ਜਲੰਧਰ (ਬਿਊਰੋ) : ਪੰਜਾਬ ਵਿਚ ਗੰਨ ਕਲਚਰ ਨੂੰ ਪ੍ਰੋਮੋਟ ਕਰਨ ਦੇ ਧੜਾਧੜ ਹੋ ਰਹੇ ਮਾਮਲਿਆਂ ’ਤੇ ਤਿੰਨ ਦਿਨ ਪਹਿਲਾਂ ਲਗਾਮ ਲਗਾਉਣ ਤੋਂ ਬਾਅਦ ਹੁਣ ਪੰਜਾਬ ਪੁਲਸ ਨੇ ਇਕ ਹੋਰ ਸਾਵਧਾਨੀ ਵਜੋਂ ਕਦਮ ਚੁੱਕਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਛੋਟੇ ਬੱਚੇ ਖਿਲਾਫ਼ ਹਥਿਆਰਾਂ ਨੂੰ ਪ੍ਰੋਮੋਟ ਕਰਨ ਸਬੰਧੀ ਕੇਸ ਦਰਜ ਹੋਣ ਦੇ ਮਾਮਲੇ ਤੋਂ ਸਬਕ ਲੈਂਦਿਆਂ ਹੁਣ ਸਾਰੇ ਪੁਲਸ ਕਮਿਸ਼ਨਰ ਤੇ ਐੱਸ.ਐੱਸ.ਪੀਜ਼ ਨੂੰ ਨਿਰਦੇਸ਼ ਦਿੰਤਾ ਗਿਆ ਹੈ ਕਿ ਗਲੋਰੀਫਿਕੇਸ਼ਨ ਆਫ਼ ਵੈਪਨਜ਼ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਦੇ ਸਾਰੇ ਪਹਿਲੂਆਂ ਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇ। ਉਥੇ ਹੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਇਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਦੇ ਗਾਣੇ ‘SYL’ ਨੂੰ ਯੂ-ਟਿਊਬ ਤੋਂ ਹਟਾਉਣ ਮਗਰੋਂ ਹੁਣ ਮੂਸੇਵਾਲਾ ਤੇ ਗਾਇਕ ਬੋਹੇਮੀਆ ਵੱਲੋਂ ਗਾਏ ਇਕ ਗਾਣੇ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ...
ਅਹਿਮ ਖ਼ਬਰ : ਗੰਨ ਕਲਚਰ ਬਾਰੇ ਜਾਰੀ ਹੋਏ ਨਵੇਂ ਨਿਰਦੇਸ਼, ਗਾਇਕਾਂ 'ਤੇ ਕਾਰਵਾਈ ਬਾਰੇ ਵੀ ਕੀਤਾ ਗਿਆ ਸਪੱਸ਼ਟ
ਪੰਜਾਬ ਵਿਚ ਗੰਨ ਕਲਚਰ ਨੂੰ ਪ੍ਰੋਮੋਟ ਕਰਨ ਦੇ ਧੜਾਧੜ ਹੋ ਰਹੇ ਮਾਮਲਿਆਂ ’ਤੇ ਤਿੰਨ ਦਿਨ ਪਹਿਲਾਂ ਲਗਾਮ ਲਗਾਉਣ ਤੋਂ ਬਾਅਦ ਹੁਣ ਪੰਜਾਬ ਪੁਲਸ ਨੇ ਇਕ ਹੋਰ ਸਾਵਧਾਨੀ ਵਜੋਂ ਕਦਮ ਚੁੱਕਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਛੋਟੇ ਬੱਚੇ ਖਿਲਾਫ਼ ਹਥਿਆਰਾਂ ਨੂੰ ਪ੍ਰੋਮੋਟ ਕਰਨ ਸਬੰਧੀ ਕੇਸ ਦਰਜ ਹੋਣ ਦੇ ਮਾਮਲੇ ਤੋਂ ਸਬਕ ਲੈਂਦਿਆਂ ਹੁਣ ਸਾਰੇ ਪੁਲਸ ਕਮਿਸ਼ਨਰ ਤੇ ਐੱਸ.ਐੱਸ.ਪੀਜ਼ ਨੂੰ ਨਿਰਦੇਸ਼ ਦਿੰਤਾ ਗਿਆ ਹੈ ਕਿ ਗਲੋਰੀਫਿਕੇਸ਼ਨ ਆਫ਼ ਵੈਪਨਜ਼ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਦੇ ਸਾਰੇ ਪਹਿਲੂਆਂ ਤੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇ।
