ ਭਵਿੱਖ ਲਈ ਕਿਸੇ ਵੀ ਪੱਖੋਂ ਸਹੀਂ ਨਹੀਂ ਹੈ।
ਢੁੱਡੀਕੇ ਦਾ ਕੌਮੀ ਹਾਕੀ ਸਿਖਲਾਈ ਕੇਂਦਰ ਬਣਿਆ 'ਖੰਡਰ'
NEXT STORY