ਯੂ-ਟਿਊਬ ਤੋਂ ਹਟਾਇਆ ਗਿਆ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਇਹ ਗਾਣਾ, ਜਾਣੋ ਵਜ੍ਹਾ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਇਕ ਹੋਰ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸਿੱਧੂ ਮੂਸੇਵਾਲਾ ਦੇ ਗਾਣੇ ‘SYL’ ਨੂੰ ਯੂ-ਟਿਊਬ ਤੋਂ ਹਟਾਉਣ ਮਗਰੋਂ ਹੁਣ ਮੂਸੇਵਾਲਾ ਤੇ ਗਾਇਕ ਬੋਹੇਮੀਆ ਵੱਲੋਂ ਗਾਏ ਇਕ ਗਾਣੇ ਨੂੰ ਯੂ-ਟਿਊਬ ਤੋਂ ਹਟਾ ਦਿੱਤਾ ਗਿਆ। ਇਨ੍ਹਾਂ ਦੋਵਾਂ ਵੱਲੋਂ ਗਾਏ ਗਾਣੇ ‘ਸੇਮ ਬੀਫ’ ਨੂੰ ਯੂ-ਟਿਊਬ ਤੋਂ ਹਟਾਇਆ ਗਿਆ ਹੈ। ਇਸ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਗਿਆ ਸੀ ਪਰ ਹੁਣ ਸਰਚ ਕਰਨ ’ਤੇ ‘ਸੇਮ ਬੀਫ’ ਗਾਣੇ ਦੀ ਵੀਡੀਓ ਦਿਖਾਈ ਨਹੀਂ ਦਿੰਦੀ।
ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਸ਼ਰੇਆਮ ਅਕਾਲੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ
ਅੰਮ੍ਰਿਤਸਰ-ਪਠਾਨਕੋਟ ਹਾਈਵੇ 'ਤੇ ਅਕਾਲੀ ਆਗੂ ਅਜੀਤਪਾਲ ਸਿੰਘ (50) ਦਾ ਗੋਲ਼ੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸ ਦੇਈਏ ਮ੍ਰਿਤਕ ਅਕਾਲੀ ਆਗੂ ਬਟਾਲਾ ਦੇ ਨੇੜਲੇ ਪਿੰਡ ਸ਼ੇਖੋਪੁਰ ਖ਼ੁਰਦ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਮ੍ਰਿਤਕ ਅਜੀਤਪਾਲ ਸਿੰਘ ਆਪਣੇ ਦੋਸਤ ਅੰਮ੍ਰਿਤਪਾਲ ਦੇ ਨਾਲ ਗੱਡੀ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਨੂੰ ਜਾ ਰਹੇ ਸਨ, ਉਸ ਦੌਰਾਨ ਪਿੱਛੋਂ ਆਏ ਕਾਰ ਸਵਾਰ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ।
ਅਕਾਲੀ ਆਗੂ ਅਜੀਤਪਾਲ ਸਿੰਘ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ, ਦੋਸਤ ਨੇ ਕਮਾਇਆ ਧ੍ਰੋਹ
ਬਟਾਲਾ ਦੇ ਅਕਾਲੀ ਦਲ ਆਗੂ ਅਜੀਤਪਾਲ ਸਿੰਘ ਦੇ ਬੀਤੀ ਦੇਰ ਰਾਤ ਗੋਲ਼ੀਆਂ ਮਾਰ ਕੀਤੇ ਕਤਲ ਦੇ ਮਾਮਲੇ ’ਚ ਜਿਥੇ ਸਵੇਰ ਤੋਂ ਹੀ ਅਣਪਛਾਤੇ ਵੱਲੋਂ ਫਾਇਰਿੰਗ ਕਰਨ ਦੀ ਗੱਲ ਆਖੀ ਜਾ ਰਹੀ ਸੀ, ਹੁਣ ਉਸ ’ਚ ਇਕ ਵੱਡਾ ਮੋੜ ਸਾਹਮਣੇ ਆਇਆ ਹੈ। ਬਟਾਲਾ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਖ਼ੁਲਾਸਾ ਕੀਤਾ ਕਿ ਅਜੀਤਪਾਲ ਸਿੰਘ ਦਾ ਕਤਲ ਉਸ ਦੇ ਸਾਥੀ ਦੋਸਤ ਅੰਮ੍ਰਿਤਪਾਲ ਸਿੰਘ, ਜੋ ਬੀਤੀ ਰਾਤ ਅਜੀਤਪਾਲ ਦੇ ਨਾਲ ਮੌਜੂਦ ਸੀ, ਨੇ ਹੀ ਕੀਤਾ ਹੈ।
ਸਿੱਧੂ ਦੇ ਕਤਲ ਨੂੰ ਪੂਰੇ ਹੋਏ 6 ਮਹੀਨੇ ਤਾਂ ਭੈਣ ਅਫਸਾਨਾ ਖ਼ਾਨ ਹੋ ਗਈ ਭਾਵੁਕ, ਪੜ੍ਹੋ ਕੀ ਲਿਖਿਆ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਅੱਜ ਪੂਰੇ 6 ਮਹੀਨੇ ਹੋ ਗਏ ਹਨ। ਸਿੱਧੂ ਦਾ 29 ਮਈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਮਗਰੋਂ ਉਸ ਦੇ ਚਾਹੁਣ ਵਾਲੇ ਬੇਹੱਦ ਦੁਖੀ ਹਨ। ਇਸ ਦੇ ਨਾਲ ਹੀ ਪੰਜਾਬੀ ਸੰਗੀਤ ਇੰਡਸਟਰੀ ਨੂੰ ਵੀ ਸਿੱਧੂ ਦੇ ਕਤਲ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਿੱਧੂ ਮੂਸੇ ਵਾਲਾ ਦੇ ਪੰਜਾਬੀ ਇੰਡਸਟਰੀ ’ਚ ਕਈ ਦੋਸਤ ਸਨ। ਉਥੇ ਗਾਇਕਾ ਅਫਸਾਨਾ ਖ਼ਾਨ ਦਾ ਸਿੱਧੂ ਨਾਲ ਭੈਣ-ਭਰਾ ਦਾ ਰਿਸ਼ਤਾ ਸੀ।
ਜਲੰਧਰ ’ਚ ਹੋਏ ਬਾਊਂਸਰ ਸੋਨੂੰ ਰੁੜਕੀ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੀ ਵੱਡੀ ਧਮਕੀ
ਸੋਮਵਾਰ ਨੂੰ ਜਲੰਧਰ ਵਿਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਬਾਊਂਸਰ ਸੋਨੂੰ ਰੁੜਕੀ ਦੀ ਹੱਤਿਆ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਪੋਸਟ ਪਾ ਕੇ ਜਲਦੀ ਹੀ ਬਦਲਾ ਲੈਣ ਦੀ ਗੱਲ ਆਖੀ ਹੈ। ਲਾਰੈਂਸ ਬਿਸ਼ਨੋਈ ਨਾਂ ਦੀ ਫੇਸਬੁੱਕ ਆਈ. ਡੀ. ਮ੍ਰਿਤਕ ਬਾਊਂਸਰ ਸੋਨੂੰ ਦੀ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿਚ ਸੋਨੂੰ ਨਾਲ ਲਾਰੈਂਸ ਬਿਸ਼ਨੋਈ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਪੋਸਟ ’ਤੇ ਲਿਖਿਆ ਗਿਆ ਹੈ ਕਿ ਆਰ. ਆਈ. ਪੀ. ਸੋਨੂੰ ਰੁੜਕੀ, ਬਹੁਤ ਜਲਦੀ ਭਰਾ ਦੀ ਮੌਤ ਦਾ ਬਦਲਾ ਲਿਆ ਜਾਵੇਗਾ।
ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਤੋਂ ਵਿਜੀਲੈਂਸ ਨੇ ਢਾਈ ਘੰਟੇ ਕੀਤੀ ਪੁੱਛਗਿੱਛ, ਮੀਡੀਆ ਸਾਹਮਣੇ ਆਖੀ ਇਹ ਗੱਲ
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਮੰਗਲਵਾਰ ਨੂੰ ਵਿਜੀਲੈਂਸ ਦੇ ਦਫ਼ਤਰ ਵਿਖੇ ਪੇਸ਼ ਹੋਏ। ਉਨ੍ਹਾਂ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਵਿਜੀਲੈਂਸ ਦਫ਼ਤਰ 'ਚ ਕਰੀਬ ਢਾਈ ਘੰਟੇ ਪੁੱਛ-ਗਿੱਛ ਕੀਤੀ ਗਈ। ਇਹ ਜਾਂਚ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਕੀਤੀ ਗਈ ਹੈ। ਪੁਲਸ ਅਧਿਕਾਰੀਆਂ ਤੋਂ ਪੁੱਛਗਿੱਛ ਮਗਰੋਂ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਦਫ਼ਤਰ ਤੋਂ ਬਾਹਰ ਆ ਗਏ ਅਤੇ ਕਿਹਾ ਕਿ ਉਹ ਜਾਂਚ 'ਚ ਵਿਜੀਲੈਂਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ।
ਸਿਆਸਤ 'ਚ ਆਹਮੋ-ਸਾਹਮਣੇ ਰਵਿੰਦਰ ਜਡੇਜਾ ਦਾ ਪਰਿਵਾਰ, ਪਤਨੀ BJP ਉਮੀਦਵਾਰ ਤੇ ਪਿਤਾ ਕਾਂਗਰਸ ਦੇ ਹੱਕ 'ਚ
ਗੁਜਰਾਤ ਦੀ ਜਾਮਨਗਰ ਉੱਤਰੀ ਸੀਟ ਤੋਂ ਕਾਂਗਰਸ ਉਮੀਦਵਾਰ ਲਈ ਵੋਟ ਦੀ ਅਪੀਲ ਦੀ ਵੀਡੀਓ ਕਲਿੱਪ ਵਾਇਰਲ ਹੋਈ ਹੈ। ਇਹ ਅਪੀਲ ਕ੍ਰਿਕਟਰ ਰਵਿੰਦਰ ਸਿੰਘ ਜਡੇਜਾ ਦੇ ਪਿਤਾ ਅਨਿਰੁਧ ਸਿੰਘ ਜਡੇਜਾ ਕਰ ਰਹੇ ਹਨ। ਇਹ ਅਪੀਲ ਸਾਰਿਆਂ ਲਈ ਹੈਰਾਨੀ ਕਰਨ ਵਾਲੀ ਹੈ, ਕਿਉਂਕਿ ਕ੍ਰਿਕਟਰ ਦੀ ਪਤਨੀ ਰਿਵਾਬਾ ਜਡੇਜਾ ਉਸੇ ਸੀਟ ਤੋਂ ਭਾਜਪਾ ਦੀ ਉਮੀਦਵਾਰ ਹੈ।
ਨਵਜੋਤ ਸਿੱਧੂ ਜੇਲ੍ਹ 'ਚੋਂ ਜਲਦ ਹੋ ਸਕਦੇ ਨੇ ਰਿਹਾਅ! ਮੀਡੀਆ ਸਲਾਹਕਾਰ ਡੱਲਾ ਨੇ ਕੀਤਾ ਟਵੀਟ
ਰੋਡ ਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ 'ਚੋਂ ਰਿਹਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਗੇ ਆਚਰਣ ਦੇ ਮੱਦੇਨਜ਼ਰ ਨਵਜੋਤ ਸਿੱਧੂ 26 ਜਨਵਰੀ ਮਤਲਬ ਕਿ ਗਣਤੰਤਰ ਦਿਹਾੜੇ 'ਤੇ ਜੇਲ੍ਹ 'ਚੋਂ ਬਾਹਰ ਆ ਸਕਦੇ ਹਨ।
ਜਲੰਧਰ : ਚਾਈਂ-ਚਾਈਂ ਕਰਵਾਈ ਲਵ ਮੈਰਿਜ ਦਾ ਖ਼ੌਫਨਾਕ ਅੰਤ, ਪਤੀ-ਪਤਨੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਜਲੰਧਰ ਦੇ ਮਕਸੂਦਾਂ 'ਚ ਸ਼ੱਕੀ ਹਾਲਾਤ 'ਚ ਪਤੀ-ਪਤਨੀ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਛਾਣ ਪੂਜਾ ਅਤੇ ਹਰਿੰਦਰ ਵਾਸੀ ਹਰਗੋਬਿੰਦ ਨਗਰ, ਮਕਸੂਦਾਂ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਮਕਸੂਦਾਂ ਨੇ ਦੱਸਿਆ ਕਿ ਮ੍ਰਿਤਕ ਪਤੀ-ਪਤਨੀ ਦੇ ਕਿਸੇ ਰਿਸ਼ਤੇਦਾਰ ਨੇ ਕਮਰੇ ਦੇ ਰੋਸ਼ਨਦਾਨ ਦੀ ਜਾਲੀ ਤੋੜ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਜਦੋਂ ਅੰਦਰ ਦੇਖਿਆ ਤਾਂ ਦੋਵਾਂ ਨੇ ਖ਼ੁਦਕੁਸ਼ੀ ਕਰ ਲਈ ਸੀ ਤੇ ਹਰਿੰਦਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਪੂਜਾ ਦੀ ਲਾਸ਼ ਬੈੱਡ 'ਤੇ ਪਈ ਹੋਈ ਸੀ।
ਅਹਿਮ ਖ਼ਬਰ : ਗੰਨ ਕਲਚਰ ਬਾਰੇ ਜਾਰੀ ਹੋਏ ਨਵੇਂ ਨਿਰਦੇਸ਼, ਗਾਇਕਾਂ 'ਤੇ ਕਾਰਵਾਈ ਬਾਰੇ ਵੀ ਕੀਤਾ ਗਿਆ ਸਪੱਸ਼ਟ
NEXT STORY